ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਕੱਚੇ ਕਾਮਿਆਂ ਵੱਲੋਂ ਜੀਐੱਚਟੀਪੀ ਕੰਟਰੈਕਟ ਵਰਕਰਜ਼ ਯੂਨੀਅਨ ਲਹਿਰਾ ਮੁਹੱਬਤ ਦੇ ਝੰਡੇ ਹੇਠ ਲਗਾਇਆ ਪੱਕਾ ਮੋਰਚਾ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਕੜਾਕੇ ਦੀ ਠੰਢ ਵਿੱਚ ਪੰਜ ਦਿਨਾਂ ਤੋਂ ਪਰਿਵਾਰਾਂ ਸਣੇ ਸੰਘਰਸ਼ ਲੜ ਰਹੇ ਕਾਮਿਆਂ ਦੀ ਗੱਲ ਸੁਣਨ ਲਈ ਨਹੀਂ ਬਹੁੜਿਆ। ਥਰਮਲ ਦੇ ਚੀਫ਼ ਇੰਜਨੀਅਰ ਐਚਡੀ ਗੋਇਲ ਨੇ ਜੱਥੇਬੰਦੀ ਦੇ ਕੁੱਝ ਆਗੂਆਂ ਨਾਲ ਮੀਟਿੰਗ ਜ਼ਰੂਰ ਕੀਤੀ, ਜਿਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਕਾਮਿਆਂ ਨੇ ਸਰਕਾਰ ਤੇ ਪਾਵਰਕੌਮ ਦੇ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਥਰਮਲ ਬੰਦੀ ਤੋਂ ਪ੍ਰਭਾਵਿਤ ਪਿੰਡਾਂ ਵਿੱਚ ਝੰਡਾ ਮਾਰਚ ਕੀਤਾ। ਅਧਿਕਾਰੀਆਂ ਦੀ ਅਣਸੁਣੀ ਕਾਰਨ ਰੋਹ ਵਿੱਚ ਆਏ ਕਾਮਿਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ 28 ਦਸੰਬਰ ਤੱਕ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਈ ਤਾਂ ਉਹ 29 ਦਸੰਬਰ ਨੂੰ ਤਿੱਖਾ ਐਕਸ਼ਨ ਲੈਣਗੇ। ਜੱਥੇਬੰਦੀ ਦੇ ਪ੍ਰਧਾਨ ਜਗਰੂਪ ਸਿੰਘ, ਜਨਰਲ ਸਕੱਤਰ ਜਗਸੀਰ ਸਿੰਘ ਭੰਗੂ ਅਤੇ ਬਲਜਿੰਦਰ ਮਾਨ ਨੇ ਦੱਸਿਆ ਕਿ ਅੱਜ ਥਰਮਲ ਦੇ ਮੁੱਖ ਇੰਜਨੀਅਰ ਐਚਡੀ ਗੋਇਲ ਨੇ ਵੈੱਲਫੇਅਰ ਅਧਿਕਾਰੀ ਸੁਖਵੀਰ ਸਿੱਧੂ ਅਤੇ ਅਮਨਦੀਪ ਕੌਰ ਨੂੰ ਭੇਜ ਕੇ ਉਨ੍ਹਾਂ ਨੂੰ ਮੀਟਿੰਗ ਲਈ ਬੁਲਾਇਆ ਗਿਆ ਸੀ। ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਤੁਹਾਡੀਆਂ ਮੰਗਾਂ ਸਰਕਾਰ ਪੱਧਰੀ ਹਨ। ਸਰਕਾਰ ਜਾਂ ਪਾਵਰਕੌਮ ਦੇ ਪ੍ਰਬੰਧਕ ਹੀ ਕੁੱਝ ਕਰ ਸਕਦੇ ਹਨ। ਜਦੋਂ ਕਿ 15 ਸਤੰਬਰ ਨੂੰ ਪਟਿਆਲਾ ਵਿੱਚ ਹੋਈ ਮੀਟਿੰਗ ਦੌਰਾਨ ਡਾਇਰੈਕਟਰ ਆਰਕੇ ਪਾਂਡਵ ਨੇ ਕਿਹਾ ਸੀ ਕਿ ਥਰਮਲ ਦੀਆਂ ਲੋਕਲ ਮੰਗਾਂ ਬਾਰੇ ਮੁੱਖ ਇੰਜਨੀਅਰ ਤੋਂ ਲਿਖਵਾ ਕੇ ਭੇਜੋ। ਉਸ ਤੋਂ ਬਾਅਦ ਹੀ ਇਸ ਬਾਰੇ ਮੀਟਿੰਗ ਵਿੱਚ ਵਿਚਾਰਿਆ ਜਾ ਸਕੇਗਾ। ਆਗੂਆਂ ਨੇ ਮੰਗ ਕੀਤੀ ਕਿ ਥਰਮਲ ਪਲਾਂਟ ਲਹਿਰਾ ਮੁਹੱਬਤ ਨੂੰ ਚੱਲਦਾ ਰੱਖਿਆ ਜਾਵੇ, ਥਰਮਲ ਦੇ ਕੱਚੇ ਮੁਲਾਜ਼ਮਾਂ ਦੀ ਪਾਵਰਕੌਮ ਵਿੱਚ ਪੱਕੀ ਭਰਤੀ ਕੀਤਾ ਜਾਵੇ ਅਤੇ ਮਹਿੰਗਾਈ ਦਰ ਅਨੁਸਾਰ ਕਾਮਿਆਂ ਦੀ ਉਜਰਤ ਵਿੱਚ ਵਾਧਾ ਕੀਤਾ ਜਾਵੇ। ਇਸ ਸਬੰਧੀ ਮੁੱਖ ਇੰਜਨੀਅਰ ਐਚਡੀ ਗੋਇਲ ਨੇ ਕਿਹਾ ਕਿ ਇਹ ਠੇਕੇਦਾਰ ਦੇ ਮੁਲਾਜ਼ਮ ਹਨ। ਇਸ ਲਈ ਸਰਕਾਰੀ ਕੁਆਰਟਰ ਕਾਮਿਆਂ ਨੂੰ ਨਹੀਂ ਦੇ ਸਕਦੇ। ਉਜਰਤਾਂ ਵਿੱਚ ਵਾਧਾ ਕਰਨ ਅਤੇ ਅਣਸਕਿਲਡ ਵਰਕਰਾਂ ਬਾਰੇ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਜਾ ਰਿਹਾ ਹੈ। ਇਸ ਮੌਕੇ ਮਾਸਟਰ ਗੁਰਮਖ ਸਿੰਘ, ਅਮਿਤ ਬਾਂਸਲ, ਭਗਤ ਸਿੰਘ ਭੱਟੀ ਆਦਿ ਆਗੂਆਂ ਨੇ ਸੰਬੋਧਨ ਕੀਤਾ।
INDIA ਥਰਮਲ ਕਾਮਿਆਂ ਦਾ ਮੋਰਚਾ: ਪੰਜਵੇਂ ਦਿਨ ਵੀ ਕੋਈ ਅਧਿਕਾਰੀ ਨਾ ਬਹੁੜਿਆ