ਥਰਮਲ ਪਲਾਂਟ ਤੋਂ ਵੱਖ ਵੱਖ ਫੀਡਰਾਂ ਨੂੰ ਜਾਂਦੀ ਬਿਜਲੀ ਸਪਲਾਈ ਦੇ ਟਾਵਰ ਤੋਂ ਨਿਕਲੇ ਅੱਗ ਦੇ ਚਿੰਗਾੜੀ ਨੇ ਕਰੀਬ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਦੀ ਸੈਂਕੜੇ ਏਕੜ ਕਣਕ ਅਤੇ ਨਾੜ ਸੜ ਕੇ ਸੁਆਹ ਕਰ ਦਿੱਤੀ। ਹਵਾ ਤੇਜ਼ ਹੋਣ ਕਰ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਤੇ ਹੋਰ ਲੋਕਾਂ ਦੀ ਪੇਸ਼ ਨਾ ਗਈ। ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀਆਂ ਮਦਦ ਵੀ ਲਈ ਗਈ ਪਰ ਦੇਖਦਿਆਂ ਹੀ ਦੇਖਦਿਆਂ ਸੈਂਕੜੇ ਏਕੜ ਕਣਕ ਅਤੇ ਨਾੜ ਅੱਗ ਦੀ ਲਪੇਟ ਵਿੱਚ ਆ ਗਿਆ। ਗੋਇੰਦਵਾਲ ਸਾਹਿਬ, ਹੰਸਾਵਾਲਾ, ਪਿੰਡੀਆ, ਬਿਹਾਰੀਪੁਰ, ਹੋਠੀਆਂ, ਵੈਰੋਵਾਲ ਆਦਿ ਦੇ ਖੇਤਾਂ ਵਿਚ ਖੜ੍ਹੀ ਕਣਕ ਅੱਗ ਦੀ ਲਪੇਟ ਵਿੱਚ ਆ ਗਈ। ਪੀੜਤ ਕਿਸਾਨਾਂ ਨੇ ਇਸ ਹਾਦਸੇ ਨੂੰ ਜੀਵੀਕੇ ਥਰਮਲ ਪਲਾਂਟ ਸ੍ਰੀ ਗੋਇੰਦਵਾਲ ਸਾਹਿਬ ਦੇ ਅਧਿਕਾਰੀਆਂ ਦੀ ਅਣਗਹਿਲੀ ਦੱਸਿਆ ਅਤੇ ਰੋਸ ਵਜੋਂ ਬਿਆਸ ਪੁਲ ਨੂੰ ਜਾਮ ਕਰਦਿਆਂ ਧਰਨਾ ਲਾ ਦਿੱਤਾ।
ਪੀੜਤ ਕਿਸਾਨ ਨਿਸ਼ਾਨ ਸਿੰਘ ਢੋਟੀ, ਦਲਬੀਰ ਸਿੰਘ, ਮਹਿੰਦਰ ਸਿੰਘ, ਦਲਜੀਤ ਸਿੰਘ, ਸਵਰਨ ਸਿੰਘ, ਭੋਲਾ ਸਿੰਘ, ਸੁਰਿੰਦਰ ਸਿੰਘ ਆਦਿ ਕਿਸਾਨਾਂ ਨੇ ਕਿਹਾ ਕਿ ਥਰਮਲ ਪਲਾਟ ਦੇ ਟਾਵਰ ਤੋਂ ਚੰਗਿਆੜੇ ਡਿੱਗਣ ਦੀ ਸ਼ਿਕਾਇਤ ਕਈ ਵਾਰ ਜ਼ਿੰਮੇਵਾਰ ਅਧਿਕਾਰੀਆਂ ਨੂੰ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਥਰਮਲ ਪਲਾਟ ਦੇ ਅਧਿਕਾਰੀਆਂ ਨੇ ਕੋਈ ਧਿਆਨ ਨਹੀਂ ਦਿੱਤਾ ਜਿਸ ਕਰ ਕੇ ਇਹ ਵੱਡਾ ਹਾਦਸਾ ਵਾਪਰ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਐਸਡੀਐਮ ਕੁਲਪ੍ਰੀਤ ਸਿੰਘ ਅਤੇ ਤਹਿਸੀਲ ਗੁਰਮੀਤ ਸਿੰਘ ਤੋਂ ਇਲਾਵਾ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੱਡੀ ਗਿਣਤੀ ਵਿੱਚ ਮੌਕੇ ’ਤੇ ਪਹੁੰਚੇ। ਉਨ੍ਹਾਂ ਧਰਨੇ ਪੀੜਤ ਕਿਸਾਨਾਂ ਨੂੰ ਨੁਕਸਾਨ ਦੇ ਮੁਆਵਜ਼ੇ ਲਈ ਰਿਪੋਰਟ ਸਰਕਾਰ ਨੂੰ ਭੇਜਣ ਦਾ ਭਰੋਸਾ ਦਿੱਤਾ ਪਰ ਕਿਸਾਨ ਆਪਣੇ ਹੋਏ ਨੁਕਸਾਨ ਲਈ ਥਰਮਲ ਪਲਾਟ ਨੂੰ ਜ਼ਿੰਮੇਵਾਰ ਦੱਸਦੇ ਹੋਏ ਪ੍ਰਸ਼ਾਸਨ ਕੋਲੋਂ ਮੰਗ ਕਰ ਰਹੇ ਸਨ ਕਿ ਥਰਮਲ ਪਲਾਟ ਦੇ ਅਧਿਕਾਰੀ ਨੁਕਸਾਨ ਦੀ ਪੂਰੀ ਭਰਪਾਈ ਕਰਨ ਅਤੇ ਇਸ ਦੀ ਲਿਖਤੀ ਜ਼ਿੰਮੇਵਾਰੀ ਪ੍ਰਸ਼ਾਸਨ ਖੁਦ ਲਵੇ। ਜੇ ਥਰਮਲ ਪਲਾਂਟ ਦੇ ਅਧਿਕਾਰੀਆਂ ਅਜਿਹਾ ਨਹੀਂ ਕਰਦੇ ਤਾਂ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਐਸਡੀਐਮ ਕੁਲਪ੍ਰੀਤ ਸਿੰਘ ਵੱਲੋ ਧਰਨਾਕਾਰੀਆਂ ਨੂੰ 12 ਹਜ਼ਾਰ ਰੁਪਏ ਪਰ ਏਕੜ ਮੁਆਵਜ਼ਾ ਦੇਣ ਦਾ ਵਿਸ਼ਵਾਸ ਦੁਆਉਂਦਿਆਂ ਕਿਹਾ ਕਿ ਖਰਚੇ ਅਨੁਸਾਰ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਹ ਆਪਣੀ ਰਿਪੋਰਟ ਵਿੱਚ 32 ਹਜ਼ਾਰ ਰੁਪਏ ਦੇ ਮੁਆਵਜ਼ੇ ਦੀ ਸਿਫਾਰਸ਼ ਕਰ ਕੇ ਸਰਕਾਰ ਨੂੰ ਭੇਜਣਗੇ। ਇਸ ਉਪਰੰਤ ਦੇਰ ਰਾਤ ਕਿਸਾਨਾਂ ਨੇ ਬਿਆਸ ਪੁਲ ’ਤੇ ਲਾਇਆ ਧਰਨਾ ਸਮਾਪਤ ਕਰ ਦਿੱਤਾ।
INDIA ਥਰਮਲ ਪਲਾਂਟ ਦੇ ਟਾਵਰ ਨੇੜੇ ਸੈਂਕੜੇ ਏਕੜ ਕਣਕ ਸੜੀ