ਦਰਦ ਕਿਸਾਨਾਂ ਦਾ

ਗੁਲਾਫਸਾ ਬੇਗਮ

(ਸਮਾਜ ਵੀਕਲੀ)

ਸੁਣਦਾ ਕਿਉਂ ਨੀ ਹਾਕਮਾਂ
ਵੇ ਤੂੰ ਦਰਦ ਕਿਸਾਨਾਂ ਦਾ?
ਗਲ਼ਾ ਘੁੱਟਦਾ ਜਾਂਦਾ ਨਿੱਤ
ਸਾਡੇ ਅਰਮਾਨਾਂ ਦਾ,
ਰਵੱਈਆ ਕਿਉਂ ਅਪਣਾ ਲਿਆ
ਤੂੰ ਅਫ਼ਗਾਨਾਂ ਦਾ?
ਕਿਉਂ ਆਉਂਦਾ ਨਹੀਂ ਤਰਸ
ਤੈਨੂੰ ਬਲ਼ਦੇ ਸ਼ਮਸ਼ਾਨਾਂ ਦਾ?
ਸੁਣਦਾ ਕਿਉਂ ਨਹੀਂ ਹਾਕਮਾਂ
ਵੇ ਤੂੰ ਦਰਦ ਕਿਸਾਨਾਂ ਦਾ?
ਤਨ ਸਾਡੇ ਨੂੰ ਪਿੰਜਿਆ
ਇੱਥੇ ਵੱਡੇ ਹਾਕਮਾਂ ਨੇ,
ਹੱਕ ਮਾਰ ਕੇ  ਦਿੱਤੀਆਂ
ਕਈ ਵੱਡੀਆਂ ਦਾਅਵਤਾਂ ਨੇ,
ਏਹੋ ਜੇ ਲੋਕਤੰਤਰ ਉੱਤੇ
ਲੱਖ ਲਾਹਨਤਾਂ ਨੇ,
ਸੰਸਦ ਵੀ ਤਾਂ ਜਾਪੇ ਟੋਲਾ
ਬੇ-ਇਮਾਨਾਂ ਦਾ,
ਸੁਣਦਾ ਕਿਉਂ ਨਹੀਂ ਹਾਕਮਾਂ
ਵੇ ਤੂੰ ਦਰਦ ਕਿਸਾਨਾਂ ਦਾ?
ਰੱਤ ਆਪਣੀ ਨੂੰ ਨਿੱਤ ਨਲ਼
ਦੇ ਵਾਂਗ ਗੇੜਦੇ ਹਾਂ,
ਲੱਖ ਪੈਵਣ ਸੋਕੇ ਨਾ ਕਦੇ
ਬੂਹੇ ਭੇੜਦੇ ਹਾਂ,
ਦਾਣੇ ਅੰਨ ਦੇ ਘਰ-ਘਰ
ਘਰ-ਘਰ ਵਿੱਚ ਕੇਰਦੇ ਹਾਂ,
ਫ਼ਿਕਰ ਵੱਢ-ਵੱਢ ਖਾਂਦਾ
ਸਾਨੂੰ ਫਸਲ-ਰਕਾਨਾਂ ਦਾ,
ਸੁਣਦਾ ਕਿਉਂ ਨੀ ਹਾਕਮਾਂ
ਵੇ ਤੂੰ ਦਰਦ ਕਿਸਾਨਾਂ ਦਾ?
ਤੇਰਾਂ-ਤੇਰਾਂ ਵਾਲੀ ਸਾਨੂੰ
ਤੱਕੜੀ ਚੇਤੇ ਹੈ,
ਮੀਆਂ-ਮੀਰ ਨਾਲ ਸਾਂਝ
ਵਾਲੀ ਗਲਵੱਕੜੀ ਚੇਤੇ ਹੈ,
ਦਰੋਪਦੀ,ਸ਼੍ਰੀ ਕ੍ਰਿਸ਼ਨ ਵਾਲੀ
ਰੱਖੜੀ ਚੇਤੇ ਹੈ,
ਬੁਰਾ ਹੁੰਦਾ ਅੰਤ ਸਦਾ
ਹੰਕਾਰ ਗੁਮਾਨਾਂ ਦਾ,
ਸੁਣਦਾ ਕਿਉਂ ਨਹੀਂ ਹਾਕਮਾਂ
ਵੇ ਤੂੰ ਦਰਦ ਕਿਸਾਨਾਂ ਦਾ?
ਵੰਗਾਰ ਨਹੀਂ ਕੋਈ ਏ ਤਾਂ
ਮਹਿਜ਼ ਅਰਜ਼ੋਈ ਏ,
ਇੱਜ਼ਤਾਂ ਨੂੰ ਤਾਂ ਕੱਜਦੀ
ਕੇਸਾਂ ਦੀ ਲੋਈ ਏ,
ਦਰਦ ਜਾਣੇ ਜੋ ਜਨਤਾ
ਦਾ ਸੱਚ-ਸ਼ਾਸ਼ਕ ਸੋਈ ਏ,
‘ਗੁਲਾਫਸਾ’ ਆਖੇ ਝਗੜਾ ਨਹੀਂ
ਇਹ ਤਰਕਸ਼-ਮਿਆਨਾਂ ਦਾ,
ਸੁਣਦਾ ਕਿਉਂ ਨਹੀਂ ਹਾਕਮਾਂ
ਵੇ ਤੂੰ ਦਰਦ ਕਿਸਾਨਾਂ ਦਾ?
ਗੁਲਾਫਸਾ ਬੇਗਮ
ਸੁਨਾਮ (ਸੰਗਰੂਰ )
Previous articleਉੱਚ ਅਦਾਲਤ ਨੂੰ ਪ੍ਰਨਾਮ
Next articleਹਰਿਆਣੇ ਦੀਆਂ ਤਸਵੀਰਾਂ