ਪੰਜਾਬ ਸਰਕਾਰ ਵੱਲੋਂ ਮੁਹਾਲੀ ਵਿੱਚ ਦਰੱਖਤਾਂ ਦੀ ਛੰਗਾਈ ਲਈ ਚੰਡੀਗੜ੍ਹ ਅਤੇ ਦਿੱਲੀ ਦੀ ਤਰਜ਼ ’ਤੇ ਦੋ ਆਧੁਨਿਕ ਟਰੀ ਪਰੂਨਿੰਗ ਮਸ਼ੀਨਾਂ ਖਰੀਦੀਆਂ ਜਾਣਗੀਆਂ। ਇਹ ਜਾਣਕਾਰੀ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਘਰਾਂ ਦੇ ਮੂਹਰੇ ਕਾਫੀ ਪੁਰਾਣੇ ਦਰਖ਼ਤ ਖੜ੍ਹੇ ਹਨ ਅਤੇ ਹਨੇਰੀ ਦੌਰਾਨ ਲੋਕਾਂ ਦੇ ਸਾਹ ਸੂਤੇ ਜਾਂਦੇ ਹਨ। ਇਸ ਮੌਕੇ ਮੰਤਰੀ ਨੇ ਮੁਹਾਲੀ ਨਿਗਮ ਦੀ ਸੰਯੁਕਤ ਕਮਿਸ਼ਨਰ ਡਾ. ਕਨੂ ਥਿੰਦ ਨੂੰ ਮਸ਼ੀਨਾਂ ਦੀ ਖਰੀਦ ਲਈ ਆਪਣੇ ਅਖ਼ਤਿਆਰੀ ਫੰਡ ’ਚੋਂ 36 ਲੱਖ ਰੁਪਏ ਦਾ ਚੈੱਕ ਸੌਂਪਿਆ। ਸ੍ਰੀ ਸਿੱਧੂ ਨੇ ਦੱਸਿਆ ਕਿ ਇੱਕ ਮਸ਼ੀਨ ’ਤੇ 16 ਲੱਖ 50 ਹਜ਼ਾਰ ਰੁਪਏ ਖਰਚ ਆਵੇਗਾ ਅਤੇ 3 ਲੱਖ ਰੁਪਏ ਦੋਵਾਂ ਮਸ਼ੀਨਾਂ ਦੀ ਸਾਂਭ-ਸੰਭਾਲ ਲਈ ਐਡਵਾਂਸ ਦਿੱਤੇ ਗਏ ਹਨ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ 15 ਦਿਨਾਂ ਦੇ ਅੰਦਰ ਦੋਵੇਂ ਮਸ਼ੀਨਾਂ ਖਰੀਦ ਕੇ ਸ਼ਹਿਰ ਵਿੱਚ ਪੁਰਾਣੇ ਦਰਖਤਾਂ ਦੀ ਛੰਗਾਈ ਦਾ ਕੰਮ ਸ਼ੁਰੂ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਹ ਆਧੁਨਿਕ ਮਸ਼ੀਨਾਂ 32 ਫੁੱਟ ਉੱਚਾਈ ਤੱਕ ਦਰੱਖਤਾਂ ਦੀ ਪਰੂਨਿੰਗ ਕਰਨ ਦੇ ਸਮਰੱਥ ਹਨ। ਪੱਤਰਕਾਰਾਂ ਵੱਲੋਂ ਮੁਹਾਲੀ ਨਿਗਮ ਵੱਲੋਂ 1 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਖਰੀਦੀ ਜਾਣ ਵਾਲੀ ਚਰਚਿਤ ਵਿਦੇਸ਼ੀ ਟਰੀ ਪਰੂਨਿੰਗ ਮਸ਼ੀਨ ਬਾਰੇ ਪੁੱਛੇ ਜਾਣ ’ਤੇ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਮੁਕੰਮਲ ਜਾਂਚ ਕਰਵਾਈ ਜਾਵੇਗੀ। ਸ੍ਰੀ ਸਿੱਧੂ ਨੇ ਦੱਸਿਆ ਕਿ ਹੁਣ ਇੱਕ ਦੀ ਬਜਾਏ 2 ਮਸ਼ੀਨਾਂ ਖਰੀਦੀਆਂ ਜਾ ਰਹੀਆਂ ਹਨ ਅਤੇ ਇਸ ਨਾਲ ਡੇਢ ਕਰੋੜ ਰੁਪਏ ਦੀ ਬਚਤ ਹੋਵੇਗੀ। ਮੰਤਰੀ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਇਹ ਮਸ਼ੀਨਾਂ ਰਾਸ਼ਟਰਪਤੀ ਭਵਨ ਅਤੇ ਗਵਰਨਰ ਹਾਊਸ ਵਿੱਚ ਵੀ ਵਰਤੀਆਂ ਜਾ ਰਹੀਆਂ ਹਨ। ਮੰਤਰੀ ਨੇ ਮੁਹਾਲੀ ਨਿਗਮ ਦੇ ਅਧਿਕਾਰੀਆਂ ਨੂੰ ਆਖਿਆ ਕਿ ਬਿਨਾਂ ਕਿਸੇ ਵਿਤਕਰੇ ਤੋਂ ਵਿਕਾਸ ਨੂੰ ਤਰਜੀਹ ਦਿੱਤੀ ਜਾਵੇ। ਇਸ ਮੌਕੇ ਕੈਬਨਿਟ ਮੰਤਰੀ ਦੇ ਰਾਜਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਸਹਾਇਕ ਕਮਿਸ਼ਨਰ ਸਰਬਜੀਤ ਸਿੰਘ, ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਕੌਂਸਲਰ ਕੁਲਜੀਤ ਸਿੰਘ ਬੇਦੀ, ਅਮਰੀਕ ਸਿੰਘ ਸੋਮਲ, ਰਾਜ ਰਾਣੀ, ਸੁਮਨ ਗਰਗ, ਤਰਨਜੀਤ ਕੌਰ ਗਿੱਲ, ਬੀਬੀ ਮੈਣੀ, ਜਸਵੀਰ ਸਿੰਘ ਮਣਕੂ, ਸੁਰਿੰਦਰ ਰਾਜਪੂਤ, ਯੂਥ ਆਗੂ ਨਰਪਿੰਦਰ ਸਿੰਘ ਰੰਗੀ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਇੰਦਰਜੀਤ ਖੋਖਰ ਮੌਜੂਦ ਸਨ।
INDIA ਦਰੱਖਤਾਂ ਦੀ ਛੰਗਾਈ ਲਈ ਦੋ ਮਸ਼ੀਨਾਂ ਖਰੀਦਣ ਨੂੰ ਹਰੀ ਝੰਡੀ