ਮੁੱਖ ਮੁਲਜ਼ਮ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ; ਦੋ ਹੋਰ ਮੁਲਜ਼ਮ ਕਾਬੂ
ਪਿੰਡ ਤੇੜਾ ਖੁਰਦ ਵਿੱਚ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਤੇ ਤਿੰਨ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਉਨ੍ਹਾਂ ਦੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਅੱਜ ਪਿੰਡ ਤੇੜਾ ਖੁਰਦ ਵਿੱਚ ਉਨ੍ਹਾਂ ਦੇ ਜੱਦੀ ਘਰ ਨੇੜਲੇ ਖੇਤਾਂ ਵਿੱਚ ਕਰ ਦਿੱਤਾ ਗਿਆ।
ਬੀਤੀ ਸ਼ਾਮ ਦਵਿੰਦਰ ਕੌਰ ਤੇ ਉਸ ਦੇ ਛੋਟੇ ਲੜਕੇ ਲਵਰੂਪ ਸਿੰਘ ਦੀਆਂ ਲਾਸ਼ਾਂ ਦਾ ਸਸਕਾਰ ਕੀਤਾ ਗਿਆ ਸੀ ਜਦ ਕਿ ਅੱਜ ਬੇਟੀ ਸ਼ਰਨਜੀਤ ਕੌਰ ਤੇ ਲੜਕੇ ਉਂਕਾਰ ਸਿੰਘ ਦਾ ਵੀ ਸਸਕਾਰ ਕਰ ਦਿੱਤਾ ਗਿਆ। ਸਾਰੀਆਂ ਦੇਹਾਂ ਨੂੰ ਅਗਨੀ ਉਨ੍ਹਾਂ ਦੇ ਨਾਨਕੇ ਪਰਿਵਾਰ ਵੱਲੋਂ ਦਿੱਤੀ ਗਈ। ਇਸ ਮੌਕੇ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਦਮਦਮੀ ਟਕਸਾਲ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ, ਸ਼੍ਰੋਮਣੀ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ, ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ, ਆਪ ਆਗੂ ਕੁਲਦੀਪ ਸਿੰਘ ਧਾਲੀਵਾਲ, ਬਾਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਵਿਪਨ ਢੰਡ, ਲੋਕ ਇਨਸਾਫ਼ ਪਾਰਟੀ ਤੋਂ ਅਮਰੀਕ ਸਿੰਘ ਵਰਪਾਲ, ਲੋਕ ਇਨਸਾਫ ਪਾਰਟੀ ਦੇ ਆਗੂ ਜਗਜੋਤ ਸਿੰਘ ਖਾਲਸਾ, ਜਥੇਦਾਰ ਕੁਲਦੀਪ ਸਿੰਘ ਤੇੜਾ ਆਦਿ ਮੌਜੂਦ ਸਨ। ਥਾਣਾ ਝੰਡੇਰ ਦੇ ਐਸਐਚਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਕਤਲ ਕਾਂਡ ਦੇ ਮੁੱਖ ਦੋਸ਼ੀ ਹਰਵੰਤ ਸਿੰਘ ਨੂੰ ਬੀਤੀ ਰਾਤ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਨੂੰ ਅੱਜ ਜ਼ਿਲ੍ਹਾ ਕੋਰਟ ਅੰਮ੍ਰਿਤਸਰ ਵਿਚ ਜੱਜ ਅਰਜਨ ਪਾਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਉਸ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬਾਕੀ ਦੋ ਮੁਲਜ਼ਮਾਂ ਰਸ਼ਪਾਲ ਸਿੰਘ ਝੀਂਗੜ ਪੁੱਤਰ ਰੂਪਾ ਸਿੰਘ ਤੇ ਸੋਨੂੰ ਪੁੱਤਰ ਨਿਰੰਜਣ ਸਿੰਘ ਨੂੰ ਅੱਜ ਕਾਬੂ ਕਰ ਲਿਆ ਗਿਆ।