ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਸੋਧੇ ਹੋਏ ਨਾਗਰਿਕਤਾ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨਾਂ ’ਤੇ ਟਿੱਪਣੀ ਕਰਦਿਆਂ ਅੱਜ ਕਿਹਾ ਕਿ ਜੇਕਰ ਆਗੂ ਸ਼ਹਿਰਾਂ ’ਚ ਅੱਗਜ਼ਨੀ ਅਤੇ ਹਿੰਸਾ ਲਈ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿਦਿਆਰਥੀਆਂ ਸਮੇਤ ਹੋਰ ਲੋਕਾਂ ਨੂੰ ਭੜਕਾਉਂਦੇ ਹਨ, ਤਾਂ ਇਹ ਲੀਡਰਸ਼ਿਪ ਨਹੀਂ ਹੈ। ਕਾਂਗਰਸ ਸਮੇਤ ਵਿਰੋਧੀ ਧਿਰ ਨੇ ਜਨਰਲ ਰਾਵਤ ਵੱਲੋਂ ਸਿਆਸੀ ਮੁੱਦੇ ’ਤੇ ਦਿੱਤੇ ਗਏ ਬਿਆਨ ਦਾ ਤਿੱਖਾ ਪ੍ਰਤੀਕਰਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਥਲ ਸੈਨਾ ਮੁਖੀ 31 ਦਸੰਬਰ ਨੂੰ ਸੇਵਾਮੁਕਤ ਹੋਣ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਮੁਲਕ ਦਾ ਪਹਿਲਾ ਚੀਫ਼ ਆਫ਼ ਡਿਫੈਂਸ ਸਟਾਫ਼ ਬਣਾਉਣ ਦੀਆਂ ਕਨਸੋਆਂ ਹਨ। ਥਲ ਸੈਨਾ ਮੁਖੀ ਨੇ ਇਥੇ ਸਿਹਤ ਸੰਮੇਲਨ ਦੌਰਾਨ ਕਿਹਾ,‘‘ਆਗੂ ਲੋਕਾਂ ਵਿਚਕਾਰੋਂ ਨਿਕਲਦੇ ਹਨ। ਆਗੂ ਅਜਿਹੇ ਨਹੀਂ ਹੁੰਦੇ ਜੋ ਭੀੜ ਨੂੰ ਗਲਤ ਦਿਸ਼ਾ ਵੱਲ ਲੈ ਕੇ ਜਾਣ। ਆਗੂ ਉਹ ਹੁੰਦੇ ਹਨ, ਜੋ ਲੋਕਾਂ ਨੂੰ ਸਹੀ ਸੇਧ ਦਿੰਦੇ ਹਨ।’’ ਜਨਰਲ ਰਾਵਤ ਨੇ ਆਪਣੇ ਭਾਸ਼ਨ ’ਚ ਕਿਹਾ ਕਿ ਲੀਡਰਸ਼ਿਪ ਸਿਰਫ਼ ਲੋਕਾਂ ਦੀ ਅਗਵਾਈ ਕਰਨ ਬਾਰੇ ਹੈ ਤਾਂ ਫਿਰ ਇਸ ’ਚ ਗੁੰਝਲਦਾਰ ਕੀ ਹੈ ਕਿਉਂਕਿ ਜਦੋਂ ਤੁਸੀਂ ਅੱਗੇ ਵਧਦੇ ਹੋ ਤਾਂ ਸਾਰੇ ਤੁਹਾਡਾ ਪਾਲਣ ਕਰਦੇ ਹਨ। ‘ਇਹ ਭਾਵੇਂ ਸੁਖਾਲਾ ਜਾਪਦਾ ਹੋਵੇ ਪਰ ਇੰਜ ਨਹੀਂ ਹੁੰਦਾ ਹੈ।’ ਉਨ੍ਹਾਂ ਦੇ ਬਿਆਨ ਨਾਲ ਸਿਆਸਤ ਵੀ ਗਰਮਾ ਗਈ ਹੈ। ਸਵਰਾਜ ਇੰਡੀਆ ਦੇ ਆਗੂ ਯੋਗੇਂਦਰ ਯਾਦਵ ਨੇ ਜਨਰਲ ਰਾਵਤ ਦੇ ਬਿਆਨ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਉਹ ਜਦੋਂ ਆਗੂਆਂ ਬਾਰੇ ਗੱਲ ਕਰ ਰਹੇ ਸਨ ਤਾਂ ਜ਼ਰੂਰ ਉਨ੍ਹਾਂ ਦਾ ਇਸ਼ਾਰਾ ਪ੍ਰਧਾਨ ਮੰਤਰੀ ਵੱਲ ਹੋਵੇਗਾ। ਉਨ੍ਹਾਂ ਕਿਹਾ ਕਿ ਫ਼ੌਜ ਮੁਖੀ ਨੂੰ ਕੋਈ ਰਾਜਸੀ ਬਿਆਨ ਦੇਣ ਤੋਂ ਬਚਣਾ ਚਾਹੀਦਾ ਹੈ। ਕਾਂਗਰਸ ਤਰਜਮਾਨ ਬ੍ਰਿਜੇਸ਼ ਕਾਲੱਪਾ ਨੇ ਕਿਹਾ ਕਿ ਭਾਰਤੀ ਫ਼ੌਜ ਦੀ 70 ਸਾਲ ਪੁਰਾਣੀ ਰਵਾਇਤ ਨੂੰ ਤੋੜ ਦਿੱਤਾ ਗਿਆ ਹੈ ਅਤੇ ਇਹ ਵਰਤਾਰਾ ਪਾਕਿਸਤਾਨ ਅਤੇ ਬੰਗਲਾਦੇਸ਼ ’ਚ ਹੁੰਦਾ ਹੈ ਜਿਥੇ ਫ਼ੌਜ ਸਿਆਸਤ ’ਚ ਦਖ਼ਲ ਦਿੰਦੀ ਹੈ। ਕਾਂਗਰਸ ਆਗੂ ਦਿਗਵਿਜੈ ਸਿੰਘ ਨੇ ਕਿਹਾ ਕਿ ਆਗੂ ਅੱਗਜ਼ਨੀ ’ਚ ਸ਼ਾਮਲ ਭੀੜ ਦੀ ਅਗਵਾਈ ਨਹੀਂ ਕਰਦੇ ਹਨ, ਉਹ ਤਾਂ ਬੱਸ ਰੋਸ ਪ੍ਰਗਟਾਉਂਦੇ ਹਨ। ਦਿਗਵਿਜੈ ਸਿੰਘ ਨੇ ਕਿਹਾ,‘‘ਮੈਂ ਜਨਰਲ ਸਾਹੇਬ ਨਾਲ ਸਹਿਮਤ ਹਾਂ ਪਰ ਅਜਿਹੇ ਲੋਕ ਵੀ ਆਗੂ ਨਹੀਂ ਹੁੰਦੇ ਹਨ ਜਿਹੜੇ ਆਪਣੇ ਪ੍ਰਸ਼ੰਸਕਾਂ ਨੂੰ ਫਿਰਕੂ ਹਿੰਸਾ ’ਚ ਸ਼ਾਮਲ ਹੋਣ ਦੀ ਇਜਾਜ਼ਤ ਦਿੰਦੇ ਹਨ।’’ ਏਆਈਐੱਮਆਈਐੱਮ ਮੁਖੀ ਅਸਦ-ਉਦ-ਦੀਨ ਓਵਾਇਸੀ ਨੇ ਕਿਹਾ ਕਿ ਲੀਡਰਸ਼ਿਪ ਦਾ ਮਤਲਬ ਲੋਕਾਂ ਦੇ ਵਿਚਾਰਾਂ ਨੂੰ ਸਮਝਣਾ ਅਤੇ ਅਦਾਰਿਆਂ ਦੀ ਅਖੰਡਤਾ ਨੂੰ ਸਾਂਭ ਕੇ ਰੱਖਣਾ ਹੁੰਦਾ ਹੈ। ਓਵਾਇਸੀ ਨੇ ਕਿਹਾ ਕਿ ਸੰਵਿਧਾਨ ਮੁਤਾਬਕ ਫ਼ੌਜ ਨੂੰ ਆਮ ਲੋਕਾਂ ਦੇ ਮੁੱਦਿਆਂ ’ਚ ਦਖ਼ਲ ਨਹੀਂ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਥਲ ਸੈਨਾ ਮੁਖੀ ਦੇ ਬਿਆਨ ਨਾਲ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਐਮਰਜੈਂਸੀ ਵੇਲੇ ਵਿਦਿਆਰਥੀ ਵਜੋਂ ਅੰਦੋਲਨ ’ਚ ਸ਼ਮੂਲੀਅਤ ਵੀ ਗਲਤ ਸੀ। ਹੈਦਰਾਬਾਦ ਤੋਂ ਲੋਕ ਸਭਾ ਮੈਂਬਰ ਨੇ ਕਿਹਾ ਕਿ ਪ੍ਰਦਰਸ਼ਨ ਕਰਨਾ ਬੁਨਿਆਦੀ ਹੱਕ ਹੈ। ਉਨ੍ਹਾਂ ਕਿਹਾ ਕਿ ਥਲ ਸੈਨਾ ਮੁਖੀ ਨੇ ਜੋ ਕੁਝ ਵੀ ਕਿਹਾ ਹੈ ਉਸ ਤੋਂ ਸਾਬਤ ਹੁੰਦਾ ਹੈ ਕਿ ਮੋਦੀ ਸਰਕਾਰ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਸੀਪੀਐੱਮ ਆਗੂ ਸੀਤਾਰਾਮ ਯੇਚੁਰੀ ਨੇ ਵੀ ਜਨਰਲ ਰਾਵਤ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਥੋਂ ਸਾਬਤ ਹੁੰਦਾ ਹੈ ਕਿ ਮੋਦੀ ਸਰਕਾਰ ਦੀ ਅਗਵਾਈ ਹੇਠ ਹਾਲਾਤ ਕਿੰਨੇ ਖ਼ਰਾਬ ਹੋ ਗਏ ਹਨ ਕਿ ਫ਼ੌਜ ਦਾ ਮੁਖੀ ਵੀ ਆਪਣੀ ਹੈਸੀਅਤ ਭੁੱਲ ਕੇ ਹੱਦਾਂ ਪਾਰ ਕਰ ਸਕਦਾ ਹੈ। ਜਲ ਸੈਨਾ ਦੇ ਸਾਬਕਾ ਮੁਖੀ ਐੱਲ ਰਾਮਦਾਸ ਨੇ ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਦੇ ਬਿਆਨ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਹੈ ਕਿ ਫ਼ੌਜੀਆਂ ਨੂੰ ਮੁਲਕ ਦੀ ਸੇਵਾ ਕਰਨ ਪ੍ਰਤੀ ਦਹਾਕਿਆਂ ਪੁਰਾਣੀ ਰਵਾਇਤ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਉਹ ਸਿਆਸੀ ਤਾਕਤਾਂ ਦਾ ਕੋਈ ਪੱਖ ਨਾ ਪੂਰਨ। ਉਨ੍ਹਾਂ ਕਿਹਾ ਕਿ ਤਿੰਨੇ ਸੈਨਾਵਾਂ ਦਾ ਅੰਦਰੂਨੀ ਕੋਡ ਹੁੰਦਾ ਹੈ ਅਤੇ ਇਸ ਤਹਿਤ ਫ਼ੌਜ ਨੂੰ ਨਿਰਪੱਖ ਰਹਿਣਾ ਚਾਹੀਦਾ ਹੈ। ਸੀਪੀਐੱਮ ਨੇ ਕਿਹਾ ਕਿ ਫ਼ੌਜ ਮੁਖੀ ਨੇ ਆਪਣੀਆਂ ਹੱਦਾਂ ਪਾਰ ਕਰ ਲਈਆਂ ਹਨ। ਉਨ੍ਹਾਂ ਜਨਰਲ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਬਿਆਨਾਂ ਲਈ ਰਾਸ਼ਟਰ ਤੋਂ ਮੁਆਫ਼ੀ ਮੰਗਣ। ਸੀਪੀਆਈ ਦੇ ਜਨਰਲ ਸਕੱਤਰ ਡੀ ਰਾਜਾ ਨੇ ਕਿਹਾ ਕਿ ਫ਼ੌਜ ਮੁਖੀ ਨੂੰ ਸਿਆਸੀ ਮੁੱਦੇ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ ਹੈ। ਉਨ੍ਹਾਂ ਦਾ ਕੰਮ ਸਰਹੱਦਾਂ ਦੀ ਰਾਖੀ ਕਰਨਾ ਹੈ ਨਾ ਕਿ ਹੁਕਮਰਾਨ ਪਾਰਟੀ ਦਾ ਪੱਖ ਲੈਂਦਿਆਂ ਅਜਿਹੇ ਬਿਆਨ ਦਾਗਨਾ ਹੈ। ਕਾਂਗਰਸ ਦੇ ਲੋਕ ਸਭਾ ’ਚ ਆਗੂ ਅਧੀਰ ਰੰਜਨ ਚੌਧਰੀ ਨੇ ਜਨਰਲ ਰਾਵਤ ਦੇ ਬਿਆਨ ਨੂੰ ‘ਅਨੈਤਿਕ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੰਜ ਜਾਪਦਾ ਹੈ ਕਿ ਫ਼ੌਜ ਮੁਖੀ ਭਾਜਪਾ ਆਗੂ ਵਾਂਗ ਬਿਆਨ ਦੇ ਰਹੇ ਹਨ।
HOME ਥਲ ਸੈਨਾ ਮੁਖੀ ਬਿਪਿਨ ਰਾਵਤ ਦਾ ਸਿਆਸੀ ਸਰਜੀਕਲ ‘ਸਟਰਾਈਕ’