ਸਿਖਰਲੀ ਭਾਰਤੀ ਸ਼ਟਲਰ ਸਾਇਨਾ ਨੇਹਵਾਲ ਅਤੇ ਕਿਦਾਂਬੀ ਸ੍ਰੀਕਾਂਤ ਨੂੰ ਅੱਜ ਇੱਥੇ ਥਾਈਲੈਂਡ ਓਪਨ ਦੇ ਆਪੋ ਆਪਣੇ ਮੁਕਾਬਲਿਆਂ ’ਚ ਹਾਰ ਦਾ ਮੂੰਹ ਦੇਖਣਾ ਪਿਆ ਜਦਕਿ ਬੀ ਸਾਈ ਪ੍ਰਣੀਤ ਨੇ ਪੁਰਸ਼ ਸਿੰਗਲਜ਼ ਮੁਕਾਬਲੇ ਦੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਭਾਰਤੀ ਸ਼ਟਲਰ ਸਾਇਨਾ ਨੇਹਵਾਲ ਨੂੰ ਅੱਜ ਇੱਥੇ ਥਾਈਲੈਂਡ ਓਪਨ ਮਹਿਲਾ ਸਿੰਗਲ ਮੁਕਾਬਲੇ ਦੇ ਦੂਜੇ ਗੇੜ ’ਚ ਜਪਾਨ ਦੀ ਗ਼ੈਰ-ਦਰਜਾ ਸਯਾਕਾ ਤਾਕਾਹਾਸ਼ੀ ਤੋਂ ਹਾਰ ਦਾ ਸਾਮ੍ਹਣਾ ਕਰਨਾ ਪਿਆ। ਇਸ ਨਾਲ ਸੱਤਵਾਂ ਦਰਜਾ ਹਾਸਲ ਸਾਇਨਾ ਦਾ ਕੋਰਟ ’ਤੇ ਵਾਪਸੀ ਦਾ ਸਫ਼ਤਰ ਬਹੁਤ ਜਲਦੀ ਹੀ ਖਤਮ ਹੋ ਗਿਆ। ਸਾਇਨਾ ਨੇ ਕਰੀਬ ਦੋ ਮਹੀਨੇ ਬਾਅਦ ਕੋਰਟ ’ਤੇ ਵਾਪਸੀ ਕੀਤੀ ਸੀ। ਮੁਕਾਬਲੇ ਦੌਰਾਨ ਉਹ ਲੀਡ ਦਾ ਫਾਇਦਾ ਚੁੱਕਣ ’ਚ ਕਾਮਯਾਬ ਰਹੀ ਅਤੇ 48 ਮਿੰਟ ਤੱਕ ਚੱਲੇ ਦੂਜੇ ਦੌਰ ਦੇ ਮੁਕਾਬਲੇ ’ਚ ਤਾਕਾਹਾਸ਼ੀ ਤੋਂ 21.16, 11.21, 14.21 ਨਾਲ ਹਾਰ ਗਈ। ਪੀਵੀ ਸਿੰਧੂ ਦੀ ਗ਼ੈਰ ਹਾਜ਼ਰੀ ’ਚ ਸਾਇਨਾ ਨੇਹਵਾਲ ਦੇ ਹਾਰਨ ਨਾਲ ਇਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ’ਚ ਭਾਰਤ ਦੀ ਮੁਹਿੰਮ ਖ਼ਤਮ ਹੋ ਗਈ ਹੈ। ਸਾਇਨਾ ਨੇ ਸੱਟ ਕਾਰਨ ਇੰਡੋਨੇਸ਼ੀਆ ਓਪਨ ਅਤੇ ਪਿਛਲੇ ਹਫ਼ਤੇ ਜਪਾਨ ਓਪਨ ਤੋਂ ਹਟਣ ਦਾ ਫ਼ੈਸਲਾ ਕੀਤਾ ਸੀ। ਇਸ ਮੁਕਾਬਲੇ ਤੋਂ ਬਾਅਦ ਪੰਜਵਾਂ ਦਰਜਾ ਹਾਸਲ ਸ੍ਰੀਕਾਂਤ ਨੇ ਵੀ ਇੱਕ ਗੇਮ ਦੀ ਲੀਡ ਗੁਆ ਦਿੱਤੀ ਅਤੇ ਉਸ ਨੂੰ ਪੁਰਸ਼ ਸਿੰਗਲਜ਼ ਦੇ ਦੂਜੇ ਦੌਰ ’ਚ ਥਾਈਲੈਂਡ ਦੇ ਖੋਸਿਤ ਫੇਤਪ੍ਰਦਾਸ ਤੋਂ 