………. ਤੇ ਸਾਹਬ ਦੋ ਘੰਟੇ ਬਾਹਰ ਹੀ ਨਾ ਆਇਆ

ਰਮੇਸ਼ ਬੱਗਾ ਚੋਹਲਾ

ਸਮਾਂ ਜ਼ਿੰਦਗੀ ਸਭ ਤੋਂ ਵੱਡਮੁੱਲਾ ਧਨ ਹੈ। ਇਸ ਧਨ ਦੀ ਸਹੀ ਤੇ ਸੁਰੱਖਿਅਤ ਸਾਂਭ-ਸੰਭਲ ਦਾ ਮਨੁੱਖੀ ਸ਼ਖਸੀਅਤ ਦੀ ਉਸਾਰੀ ਅਤੇ ਨਿਖ਼ਾਰੀ ਵਿਚ ਬਹੁਤ ਹੀ ਅਹਿਮਤਰੀਨ ਰੋਲ ਰਿਹਾ ਹੈ। ਸਮੇਂ ਦੀ ਸੁਚੱਜੀ ਅਤੇ ਸਹੀ ਵਰਤੋਂ ਕਾਫੀ ਹੱਦ ਤੱਕ ਭਾਵੇਂ ਕਿਸੇ ਵਿਅਕਤੀ ਵਿਸ਼ੇਸ਼ ਦੇ ਆਪਣੇ ਹੱਥ ਵੱਸ ਹੀ ਹੁੰਦੀ ਹੈ ਪਰ ਕਈ ਵਾਰ ਇਹ ਬਿਗਾਨਿਆਂ ਦੇ ਰਹਿਮ-ਉ-ਕਰਮ ‘ਤੇ ਵੀ ਨਿਰਭਰ ਕਰਦੀ ਹੈ।ਇਨ੍ਹਾਂ ਬਿਗਾਨਿਆਂ ਵਿਚ ਕਈ ਵਾਰ ਅਜਿਹੇ ਭੱਦਰ ਪੁਰਸ਼ ਵੀ ਮਿਲ ਜਾਂਦੇ ਹਨ ਜਿਹੜੇ ਤੁਹਾਡੇ ਕੀਮਤੀ ਸਮੇਂ ਦੀ ਕਦਰ ਨਾ ਕਰਕੇ ਨਾ ਸਿਰਫ਼ ਤੁਹਾਡੀ ਕਦਰ ਹੀ ਘਟਾਉਂਦੇ ਹਨ ਸਗੋਂ ਆਪਣੀ ਗ਼ੈਰ-ਜ਼ਿੰਮੇਵਾਰੀ ਦਾ ਸਬੂਤ ਵੀ ਦਿੰਦੇ ਹਨ। ਇਹ ਗ਼ੈਰ-ਜ਼ਿੰਮੇਵਾਰੀ ਕਈ ਵਾਰ ਤਾਂ ਉਨ੍ਹਾਂ ਮਹਾਂਪੁਰਖਾਂ ਵੱਲੋਂ ਦਿਖਾਈ ਜਾਂਦੀ ਹੈ ਜਿਹੜੇ ਸਮਾਜ ਦੀਆਂ ਕੁੱਝ ਨਾਮਵਾਰ ਸੰਸਥਾਵਾਂ/ਜਥੇਬੰਦੀਆਂ ਨਾਲ ਸਿੱਧੇ ਜਾਂ ਅਸਿੱਧੇ ਰੂਪ ਵਿਚ ਜੁੜੇ ਹੋਏ ਹਨ। ਇਹ ਲੋਕ ਕਈ ਵਾਰ ਆਪਣੇ ਵਿਅਕਤਿਤਵ ਦੇ ਨਿਆਰੇ ਅਤੇ ਉਚਿਆਰੇਪਨ ਦੀਆਂ ਗੱਲਾਂ ਤਾਂ ਬਹੁਤ ਕਰਦੇ ਹਨ ਪਰ ਇਨ੍ਹਾਂ ਦੇ ਬੋਲਾਂ ਤੇ ਅਮਲਾਂ ਵਿਚਲੀ ਵਿੱਥ ਇਨ੍ਹਾਂ ਦੀ ਸ਼ਖ਼ਸੀਅਤ ਨੂੰ ਬੌਣਾ ਕਰ ਦਿੰਦੀ ਹੈ। ਇਨ੍ਹਾਂ ਲੋਕਾਂ ਦਾ ਪ੍ਰਚਾਰ ਅਤੇ ਵਿਹਾਰ ‘ਹਾਥੀ ਦੇ ਦੰਦਾਂ’ ਤੋਂ ਵੱਧ ਕੇ ਕੁੱਝ ਵੀ ਨਹੀਂ ਹੁੰਦਾ। ਇਸ ਵਰਗ ਦੇ ਬਹੁਤੇ ਵਿਅਕਤੀਆਂ ਨੂੰ ਮਿਲਣ ਤੋਂ ਬਾਅਦ ਪਿੜ-ਪੱਲੇ ਸਿਰਫ਼ ਨਿਰਾਸ਼ਾ ਹੀ ਪੈਂਦੀ ਹੈ। ਇਸ ਤਰ੍ਹਾਂ ਦੀ ਨਿਰਾਸ਼ਾ ਕਈ ਵਾਰ ਦਾਸ ਦੇ ਪੱਲੇ ਵੀ ਪਈ ਹੈ।

ਹੋਇਆ ਇਸ ਤਰ੍ਹਾਂ ਕਿ ਇੱਕ ਦਿਨ ਮੈਂ ਆਪਣੇ ਮਹਾਂਨਗਰ ਦੀ ਇੱਕ ਜਾਣੀ-ਪਹਿਚਾਣੀ ਸੰਸਥਾ ਜੋ ਗੁਰੂ ਗੋਬਿੰਦ ਸਿੰਘ ਦੇ ਨਾਮ ‘ਤੇ ਆਪਣੀਆਂ ਧਾਰਮਿਕ ਅਤੇ ਸਮਾਜਿਕ ਸਰਗਰਮੀਆਂ ਵੱਖ-ਵੱਖ ਘੇਰੇ ਬਣਾ ਕੇ ਚਲਾਉਂਦੀ ਹੈ ਅਤੇ ਸਮਾਜਿਕ, ਸਭਿਆਚਰਕ ਤੇ ਧਾਰਮਿਕ ਸਮਾਗਮਾਂ ਰਾਹੀਂ ਇੱਕ ਵਿਸ਼ੇਸ਼ ਕਿਸਮ ਦੀ ਚੇਤਨਾ ਪੈਦਾ ਕਰਦੀ ਹੈ, ਵਿਚ ਕਿਸੇ ਅੰਸ਼ਕਾਲੀਨ ਰੁਜ਼ਗਾਰ ਦੀ ਭਾਲ ਵਿਚ ਚਲਾ ਗਿਆ। ਜਦੋਂ ਮੈਂ ਸੰਸਥਾ ਦੇ ਸੰਚਾਲਕ ਦੀ ਇੱਕ ਨਿੱਜ਼ੀ ਸਹਾਇਕ ਨੂੰ ਆਪਣੀ ਯੋਗਤਾ ਅਤੇ ਸਮਰੱਥਾ ਤੋਂ ਗਿਆਤ ਕਰਵਾਇਆ ਤਾਂ ਉਸ ਬੀਬੀ ਨੇ ਆਪਣੇ ਬੌਸ ਨਾਲ ਗੱਲ ਚਲਾਉਣ ਦੀ ਹਾਮੀ ਭਰਕੇ ਕੁੱਝ ਦਿਨ ਇੰਤਜ਼ਾਰ ਕਰਨ ਲਈ ਕਹਿ ਦਿੱਤਾ।ਇਸ ਇੰਤਜ਼ਾਰ ਦੇ ਦੋ ਕੁ ਦਿਨ ਲੰਘਣ ਤੋਂ ਬਾਅਦ ਉਸ ਬੀਬੀ ਦਾ ਮੋਬਾਇਲ ਖ਼ੜਕ ਗਿਆ ਜਿਸ ‘ਤੇ ਉਸ ਨੇ ਕਿਹਾ ਕਿ ‘ਮੈਂ ਆਪਣੇ ਬੌਸ ਨਾਲ ਤੁਹਾਡੇ ਬਾਰੇ ਗੱਲ ਕੀਤੀ ਸੀ ਅਤੇ ਉਨ੍ਹਾਂ ਨੇ ਅੱਜ ਪੰਜ ਵਜੇ ਤਹਾਨੂੰ ਮਿਲਣ ਲਈ ਬੁਲਾਇਆ ਹੈ, ਤੁਸੀਂ ਠੀਕ ਪੰਜ ਵਜੇ ਦਫ਼ਤਰ ਵਿਚ ਪਹੁੰਚ ਜਾਣਾ’।