ਦਲ ਖਾਲਸਾ ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ’ਚ ਖਿੱਚ-ਧੂਹ

ਅੰਮ੍ਰਿਤਸਰ- ਸਿੱਖ ਜਥੇਬੰਦੀ ‘ਦਲ ਖਾਲਸਾ’ ਨੇ ਨਵੇਂ ਵਰ੍ਹੇ ਦਾ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਹੈ ਜਿਸ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਸਵੀਰ ਵੀ ਸ਼ਾਮਲ ਹੈ। ਇਹ ਨਾਨਕਸ਼ਾਹੀ ਕੈਲੰਡਰ ਗੁਰਦੁਆਰਾ ਕਰਤਾਰਪੁਰ ਲਾਂਘੇ ਨੂੰ ਸਮਰਪਿਤ ਕੀਤਾ ਗਿਆ ਹੈ। ਅੱਜ ਇਹ ਕੈਲੰਡਰ ਜਾਰੀ ਕਰਨ ਮੌਕੇ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਅਤੇ ਦਲ ਖਾਲਸਾ ਕਾਰਕੁਨਾਂ ਵਿਚਾਲੇ ਧੱਕਾ-ਮੁੱਕੀ ਵੀ ਹੋਈ ਹੈ। ਇਸ ਮੌਕੇ ਕੈਲੰਡਰ ਪਾੜੇ ਜਾਣ ਕਾਰਨ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਇਹ ਕੈਲੰਡਰ ਜਾਰੀ ਕਰਨ ਲਈ ਦਲ ਖਾਲਸਾ ਦੇ ਨੁਮਾਇੰਦੇ ਸ੍ਰੀ ਅਕਾਲ ਤਖ਼ਤ ਵਿਖੇ ਪੁੱਜੇ ਸਨ ਜਿੱਥੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਅਰਦਾਸ ਕੀਤੀ। ਜਦੋਂ ਕੈਲੰਡਰ ਰਿਲੀਜ਼ ਕੀਤਾ ਜਾਣ ਲੱਗਿਆ ਤਾਂ ਉੱਥੇ ਹਾਜ਼ਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਇਹ ਕੈਲੰਡਰ ਰਿਲੀਜ਼ ਕਰਨ ਤੋਂ ਰੋਕ ਦਿੱਤਾ। ਉਨ੍ਹਾਂ ਆਖਿਆ ਕਿ ਇਸ ਕੈਲੰਡਰ ਨੂੰ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਜਾਰੀ ਕੀਤਾ ਜਾਵੇ ਜਿਸ ਕਾਰਨ ਸਿੱਖ ਆਗੂ ਸਕੱਤਰੇਤ ਵਿਖੇ ਪੁੱਜ ਗਏ ਪਰ ਉੱਥੇ ਵੀ ਟਾਸਕ ਫੋਰਸ ਦੇ ਕਰਮਚਾਰੀ ਤਾਇਨਾਤ ਸਨ, ਜਿਨ੍ਹਾਂ ਨੇ ਕੈਲੰਡਰ ਰਿਲੀਜ਼ ਕਰਨ ਤੋਂ ਰੋਕ ਦਿੱਤਾ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸ ਅਤੇ ਧੱਕਾ-ਮੁੱਕੀ ਵੀ ਹੋਈ। ਇਸ ਕਾਰਵਾਈ ਦੌਰਾਨ ਜਦੋਂ ਸਿੱਖ ਆਗੂਆਂ ਨੇ ਕੈਲੰਡਰ ਰਿਲੀਜ਼ ਕਰਨ ਲਈ ਖੋਲ੍ਹਿਆ ਤਾਂ ਉੱਥੇ ਤਾਇਨਾਤ ਸ਼੍ਰੋਮਣੀ ਕਮੇਟੀ ਕਰਮਚਾਰੀ ਨੇ ਕੈਲੰਡਰ ਨੂੰ ਖੋਹਣ ਦਾ ਯਤਨ ਕੀਤਾ ਜਿਸ ਕਾਰਨ ਕੈਲੰਡਰ ਪਾੜਿਆ ਗਿਆ। ਸਿੱਖ ਆਗੂਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਅਤੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਵੀ ਲਾਏ ਗਏ। ਮਗਰੋਂ ਸਕੱਤਰੇਤ ਦੇ ਇੰਚਾਰਜ ਦੇ ਦਖ਼ਲ ’ਤੇ ਮਾਮਲਾ ਠੰਢਾ ਹੋਇਆ ਅਤੇ ਕੈਲੰਡਰ ਰਿਲੀਜ਼ ਕੀਤਾ ਗਿਆ। ਸਿੱਖ ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਟਾਸਕ ਫੋਰਸ ਦੇ ਕਰਮਚਾਰੀ ਨੇ ਕੀਤੀ ਵਧੀਕੀ ਦੀ ਮੁਆਫ਼ੀ ਮੰਗੀ ਹੈ, ਜਿਸ ਮਗਰੋਂ ਮਾਮਲਾ ਸ਼ਾਂਤ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਸੰਮਤ 552 ਦਾ ਕੈਲੰਡਰ ਜਾਰੀ ਕੀਤਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਨਾਨਕਸ਼ਾਹੀ ਕੈਲੰਡਰ ਦੇ ਚਲ ਰਹੇ ਵਿਵਾਦ ਨੂੰ ਹੱਲ ਕੀਤਾ ਜਾਵੇ।
