ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਅੱਜ ਥਾਣਾ ਮੌਲੀ ਜੱਗਰਾਂ ਦੇ ਐੱਸਐੱਚਓ ਇੰਸਪੈਕਟਰ ਬਲਜੀਤ ਸਿੰਘ ਅਤੇ ਸਿਪਾਹੀ ਸੁਰਿੰਦਰ ਰਾਠੀ ਨੂੰ 45 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਇੰਸਪੈਕਟਰ ਬਲਜੀਤ ਸਿੰਘ ਦੂਜੀ ਵਾਰ ਰਿਸ਼ਵਤ ਲੈਣ ਦੇ ਦੋਸ਼ ਹੇਠ ਫੜਿਆ ਗਿਆ ਹੈ। ਪਹਿਲਾਂ ਵੀ ਸੀਬੀਆਈ ਨੇ ਬਲਜੀਤ ਸਿੰਘ ਨੂੰ ਪੁਲੀਸ ਚੌਕੀ ਮੌਲੀ ਜੱਗਰਾਂ ਵਿੱਚ ਤਾਇਨਾਤ ਹੁੰਦਿਆਂ ਨਸ਼ਿਆਂ ਦੇ ਇਕ ਮਾਮਲੇ ਵਿੱਚ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਉਸ ਵੇਲੇ ਬਲਜੀਤ ਸਿੰਘ ਇੱਥੇ ਚੌਕੀ ਇੰਚਾਰਜ ਸੀ। ਉਸ ਮਾਮਲੇ ਵਿੱਚੋਂ ਬਲਜੀਤ ਸਿੰਘ ਬਰੀ ਹੋ ਗਿਆ ਸੀ ਅਤੇ ਹੁਣ ਉਹ ਚੌਕੀ ਤੋਂ ਅਪਗਰੇਡ ਹੋਏ ਮੌਲੀ ਜੱਗਰਾਂ ਥਾਣੇ ਦਾ ਐੱਸਐੱਚਓ ਸੀ।
ਸੀਬੀਆਈ ਦੇ ਸੂਤਰਾਂ ਅਨੁਸਾਰ ਮੌਲੀ ਜੱਗਰਾਂ ਦੇ ਵਸਨੀਕ ਰਮੇਸ਼ ਨੇ ਪਿਛਲੇ ਦਿਨੀਂ ਸੀਬੀਆਈ ਕੋਲ ਸ਼ਿਕਾਇਤ ਕੀਤੀ ਸੀ ਕਿ ਐੱਸਐੱਚਓ ਬਲਜੀਤ ਸਿੰਘ ਆਪਣੇ ਥਾਣੇ ਦੇ ਸਿਪਾਹੀ ਰਾਹੀਂ ਰਿਸ਼ਵਤ ਮੰਗ ਰਿਹਾ ਹੈ। ਰਮੇਸ਼ ਨੇ ਸੀਬੀਆਈ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਮੌਲੀ ਜੱਗਰਾਂ ਥਾਣੇ ਦੀ ਪੁਲੀਸ ਨੇ ਉਸ ਦੇ ਕੁਝ ਨਜ਼ਦੀਕੀਆਂ ਨੂੰ ਹਿਰਾਸਤ ਵਿੱਚ ਲਿਆ ਸੀ। ਪੁਲੀਸ ਰਿਸ਼ਵਤ ਨਾ ਦੇਣ ਦੀ ਸੂਰਤ ਵਿੱਚ ਉਨ੍ਹਾਂ ਉੱਤੇ ਐੱਨਡੀਪੀਸੀ ਐਕਟ ਤਹਿਤ ਕੇਸ ਦਰਜ ਕਰਨ ਦੇ ਦਾਬੇ ਮਾਰ ਰਹੀ ਸੀ। ਪੁਲੀਸ ਦਾ ਕਹਿਣਾ ਸੀ ਕਿ ਉਨ੍ਹਾਂ ਕੋਲੋਂ 2-3 ਪੈਕਟ ਚਰਸ ਮਿਲੀ ਸੀ। ਉਹ ਇਸ ਸਬੰਧ ਵਿੱਚ ਐੱਸਐੱਚਓ ਨੂੰ ਮਿਲਿਆ ਸੀ ਅਤੇ ਪੁਲੀਸ ਨੇ ਉਸ ਕੋਲੋਂ 1.20 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਤੇ ਰਕਮ ਨਾ ਦੇਣ ਦੀ ਸੂਰਤ ਵਿੱਚ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰਨ ਦੇ ਦਾਬੇ ਮਾਰੇ ਜਾ ਰਹੇ ਸਨ।
ਐੱਸਐੱਚਓ ਨੇ ਸ਼ਿਕਾਇਤਕਰਤਾ ਨੂੰ ਸਿਪਾਹੀ ਸੁਰਿੰਦਰ ਰਾਠੀ ਨੂੰ ਮਿਲਣ ਲਈ ਕਿਹਾ ਅਤੇ ਫਿਰ ਗੱਲ 55 ਹਜ਼ਾਰ ਰੁਪਏ ਵਿੱਚ ਮੁੱਕੀ ਸੀ। ਸ਼ਿਕਾਇਤਕਰਤਾ ਰਮੇਸ਼ ਨੇ ਇਸ ਸਬੰਧੀ ਸ਼ਿਕਾਇਤ ਸੀਬੀਆਈ ਨੂੰ ਕਰ ਦਿੱਤੀ। ਸੀਬੀਆਈ ਨੇ ਇਸ ਮਾਮਲੇ ਦੀ ਗੁਪਤ ਢੰਗ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਅਤੇ ਐੱਸਐੱਚਓ ਬਲਜੀਤ ਸਿੰਘ ਤੇ ਸਿਪਾਹੀ ਸੁਰਿੰਦਰ ਰਾਠੀ ਦੇ ਮੋਬਾਈਲ ਫੋਨਾਂ ਦੀ ਰਿਕਾਰਡਿੰਗ ਸ਼ੁਰੂ ਕਰ ਦਿੱਤੀ। ਸੀਬੀਆਈ ਨੇ ਆਪਣੀ ਰਣਨੀਤੀ ਤਹਿਤ ਅੱਜ ਸ਼ਿਕਾਇਤਕਰਤਾ ਨੂੰ 45 ਹਜ਼ਾਰ ਰੁਪਏ ਐੱਸਐੱਚਓ ਨੂੰ ਦੇਣ ਲਈ ਥਾਣੇ ਭੇਜਿਆ। ਸੂਤਰਾਂ ਅਨੁਸਾਰ ਸੀਬੀਆਈ ਨੇ ਅੱਜ ਰਮੇਸ਼ ਕੋਲੋਂ ਸਿਪਾਹੀ ਸੁਰਿੰਦਰ ਰਾਠੀ ਨੂੰ ਐੱਸਐੱਚਓ ਲਈ 45 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਉਸ ਤੋਂ ਬਾਅਦ ਸੀਬੀਆਈ ਨੇ ਐੱਸਐੱਚਓ ਬਲਜੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਐੱਸਐੱਚਓ ਤੋਂ ਲੰਬੀ ਪੁੱਛ-ਪੜਤਾਲ ਕੀਤੀ ਗਈ ਅਤੇ ਉਸ ਦੇ ਘਰ ਤੇ ਦਫ਼ਤਰ ਦੀ ਤਲਾਸ਼ੀ ਲਈ। ਗਈ। ਸੀਬੀਆਈ ਨੇ ਐਸਐਚਓ ਅਤੇ ਸਿਪਾਹੀ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸੀਬੀਆਈ ਵੱਲੋਂ ਮੁਲਜ਼ਮਾਂ ਨੂੰ ਭਲਕੇ 29 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲੀਸ ਰਿਮਾਂਡ ਹਾਸਲ ਕੀਤੇ ਜਾਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੁਲੀਸ ਵਿੱਚ ਰਿਸ਼ਵਤਖੋਰੀ ਦੇ ਮਾਮਲੇ ਉਜਾਗਰ ਹੋਣੇ ਆਮ ਗੱਲ ਬਣ ਗਈ ਹੈ। ਹਾਲੇ ਪਿਛਲੇ ਸਮੇਂ ਹੀ ਸੀਬੀਆਈ ਨੇ ਸੈਕਟਰ 31 ਥਾਣੇ ਦੇ ਐਡੀਸ਼ਨਲ ਐੱਸਐੱਚਓ ਰਾਜਬੀਰ ਸਿੰਘ ਨੂੰ ਰਿਸ਼ਵਤ ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਭਾਵੇਂ ਕਿ ਰਾਜਬੀਰ ਸਿੰਘ ਸੀਬੀਆਈ ਦੀ ਟੀਮ ਨੂੰ ਫੇਟ ਮਾਰ ਕੇ ਮੌਕੇ ਤੋਂ ਕਾਰ ਭਜਾ ਕੇ ਲੈ ਗਿਆ ਸੀ ਬਾਅਦ ਵਿੱਚ ਉਸ ਨੂੰ ਆਤਮ ਸਮਰਪਨ ਕਰਨਾ ਪਿਆ ਸੀ। ਇਸ ਤੋਂ ਪਹਿਲਾਂ ਸੈਕਟਰ 31 ਥਾਣੇ ਦੇ ਹੀ ਸਬ ਇੰਸਪੈਕਟਰ ਮੋਹਨ ਸਿੰਘ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਸੀ।
INDIA ਥਾਣਾ ਮੌਲੀ ਜੱਗਰਾਂ ਦਾ ਮੁਖੀ ਤੇ ਸਿਪਾਹੀ ਰਿਸ਼ਤਵ ਲੈਣ ਦੇ ਦੋਸ਼ ਹੇਠ...