ਬੀਬੀ ਦਾ ਫ਼ੋਨ ਸੁਣ ਕੇ ਮੈਨੂੰ ਆਪਣੀ ਆਸ ਦੇ ਬੂਟੇ ਨੂੰ ਬੂਰ ਪੈਂਦਾ ਦਿਖਾਈ ਦੇਣ ਲੱਗਾ ਅਤੇ ਮੈਂ ਪੰਜ ਵਜੇ ਤੋਂ ਵੀ ਪਹਿਲਾਂ ਪਹੁੰਚਣ ਦੀ ਹਾਮੀ ਭਰਕੇ ਬੀਬੀ ਦਾ ਧੰਨਵਾਦ ਕਰ ਦਿੱਤਾ। ਉਸ ਦਿਨ ਆਪਣੇ ਕੁਝ ਜ਼ਰੂਰੀ ਰੁਝੇਵਿਆਂ ਨੂੰ ਟਾਲ ਕੇ ਮੈਂ ਆਪਣੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਉਸ ਮਹਾਂਪੁਰਖ ਦੇ ਦਰਸ਼ਨ-ਦੀਦਾਰ ਕਰਨ ਅਤੇ ਆਪਣੀ ਜੇਬ੍ਹ ਵਿਚ {ਤਨਖ਼ਾਹ ਦੇ ਰੂਪ ਵਿਚ} ਕੁੱਝ ਭਰਨ ਲਈ ਪਹੁੰਚ ਗਿਆ। ਜਦ ਮੈਂ ਦਫ਼ਤਰ ਵਿਚ ਅਪੜ ਕੇ ਬੀਬੀ ਜੀ ਨੂੰ ਫ਼ਤਿਹ ਬੁਲਾਈ ਤਾਂ ਉਸ ਨੇ ਖਿੜੇ ਮੱਥੇ ਨਾਲ ਮੈਨੂੰ ਜੀ ਆਇਆਂ ਕਿਹਾ ਅਤੇ ਇੱਕ ਕਮਰੇ ਬੈਠੇ ਆਪਣੇ ਬੌਸ ਨੂੰ ਮੇਰੀ ਆਮਦ ਦੀ ਜਾਣਕਾਰੀ ਦੇ ਦਿੱਤੀ। ਸ੍ਰੀਮਾਨ ਜੀ ਨੇ ਬੀਬੀ ਨੂੰ ਕਿਹਾ ਕਿ ਮੈਂ ਪੰਜ ਕੁ ਮਿੰਟਾਂ ਬਾਅਦ ਉਨ੍ਹਾਂ ਨੂੰ ਅੰਦਰ ਬੁਲਾਉਂਦਾ ਹਾਂ। ਇਹ ਸੁਣ ਕੇ ਮੈਂ ਉਸ ਥਾਂ ‘ਤੇ ਬੈਠ ਗਿਆ ਜਿਥੇ ਪਹਿਲਾਂ ਹੀ ਇੱਕ ਭਲਾ ਲੋਕ ਉਸ ਮਹਾਂਪੁਰਖ ਨੂੰ ਮਿਲਣ ਲਈ ਤਾਂਘ ਰਿਹਾ ਸੀ। ਉਸ ਭਲੇ ਪੁਰਸ਼ ਨੇ ਦੱਸਿਆ ਕਿ ਉਹ ਤਾਂ ਚਾਰ ਕੁ ਵਜੇ ਦਾ ਹੀ ਇਥੇ ਬੈਠ ਕੇ ਉਸ ਮਹਾਂਪੁਰਖ ਨੂੰ ਮਿਲਣ ਦੀ ਉਡੀਕ ਕਰ ਰਿਹਾ ਹੈ ਪਰ ਅਜੇ ਤੱਕ ਕੋਈ ਗੱਲ ਨਹੀਂ ਬਣੀ।

