ਦਰਾਵੜੀ ਕਥਾ

(ਸਮਾਜ ਵੀਕਲੀ)

ਅਸੀਂ ਸਾਇਰ, ਛੇੜੂ, ਆਜੜੀ
ਅਸੀਂ ਨੀਚ, ਹਮਾਤੜ, ਹੇਠ
ਅਸੀਂ ਖ਼ਾਲੀ ਖੀਸੇ ਵਾਲੜੇ
ਅਸੀਂ ਜੱਗੋਂ ਬਾਹਰੇ ਸੇਠ
ਸਾਨੂੰ ਵੱਢਣ, ਟੁੱਕਣ ਧਾੜਵੀ
ਸਾਨੂੰ ਮਾਰਨ, ਮਿੱਧਣ ਕਾਲ
ਸਾਡੇ ਹੱਡੀਂ ਸੱਚ ਏ ਰਚਿਆ
ਸਾਡੇ ਹੱਥਾਂ ਵਿਚ ਕਮਾਲ

ਅਸੀਂ ਕਾਲੇ, ਕੋਝੇ ਰਾਖਸ਼ਸ
ਸਾਡੀ ਨਾਗਾਂ ਨਾਲ ਸੁਲਾਹ
ਅਸੀਂ ਰੱਦੇ ਹੋਏ ਲੋਕ ਹਾਂ
ਸਾਡੀ ਅੱਡਰੀ ਫਿਰੇ ਸਵਾਹ
ਸਾਨੂੰ ਨਿੰਦੇ, ਭੰਡੇ ਵੇਲੜਾ
ਅਸੀਂ ਧੁਰੋਂ ਲਿਖਾਈ ਹਾਰ
ਅਸੀਂ ਨਿਹੱਥੇ ਵਿਚ ਮੈਦਾਨ ਦੇ
ਅਸੀਂ ਲੜਨ ਦੇ ਲਈ ਤਿਆਰ

ਅਸੀਂ ਗਗੜੇ, ਚੂਹੜੇ, ਜੋਤਸ਼ੀ
ਸਾਡੀ ਘੁੱਟੀ ਵਿਚ ਗਿਆਨ
ਸਾਡੀ ਨਾਲ ਹਨੇਰੇ ਵੈਰਤਾ
ਸਾਡੀ ਮੁੱਠੀ ਵਿਚ ਤੂਫ਼ਾਨ
ਸਾਡੀ ਕੰਡ ਤੇ ਪੰਜੇ ਪੀਰ ਨੇ
ਸਾਡੇ ਪੈਰਾਂ ਹੇਠ ਭੂਚਾਲ
ਸਾਡੀ ਅੱਖ ਗੁਣਾਂ ਦੀ ਪੋਟਲੀ
ਸਾਡੇ ਲੂੰ ਲੂੰ ਵਿਚ ਧਮਾਲ

ਅਸੀਂ ਨੀਵੇਂ ਜੇਹੇ ਲੋਕ ਹਾਂ
ਸਾਡੇ ਅਜ਼ਲੋਂ ਉੱਚੇ ਬਖ਼ਤ
ਸਾਡੇ ਪੈਰਾਂ ਹੇਠਾਂ ਵਿਲਕਦੇ
ਕਈ ਸ਼ਾਹੀਆਂ ਤੇ ਕਈ ਤਖ਼ਤ
ਸਾਨੂੰ ਵੇਲੇ ਆਣ ਲਿਤਾੜਿਆ
ਸਾਡੇ ਲੂੰ ਲੂੰ ਲੱਗੇ ਪੱਛ
ਅਸੀਂ ਉਲਟੇ ਪੈਰੀਂ ਚੱਲ ਕੇ
ਤੇ ਪੈਂਡੇ ਲਈਏ ਕੱਛ

ਸਾਨੂੰ ਰੋਵੇ ਰੋਜ਼ ਈ ਹਾਕੜਾ
ਸਾਡੀ ਸਿੰਧ ਮੰਗੇ ਖ਼ੈਰ
ਅਸੀਂ ਅਜ਼ਲੋਂ ਪੱਖੀਵਾਸ ਹਾਂ
ਸਾਡੀ ਬੁੱਕਲ ਦੇ ਵਿਚ ਸ਼ਹਿਰ
ਸਾਨੂੰ ਬਾਹਵਾਂ ਅੱਡ ਬਲਾਂਵਦੀ
ਸਾਡੀ ਸੁੱਖੀ ਸਾਵੀ ਜੂਹ
ਅਸੀਂ ਆਪ ਝਲਾਰਾਂ ਖੱਟੀਆਂ
ਅਸੀਂ ਆਪੇ ਖੱਟੇ ਖੂਹ

ਅਸੀਂ ਇਸ਼ਕੇ ਨੂੰ ਰੱਬ ਮੰਨਿਆ
ਸਾਡੇ ਅੰਦਰੋਂ ਉੱਠੀ ਹੂਕ
ਅਸੀਂ ਅੱਡੀ ਮਾਰੀ ਧਰਤ ਤੇ
ਅਸੀਂ ਵੰਝਲੀ ਚ ਮਾਰੀ ਫੂਕ
ਸਾਡੇ ਸੀਨੇ ਫੱਟ ਡੂੰਘੇਰੜੇ
ਸਾਡੇ ਫੱਟਾਂ ਉੱਤੇ ਲੂਣ
ਤੇਰੇ ਮੱਥੇ ਤਿਲਕ ਜੋ ਹਾਕਮਾ
ਸਾਡੇ ਸੱਜੇ ਪੈਰ ਦਾ ਖ਼ੂਨ

— ਏਜਾਜ਼
ਲਿਪੀਅੰਤਰ : ਜਸਪਾਲ ਘਈ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਨਵਤਾ ਕਲਾ ਮੰਚ ਨਗਰ ਪਲਸ ਮੰਚ ਵਲੋਂ ਮਨਾਇਆ ਗਿਆ
Next articleਸਬਰ ਦਾ ਫ਼ਲ