ਅਦਾਲਤ ਨੇ ਸਰਕਾਰੀ ਹਸਪਤਾਲ ਦੀ ਜੂਨੀਅਰ ਡਾਕਟਰ ਨੂੰ ਖ਼ੁਦਕੁਸ਼ੀ ਲਈ ਕਥਿਤ ਮਜਬੂਰ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਤਿੰਨ ਮਹਿਲਾ ਡਾਕਟਰਾਂ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਪੁਲੀਸ ਨੇ ਮਹਿਲਾ ਡਾਕਟਰ ਹੇਮਾ ਆਹੂਜਾ, ਭਗਤੀ ਮੇਹਰ ਤੇ ਅੰਕਿਤਾ ਖੰਡੇਲਵਾਲ 29 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। ਜੱਜ ਪੀ.ਬੀ.ਜਾਧਵ ਵੱਲੋਂ ਜ਼ਮਾਨਤ ਰੱਦ ਕੀਤੇ ਜਾਣ ਮਗਰੋਂ ਤਿੰਨੋਂ ਮੁਲਜ਼ਮਾਂ ਅਦਾਲਤ ਵਿੱਚ ਰੋ ਪਈਆਂ।
ਮੈਡੀਕਲ ਵਿੱਚ ਪੋਸਟ ਗਰੈਜੂਏਸ਼ਨ ਕਰ ਰਹੀ ਪਾਇਲ ਤੜਵੀ (26) ਦੂਜੇ ਸਾਲ ਦੀ ਵਿਦਿਆਰਥਣ ਸੀ। ਉਹ ਬੀ.ਵਾਈ.ਐੱਲ ਨਾਇਰ ਹਸਪਤਾਲ ਨਾਲ ਜੁੜੀ ਹੋਈ ਸੀ ਤੇ 22 ਮਈ ਨੂੰ ਉਸ ਨੇ ਹੋਸਟਲ ਦੇ ਆਪਣੇ ਕਮਰੇ ਵਿੱਚ ਕਥਿਤ ਖੁ਼ਦਕੁਸ਼ੀ ਕਰ ਲਈ। ਤੜਵੀ ਦੇ ਪਰਿਵਾਰ ਨੇ ਦਾਅਵਾ ਕੀਤਾ ਸੀ ਕਿ ਉਹਦੇ ਸੀਨੀਅਰ ਡਾਕਟਰ ਅਹੂਜਾ, ਮੇਹਰ ਤੇ ਖੰਡੇਲਵਾਲ ਜੂਨੀਅਰ ਵਿਦਿਆਰਥਣ ਦੀ ਰੈਗਿੰਗ ਕਰਨ ਦੇ ਨਾਲ ਉਸ ਦੀ ਜਾਤ ਨੂੰ ਲੈ ਕੇ ਟਿੱਪਣੀਆਂ ਕਰਦੇ ਸਨ ਤੇ ਇਹੀ ਵਜ੍ਹਾ ਹੈ ਕਿ ਤੜਵੀ ਨੂੰ ਇਹ ਸਿਰੇ ਦਾ ਕਦਮ ਚੁੱਕਣਾ ਪਿਆ। ਉਧਰ ਤਿੰਨੋਂ ਮੁਲਜ਼ਮਾਂ ਦੀ ਨੁਮਾਇੰਦਗੀ ਕਰ ਰਹੇ ਵਕੀਲ ਆਬਦ ਪੌਂਡਾ ਨੇ ਅਦਾਲਤ ਵਿੱਚ ਜਿਰ੍ਹਾ ਦੌਰਾਨ ਕਿਹਾ ਕਿ ਇਸ ਕੇਸ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੀ ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ ਕਿਉਂਕਿ ਉਸ ਦੇ ਮੁਵੱਕਿਲਾਂ ਨੇ ਤੜਵੀ ਨੂੰ ਆਪਣਾ ਕੰਮ ਸਹੀ ਤਰੀਕੇ ਨਾਲ ਕਰਨ ਲਈ ਹੀ ਝਿੜਕਿਆ ਸੀ।
INDIA ਤੜਵੀ ਖ਼ੁਦਕੁਸ਼ੀ ਕੇਸ: ਤਿੰਨ ਮਹਿਲਾ ਡਾਕਟਰਾਂ ਦੀ ਜ਼ਮਾਨਤ ਅਰਜ਼ੀ ਰੱਦ