ਗੱਲੀਂ ਪਏ ਨੂੰ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੇਰੇ ਪੰਜ ਕੁ ਮਿੰਟ ਕਦੋਂ ਅੱਧੇ ਘੰਟੇ ਤੱਕ ਪਹੁੰਚ ਗਏ। ਦਿੱਤੇ ਹੋਏ ਸਮੇਂ ਤੋਂ ਵਧੇਰਾ ਸਮਾਂ ਹੋਣ ਕਰਕੇ ਮੇਰੀ ਚਿੰਤਾ ਦਾ ਪੱਧਰ ਕੁੱਝ ਵੱਧ ਗਿਆ ਅਤੇ ਇਸ ਦਾ ਇਜ਼ਹਾਰ ਮੈਂ ਸ੍ਰੀਮਾਨ ਜੀ ਦੀ ਸਹਾਇਕ ਬੀਬੀ ਕੋਲ ਜਾ ਕੀਤਾ। ਮੇਰੀ ਪਰੇਸ਼ਾਨੀ ਨੂੰ ਸਮਝ ਕੇ ਬੀਬੀ ਨੇ ਅੰਦਰ ਬੈਠੇ ਬੌਸ ਦੀ ਮੋਬਾਇਲ ਦੀ ਘੰਟੀ ਵਜਾ ਦਿੱਤੀ ਪਰ ਉਸ ਨੇ ਉਠਾਉਣ ਦੀ ਜ਼ਹਿਮਤ ਹੀ ਨਹੀਂ ਕੀਤੀ। ਦਫ਼ਤਰ ਦੀ ਛੁੱਟੀ ਦਾ ਵਕਤ ਛੇ ਵਜੇ ਦਾ ਸੀ ਜੋ ਕਿ ਚਿਰੋਕਣਾ ਖ਼ਤਮ ਹੋ ਚੁੱਕਾ ਸੀ ਪਰ ਸ੍ਰੀਮਾਨ ਜੀ ਵੱਲੋਂ ਇੰਤਜ਼ਾਰ ਲਈ ਮੈਨੂੰ ਦਿੱਤੇ ਪੰਜ ਮਿੰਟ ਅਜੇ ਵੀ ਲਮਕ ਰਹੇ ਸਨ। ਮੈਨੂੰ ਸ੍ਰੀਮਾਨ ਜੀ ਦੀ ਇਸ ਲਾਪਰਵਾਹੀ ਤੇ ਬਹੁਤ ਗੁੱਸਾ ਆ ਰਿਹਾ ਸੀ। ਇਸ ਲਾਪਰਵਾਹੀ ਕਰਕੇ ਮੇਰੇ ਕੀਮਤੀ ਵਕਤ ਦਾ ਡੇਢ ਘੰਟਾ ਖੂਹ ਵਿਚ ਪੈ ਚੱਲਿਆ ਸੀ। ਦਫ਼ਤਰ ਦੇ ਬਾਕੀ ਕਰਮਚਾਰੀ ਆਪੋ-ਆਪਣੇ ਘਰਾਂ ਵੱਲ ਚਲਾਣਾ ਕਰ ਗਏ ਸਨ ਪਰ ਸ੍ਰੀਮਾਨ ਜੀ ਪਤਾ ਨਹੀਂ ਅੰਦਰ ਕੀ ਗਿੱਲਾ ਪੀਹਣ ਪਾ ਕੇ ਬੈਠ ਗਏ ਸਨ ਕਿ ਉਨ੍ਹਾਂ ਨੂੰ ਬਾਹਰ ਵਾਲਿਆਂ ਦੀ ਕੋਈ ਸੁੱਧ-ਬੁੱਧ ਹੀ ਨਹੀਂ ਰਹੀ ਸੀ।

ਉਨ੍ਹਾਂ ਦੇ ਇਸ ਗ਼ੈਰ-ਜ਼ਿਮੇਵਾਰਨਾ ਵਤੀਰੇ ਤੋਂ ਉਨ੍ਹਾਂ ਦੀ ਨਿੱਜ਼ੀ ਸਹਾਇਕ ਵੀ ਡਾਢੀ ਪ੍ਰੇਸ਼ਾਨ ਹੋ ਗਈ ਸੀ ਕਿਉਂਕਿ ਇਸ ਬੇਲੋੜੀ ਦੇਰੀ ਕਾਰਨ ਉਸ ਦੇ ਚੁੱਲੇ-ਚੌਂਕੇ ਦਾ ਪ੍ਰਬੰਧ ਗੜਬੜਾਈ ਜਾ ਰਿਹਾ ਸੀ। ਵਿਚ ਵਿਚਾਲੇ ਕਈ ਵਾਰ ਮੇਰਾ ਮਨ ਵੀ ਬਿਨਾਂ ਮੁਲਾਕਾਤ ਕੀਤਿਆਂ ਹੀ ਉੱਠ ਜਾਣ ਨੂੰ ਕੀਤਾ ਪਰ ਲੱਗਭਗ ਪੰਦਰਾਂ ਕਿਲੋਮੀਟਰ ਦੇ ਸਫ਼ਰੀ ਦੁਹਰਾਓ ਤੋਂ ਬਚਣ ਲਈ ਮੈਂ ਕੌੜਾ ਘੁੱਟ ਕਰਕੇ ਕਦੇ ਸ੍ਰੀਮਾਨ ਜੀ ਨੂੰ ਅਤੇ ਕਦੇ ਆਪਣੇ ਆਪ ਨੂੰ ਕੋਸ ਲੈਂਦਾ। ਇਸ ਕੋਸ-ਕੋਸਾਈ ਦੌਰਾਨ ਹੀ ਤਕਰੀਬਨ ਸੱਤ ਵੱਜ ਗਏ ਸਨ। ਸੱਤ ਵਜੇ ਤੋਂ ਬਾਅਦ ਸ੍ਰੀਮਾਨ ਜੀ ਆਪਣੇ ਕਮਰੇ ਵਿਚੋਂ ਬਾਹਰ ਆ ਗਏ। ਜਦੋਂ ਉਨ੍ਹਾਂ ਦੀ ਸਹਾਇਕ ਨੇ ਮੇਰੀ ਪਹੁੰਚ ਦੇ ਮਨੋਰਥ ਤੋਂ ਜਾਣੂੰ ਕਰਵਾਇਆ ਤਾਂ ੳੇੁਨ੍ਹਾਂ ਗੋਲ-ਮੋਲ ਜਿਹਾ ਜਵਾਬ ਦੇ ਕੇ ਆਪਣਾ ਪੱਲਾ ਝਾੜ ਲਿਆ। ਉਨ੍ਹਾਂ ਦੇ ਇਸ ਟਰਕਾਲੋਜੀ ਵਾਲੇ ਵਤੀਰੇ ਕਾਰਨ ਮਨ ਹੋਰ ਵੀ ਦੁਖੀ ਹੋ ਗਿਆ। ਸੋਚਦਾ ਸਾਂ ਕਿ ਜੇਕਰ ਸ੍ਰੀਮਾਨ ਜੀ ਨੇ ਇਹ ਹੀ ਜਵਾਬ ਦੇਣਾ ਸੀ ਤਾਂ ਫਿਰ ਦੋ ਘੰਟੇ ਪਹਿਲਾਂ ਹੀ ਦਿੱਤਾ ਜਾ ਸਕਦਾ ਸੀ। ਇਸ ਦੋ ਹਰਫ਼ੀ ਗੱਲ ਬਦਲੇ ਮੇਰਾ ਦੋ ਘੰਟੇ ਦਾ ਬੇਸ਼ਕੀਮਤੀ ਸਮਾਂ ਬਰਬਾਦ ਕਰਨ ਦੀ ਕੀ ਜ਼ਰੂੂਰਤ ਸੀ।ਫਿਰ ਵੀ ਮੈਂ ਸ੍ਰੀਮਾਨ ਜੀ ਦਾ ਧੰਨਵਾਦ ਕਰਕੇ ਦਫ਼ਤਰ ਦੀਆਂ ਪਾਉੜੀਆਂ ੳੇੁਤਰ ਆਇਆ।

-ਰਮੇਸ਼ ਬੱਗਾ ਚੋਹਲਾ

 (ਲੁਧਿਆਣਾ) 9463132719

Previous articleAl Qaeda urges Indian Muslims to wage jihad against India
Next articleਡਾ. ਅੰਬੇਡਕਰ ਦੀ ਪ੍ਰਤਿਮਾ ਦਾ ਅਨਾਦਰ ਨਿੰਦਣਯੋਗ