(ਸਮਾਜ ਵੀਕਲੀ)
ਮਾਏ ਨੀ ਮਾਏ ਚੁੰਨੀ
ਹਨੇਰਿਆਂ ਦੇ ਰੰਗ ਜਿਹੀ ,
ਅਸਾਂ ਨੂੰ ਲੈਣ ਦਾ ਏ ਚਾਅ ।
ਵੀਰੇ ਨੂੰ ਘੱਲ ਦੇ ਛੇਤੀ ਬਾਜ਼ਾਰ ਮਾਏ,
ਥੋੜ੍ਹਾ ਚਿਰ ਚਾਨਣ ਜਿਹਾ ।
ਅਨਾਰਾਂ ਦੇ ਫੁੱਲਾਂ ਜਿਹੇ ਫ਼ੁੰਦੇ
ਵੀ ਲਿਆਦੂ ਸਾਨੂੰ,
ਕੰਨਾਂ ਵਿੱਚ ਲੈਣੇ ਆਂ ਮੈਂ ਪਾ।
ਬਾਪੂ ਮਸਾਂ ਮਨ ਹੋਇਆ
ਮੇਲੇ ਅਸੀਂ ਜਾਵਣਾ ਨੀ,
ਵਾਰ ਵਾਰ ਹੋਣਾ ਨਹੀਂ ਮਨਾ।
ਘੁੰਗਰੂਆਂ ਵਾਲੀ ਜੁੱਤੀ ਮਹਿੰਗੀ
ਬਹੁਤੀ ਆਉਣੀ ਨਹੀਂ ,
ਪੈਰਾਂ ਵਿੱਚ ਦੇਵੀਂ ਤੂੰ ਪਵਾ ।
ਗੇਂਦੇ ਦੇ ਫੁੱਲ ਮੇਰੇ ਮਨ
ਵਿੱਚ ਉੱਤਰੇ ਨੀ ,
ਉਹੋ ਜਿਹਾ ਸੂਟ ਦੇ ਸਵਾ।
ਲੈਦੇ ਦੰਦਰਾਸਾ ਨੀ
ਪੰਸਾਰੀਏ ਦੀ ਹੱਟੀ ਉੱਤੋਂ ,
ਦੰਦਾਂ ਨੂੰ ਮੈਂ ਲਵਾਂ ਚਮਕਾ।
ਆਉਂਦੀ ਹੋਈ ਲੈ ਆਵੀਂ
ਵੰਗਾਂ ਸੱਤ ਰੰਗੀਆਂ ਨੇ ,
ਵੰਗਾਂ ਬਿਨ ਸੁੰਨੀ ਮੇਰੀ ਬਾਂਹ।
ਵਾਲਾਂ ਵਿੱਚ ਲਾਉਣ ਵਾਲੇ
ਰਹਿ ਗਏ ਨੇ ਕਲਿੱਪ ਮਾਂਏ ,
ਉਨ੍ਹਾਂ ਬਿਨ ਸਾਰ ਮੈਂ ਲਵਾਂ ।
ਨ੍ਹੇਰੇ ਰੰਗੀ ਚੁੰਨੀ ਨੀ
ਮੈਂ ਸਿਰੇ ਉੱਤੇ ਲੈ ਕੇ ਮਾਏ,
ਸੱਚੀ ਮੁੱਚੀ ਵਾਲੀ ਹੀ ਜੱਚਾਂ।
ਪੁੱਛ ਆਵੀਂ ਭਾੜਾ ਨੀ ਤੂੰ
ਗੱਡੇ ਵਾਲੇ ਭਾਈ ਕੋਲੋਂ ,
ਤੁਰ ਕੇ ਵੀ ਹੋਣਾ ਨਹੀਓਂ ਜਾ।
ਛੇਤੀ-ਛੇਤੀ ਪੈਰ ਪੁੱਟ
ਜਾ ਮੇਰੀ ਅੰਮੀਏ ਨੀ ,
ਹੱਥ ਜੋੜ ਮਿੰਨਤਾਂ ਕਰਾਂ ।
ਗੁਰਵੀਰ ਅਤਫ਼
ਪਿੰਡ ਛਾਜਲਾ (ਸੰਗਰੂਰ)
M: 87259-62914