ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤਿੰਨ ਰਾਜਾਂ ਤੋਂ ਭਾਜਪਾ ਦੀ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਆਪਣੀਆਂ ਤਕਰੀਰਾਂ ਨੂੰ ਕੌਮੀ ਸੁਰੱਖਿਆ, ਦਹਿਸ਼ਤਵਾਦ ਤੇ ਸਰਕਾਰ ਵੱਲੋਂ ਜ਼ਮੀਨ, ਆਕਾਸ਼ ਤੇ ਪੁਲਾੜ ਵਿੱਚ ਸਰਜੀਕਲ ਹਮਲੇ ਕਰਨ ਲਈ ਵਿਖਾਈ ਹਿੰਮਤ ’ਤੇ ਕੇਂਦਰਤ ਰੱਖਿਆ। ਸ੍ਰੀ ਮੋਦੀ ਨੇ ਕਿਹਾ ਕਿ ਉਹ ‘ਚੌਕੀਦਾਰ’ ਦੀ ਸਰਕਾਰ ਹੀ ਸੀ, ਜਿਸ ਨੇ ਜ਼ਮੀਨ, ਆਕਾਸ਼ ਤੇ ਪੁਲਾੜ ਵਿੱਚ ਸਰਜੀਕਲ ਹਮਲੇ ਕਰਨ ਦੀ ਹਿੰਮਤ ਵਿਖਾਈ। ਉਨ੍ਹਾਂ ਕਿਹਾ ਕਿ ਐਤਕੀਂ ਮੁਕਾਬਲਾ ‘ਦਮਦਾਰ ਭਾਜਪਾ ਤੇ ਦਾਗ਼ਦਾਰ ਵਿਰੋਧੀ ਧਿਰ’ ਵਿਚਾਲੇ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨੂੰ ਥੀਏਟਰ ਸੈੱਟ ਤੇ ਏਸੈੱਟ (ਐਂਟੀ ਸੈਟੇਲਾਈਟ) ਵਿਚਲੇ ਫ਼ਰਕ ਬਾਰੇ ਕੋਈ ਇਲਮ ਨਹੀਂ। ਸ੍ਰੀ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਮੇਰਠ, ਉੱਤਰਾਖੰਡ ਦੇ ਰੁਦਰਪੁਰ ਤੇ ਜੰਮੂ ਕਸ਼ਮੀਰ ਦੇ ਅਖਨੂਰ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ, ਜਿੱਥੇ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ 11 ਅਪਰੈਲ ਨੂੰ ਵੋਟਾਂ ਪੈਣਗੀਆਂ। ਮੇਰਠ ਵਿੱਚ ‘ਵਿਜੈ ਸੰਕਲਪ ਰੈਲੀ’ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਸਪਾ-ਆਰਐਲਡੀ-ਬਸਪਾ ਦੇ ਉੱਤਰ ਪ੍ਰਦੇਸ਼ ਵਿਚਲੇ ਗੱਠਜੋੜ ਨੂੰ ‘ਮਹਾਮਿਲਾਵਟ’ ਕਰਾਰ ਦਿੰਦਿਆਂ ਵਿਰੋਧੀ ਪਾਰਟੀਆਂ ਦੀ ਤੁਲਨਾ ‘ਸ਼ਰਾਬ’ ਨਾਲ ਕੀਤੀ। ਸ਼ਬਦਾਂ ਦੀ ਖੇਡ ਸਹਾਰੇ ਸਮਾਜਵਾਦੀ ਪਾਰਟੀ, ਰਾਸ਼ਟਰੀ ਲੋਕ ਦਲ ਤੇ ਬਹੁਜਨ ਸਮਾਜ ਪਾਰਟੀ ’ਤੇ ਹੱਲਾ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਪਾਰਟੀਆਂ ਦੇ ਪਹਿਲੇ ਅੱਖਰਾਂ ਦਾ ਸ਼ਬਦਜੋੜ ਕਰੀਏ ਤਾਂ ਇਹ ‘ਸਰਾਬ’(ਸ਼ਰਾਬ) ਬਣਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ‘ਸ਼ਰਾਬ’ ਸਿਹਤ ਲਈ ਨੁਕਸਾਨਦਾਇਕ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਰੋਧੀ ਧਿਰ ਦੇ ‘ਅਡੰਬਰ’ ਤੋਂ ਚੌਕਸ ਰਹਿਣ ਕਿਉਂਕਿ ‘ਸਰਾਬ’ ਤੇ ‘ਸ਼ਰਾਬ’ ਵਿਚਾਲੇ ਬੜਾ ਮਹੀਨ ਅੰਤਰ ਹੁੰਦਾ ਹੈ। ਸ੍ਰੀ ਮੋਦੀ ਨੇ ਕਿਹਾ ਐਤਕੀਂ ਚੋਣਾਂ ’ਚ ਮੁਕਾਬਲਾ ‘ਦਮਦਾਰ ਭਾਜਪਾ ਤੇ ਦਾਗ਼ਦਾਰ ਵਿਰੋਧੀ ਖੇਮੇ’ ਵਿਚਾਲੇ ਹੈ। ਖ਼ੁਦ ਨੂੰ ਮੁਲਕ ਦਾ ਚੌਕੀਦਾਰ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਇਹ ਚੌਕੀਦਾਰ ਦੀ ਸਰਕਾਰ ਹੀ ਸੀ, ਜਿਸ ਨੇ ਜ਼ਮੀਨ, ਅਸਮਾਨ ਤੇ ਪੁਲਾੜ’ ਵਿੱਚ ਸਰਜੀਕਲ ਸਟਰਾਈਕ ਕਰਨ ਦੀ ਹਿੰਮਤ ਵਿਖਾਈ ਹੈ। ਜੰਮੂ ਖੇਤਰ ਵਿੱਚ ਭਾਰਤ-ਪਾਕਿ ਸਰਹੱਦ ਨੇੜੇ ਅਖਨੂਰ ਵਿੱਚ ਦਿਨ ਦੀ ਤੀਜੀ ਰੈਲੀ ਮੌਕੇ ਸ੍ਰੀ ਮੋਦੀ ਨੇ ਕਿਹਾ ਕਿ ਸਰਹੱਦ ਪਾਰ ਅਤਿਵਾਦ ਦੀਆਂ ਫੈਕਟਰੀਆਂ ਚਲਾਉਣ ਵਾਲੇ ਖੌਫ਼ ਵਿੱਚ ਜਿਉਂ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੈ ਜਦੋਂ ਦਹਿਸ਼ਤਗਰਦ ਭਾਰਤ ਵਿੱਚ ਘੁਸਪੈਠ ਕਰਨ ਤੋਂ ਪਹਿਲਾਂ ਸੌ ਵਾਰ ਸੋਚਦੇ ਹਨ। ਉਨ੍ਹਾਂ ‘ਹੈਪੀ ਵਰਲਡ ਥੀਏਟਰ ਡੇਅ’ ਦਾ ਟਵੀਟ ਕਰਕੇ ਦਿੱਤੀ ਵਧਾਈ ਲਈ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘ਤੁਸੀਂ ਅਜਿਹੇ ਸ਼ਖ਼ਸ ਬਾਰੇ ਕੀ ਕਹੋਗੇ ਜਿਸ ਨੂੰ ਥੀਏਟਰ ਸੈੱਟ ਤੇ ਏਸੈੱਟ(ਐਂਟੀ ਸੈਟੇਲਾਈਟ) ਵਿਚਲੇ ਫ਼ਰਕ ਬਾਰੇ ਹੀ ਨਹੀਂ ਪਤਾ।
HOME ‘ਦਮਦਾਰ’ ਤੇ ‘ਦਾਗ਼ਦਾਰਾਂ’ ਵਿਚਾਲੇ ਹੈ ਟੱਕਰ: ਮੋਦੀ