21-11, 16-21, 12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਗ਼ੈਰ-ਦਰਜਾ ਪਾਰੂਪੱਲੀ ਕਸ਼ਯਵੀ ਵੀ ਤੀਜਾ ਦਰਜਾ ਚੀਨੀ ਤਾਇਪੇ ਦੇ ਚੋਊ ਟਿਏਨ ਚੇਨ ਨੂੰ ਟੱਕਰ ਦਿੰਦੇ ਦਿਖਾਈ ਨਹੀਂ ਦਿੱਤੇ ਅਤੇ ਸਿਰਫ਼ 33 ਮਿੰਟ ਅੰਦਰ 9-11, 14-21 ਨਾਲ ਹਾਰ ਗਏ। ਪਿਛਲੇ ਹਫ਼ਤੇ ਜਪਾਨ ਓਪਨ ਦੇ ਸੈਮੀਫਾਈਨਲ ’ਚ ਪਹੁੰਚੇ ਸਾਈ ਪ੍ਰਣੀਤ ਨੇ ਚੰਗੀ ਫਾਰਮ ਦਿਖਾਉਂਦਿਆਂ ਹਮਵਤਨ ਸ਼ੁਭੰਕਰ ਡੇਅ ’ਤੇ 21-18, 21-19 ਨਾਲ ਆਸਾਨ ਜਿੱਤ ਦਰਜ ਕੀਤੀ ਅਤੇ ਆਖਰੀ ਅੱਠਾਂ ’ਚ ਥਾਂ ਪੱਕੀ ਕੀਤੀ। ਹੁਣ ਪ੍ਰਣੀਤ ਦਾ ਅਗਲਾ ਮੁਕਾਬਲਾ ਜਪਾਨ ਦੇ ਸੱਤਵਾਂ ਦਰਜਾ ਖਿਡਾਰੀ ਕਾਂਤਾ ਸੁਨੇਯਾਮਾ ਨਾਲ ਹੋਵੇਗਾ। ਹਾਲਾਂਕਿ ਭਾਰਤ ਲਈ ਪੁਰਸ਼ ਡਬਲਜ਼ ਮੁਕਾਬਲੇ ’ਚ ਚੰਗੀ ਖ਼ਬਰ ਰਹੀ ਜਿਸ ’ਚ ਸਾਤਵਿਕ ਸਾਈਰਾਜ ਰੰਕੀ ਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਫਜ਼ਰ ਅਲਫੀਆਂ ਅਤੇ ਮੁਹੰਮਦ ਰਿਆਨ ਆਰਦੀਆਂਤੋ ਦੀ ਇੰਡੋਨੇਸ਼ਿਆਈ ਜੋੜੀ ’ਤੇ ਸਿੱਧੇ ਸੈੱਟਾਂ ’ਚ ਜਿੱਤ ਦਰਜ ਕੀਤੀ। ਭਾਰਤੀ ਜੋੜੀ ਦਾ ਸਾਹਮਣਾ ਹੁਣ ਭਲਕੇ ਕੋਰੀਆ ਦੇ ਚੋਈ ਸੋਲਗਿਊ ਅਤੇ ਸਿਓ ਸੇਯੂੰਗ ਜਾਏ ਦੀ ਕੁਆਲੀਫਾਇਰ ਜੋੜੀ ਨਾਲ ਹੋਵੇਗਾ। ਮਿਕਸਡ ਡਬਲਜ਼ ’ਚ ਵੀ ਭਾਰਤੀਆਂ ਲਈ ਅੱਜ ਦਾ ਦਿਨ ਖਰਾਬ ਰਿਹਾ ਜਿਸ ’ਚ ਪ੍ਰਣਵ ਜੈਰੀ ਚੋਪੜਾ ਅਤੇ ਐੱਨ ਸਿੱਕੀ ਰੈੱਡੀ ਦੀ ਜੋੜੀ ਹਾਂਗਕਾਂਗ ਦੇ ਟਾਂਗ ਚੁਨ ਮਾਨ ਅਤੇ ਸੇ ਯਿੰਗ ਸੁਏਤ ਦੀ ਅੱਠਵੀਂ ਦਰਜਾ ਜੋੜੀ ਤੋਂ ਹਾਰ ਕੇ ਬਾਹਰ ਹੋ ਗਈ।
Sports ਥਾਈਲੈਂਡ ਓਪਨ: ਸਾਇਨਾ ਤੇ ਸ੍ਰੀਕਾਂਤ ਦੀ ਚੁਣੌਤੀ ਖਤਮ