ਜਥੇਬੰਦੀ ਦੇ ਮੁਖੀ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਮੂਲ ਨਾਨਕਸ਼ਾਹੀ ਕੈਲੰਡਰ ਜੋ 2003 ਵਿੱਚ ਸਰਬਸੰਮਤੀ ਨਾਲ ਜਾਰੀ ਕੀਤਾ ਗਿਆ ਸੀ, ਨੂੰ ਮੁੜ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਸ ਵੇਲੇ ਸ੍ਰੀ ਅਕਾਲ ਤਖਤ ਤੋਂ ਪੰਜ ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵੱਲੋਂ ਇਸ ਕੈਲੰਡਰ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਸਾਬਕਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਵੀ ਇਸ ਕੈਲੰਡਰ ਨੂੰ ਮੁੜ ਬਹਾਲ ਕਰਨ ਦੀ ਅਪੀਲ ਕੀਤੀ ਹੈ।
ਇਸ ਮੌਕੇ ਕੈਲੰਡਰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਸੰਗਤ ਨੂੰ ਵੰਡਿਆ ਗਿਆ ਹੈ। ਦਲ ਖਾਲਸਾ ਵਲੋਂ ਇਹ ਕੈਲੰਡਰ ਵਿਸਾਖੀ ਮੌਕੇ ਪਾਕਿਸਤਾਨ ਵਿੱਚ ਵੀ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਗੁਰਦੁਆਰਾ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਨੂੰ ਸਮਰਪਿਤ ਇਸ ਕੈਲੰਡਰ ਵਿੱਚ ਗੁਰਦੁਆਰਾ ਕਰਤਾਰਪੁਰ ਦੀ ਤਸਵੀਰ ਗੈਰ ਹਾਜ਼ਰ ਹੈ ਪਰ ਉੱਥੇ ਸਥਾਪਤ ਕੀਤੀ ਸ੍ਰੀ ਸਾਹਿਬ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਸਵੀਰ ਸ਼ਾਮਲ ਕੀਤੀ ਗਈ ਹੈ। ਕੈਲੰਡਰ ਦੇ ਹੇਠਾਂ ‘ਅਰਦਾਸ ਤੋਂ ਜੱਫੀ ਤੋਂ ਹਕੀਕਤ ਤਕ’ ਸਿਰਲੇਖ ਹੇਠ ਲਾਂਘਾ ਖੁੱਲ੍ਹਣ ਦੀ ਜਾਣਕਾਰੀ ਦਿੱਤੀ ਗਈ ਹੈ। ਸਿੱਖ ਆਗੂਆਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਭਰਵੀਂ ਸ਼ਲਾਘਾ ਕੀਤੀ ਹੈ ਪਰ ਭਾਰਤ ਸਰਕਾਰ ਦੇ ਇਸ ਸਬੰਧੀ ਯਤਨਾਂ ਨੂੰ ਅਣਡਿੱਠਾ ਕੀਤਾ ਹੈ। ਉਨ੍ਹਾਂ ਆਖਿਆ ਕਿ ਇਮਰਾਨ ਖਾਨ ਨੇ ਇਸ ਮਾਮਲੇ ਵਿਚ ਪਹਿਲਕਦਮੀ ਕੀਤੀ ਸੀ, ਇਸ ਲਈ ਲਾਂਘਾ ਖੁੱਲ੍ਹਣ ਦਾ ਸਿਹਰਾ ਉਸ ਦੇ ਗਲ ਪਾਇਆ ਹੈ।
ਇਸ ਮੌਕੇ ਦਲ ਖਾਲਸਾ ਦੇ ਸਕੱਤਰ ਜਸਵੀਰ ਸਿੰਘ ਖਡੂਰ, ਬਾਬਾ ਹਰਦੀਪ ਸਿੰਘ, ਅਮਰੀਕ ਸਿੰਘ ਈਸੜੂ, ਰਣਬੀਰ ਸਿੰਘ, ਗੁਰਬਿੰਦਰ ਸਿੰਘ, ਕੁਲਵੰਤ ਸਿੰਘ ਫੇਰੂਮਾਨ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ, ਬਲਦੇਵ ਸਿੰਘ ਗ੍ਰੰਥਗੜ੍ਹ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਰਜਧਾਨ ਤੇ ਹੋਰ ਹਾਜ਼ਰ ਸਨ।

Previous articleਪਾਕਿਸਤਾਨ ਦੇ ਕਾਮੇਡੀ ਕਿੰਗ ਅਮਾਨਉੱਲ੍ਹਾ ਖ਼ਾਨ ਦਾ ਦੇਹਾਂਤ
Next articleRahul raises coronavirus issue in Lok Sabha