ਲੁਧਿਆਣਾ– ਬੀਤੀ ਰਾਤ ਤੋਂ ਲਾਪਤਾ ਚੱਲ ਰਹੇ ਰਿਸ਼ੀ ਨਗਰ ਦੇ ਜ਼ੈੱਡ ਬਲਾਕ ਦੇ ਵਸਨੀਕ ਰਣਜੀਤ ਸਿੰਘ ਚੌਹਾਨ (25) ਦਾ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਲਾਸ਼ ਖਾਲੀ ਪਲਾਟ ’ਚ ਸੁੱਟ ਦਿੱਤੀ। ਅੱਜ ਸਵੇਰੇ ਪਲਾਟ ’ਚ ਪਈ ਲਾਸ਼ ਨੂੰ ਕੁੱਤੇ ਖਾ ਰਹੇ ਸਨ। ਰਾਹਗੀਰਾਂ ਨੇ ਦੇਖਿਆ ਤਾਂ ਉਨ੍ਹਾਂ ਨੇ ਕੁੱਤਿਆਂ ਨੂੰ ਭਜਾ ਕੇ ਇਸ ਸਬੰਧੀ ਜਾਣਕਾਰੀ ਪੁਲੀਸ ਨੂੰ ਦਿੱਤੀ। ਪੁਲੀਸ ਦੇ ਆਉਣ ਤੱਕ ਕੁੱਤੇ ਲਾਸ਼ ਦਾ ਇੱਕ ਹਿੱਸਾ ਕਾਫ਼ੀ ਹੱਦ ਤੱਕ ਖਾ ਚੁੱਕੇ ਸਨ। ਸੂਚਨਾ ਮਿਲਣ ਤੋਂ ਬਾਅਦ ਪਰਿਵਾਰ ਵਾਲੇ ਵੀ ਮੌਕੇ ’ਤੇ ਪੁੱਜ ਗਏ। ਚਿਹਰਾ ਕਾਫ਼ੀ ਖਰਾਬ ਹੋ ਚੁੱਕਿਆ ਸੀ ਤੇ ਪਰਿਵਾਰ ਵਾਲਿਆਂ ਨੇ ਕੱਪੜੇ ਤੇ ਰਣਜੀਤ ਦੇ ਗਲੇ ’ਚ ਪਾਏ ਲੋਕੈਟ ਤੋਂ ਉਸ ਦੀ ਪਛਾਣ ਕੀਤੀ। ਰਣਜੀਤ ਦਾ ਪਰਸ ਤੇ ਮੋਬਾਈਲ ਫੋਨ ਗਾਇਬ ਸੀ, ਜਦੋਂ ਕਿ ਪੈਂਟ ਪੂਰੀ ਤਰ੍ਹਾਂ ਢਿੱਲੀ ਸੀ। ਪੁਲੀਸ ਨੇ ਫਿਲਹਾਲ ਇਸ ਮਾਮਲੇ ’ਚ ਅਣਪਛਾਤੇ ਕਾਤਲਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਜਾਂਚ ’ਚ ਲੱਗੀ ਹੋਈ ਹੈ ਤੇ ਦਾਅਵਾ ਕਰ ਰਹੀ ਹੈ ਕਿ ਜਲਦੀ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਏਸੀਪੀ ਵੈਸਟ ਸਮੀਰ ਵਰਮਾ ਨੇ ਦੱਸਿਆ ਕਿ ਰਣਜੀਤ ਸਿੰਘ ਚੌਹਾਨ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਫੈਜ਼ਾਬਾਦ (ਅਯੋਧਿਆ) ਦਾ ਰਹਿਣ ਵਾਲਾ ਸੀ। ਇੱਥੇ ਉਹ ਪੰਜ ਪੀਰ ਰੋਡ ’ਤੇ ਸਥਿਤ ਇੱਕ ਫੈਕਟਰੀ ’ਚ ਸਿਲਾਈ- ਕਢਾਈ ਦਾ ਕੰਮ ਕਰਦਾ ਸੀ। ਵੀਰਵਾਰ ਰਾਤ ਨੂੰ 8 ਵਜੇ ਦੇ ਕਰੀਬ ਉਹ ਫੈਕਟਰੀ ’ਚੋਂ ਨਿਕਲਿਆ ਸੀ। ਜਾਂਦੇ ਹੋਏ ਉਸ ਨੇ ਸਾਥੀ ਨੂੰ ਦੱਸਿਆ ਸੀ ਕਿ ਉਹ ਹੰਬੜਾ ਰੋਡ ’ਤੇ ਕੋਈ ਪਲਾਟ ਦੇਖਣ ਲਈ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਸਬਜ਼ੀ ਖਰੀਦ ਕੇ ਘਰ ਪਹੁੰਚੇਗਾ। ਉਸ ਦੇ ਸਾਥੀ ਨੇ ਉਸ ਨੂੰ ਇਹ ਵੀ ਕਿਹਾ ਕਿ ਐਨੇ ਹਨੇਰੇ ’ਚ ਕਿਹੜਾ ਪਲਾਟ ਦੇਖਣ ਜਾਣਾ ਹੈ, ਪਰ ਉਹ ਚਲਾ ਗਿਆ।
ਰਣਜੀਤ ਦੇ ਪਰਿਵਾਰ ਵਾਲਿਆਂ ਨੇ ਪਹਿਲਾਂ ਉਸ ਨੂੰ ਫੋਨ ਕੀਤਾ ਤਾਂ ਰਿੰਗ ਜਾ ਰਹੀ ਸੀ। ਕੁਝ ਸਮੇਂ ਬਾਅਦ ਪਰਿਵਾਰ ਵਾਲਿਆਂ ਨੇ ਫੋਨ ਕੀਤਾ ਤਾਂ ਫੋਨ ਬੰਦ ਆ ਰਿਹਾ ਸੀ। ਸ਼ੁੱਕਰਵਾਰ ਸਵੇਰੇ ਖਾਲੀ ਪਲਾਟ ’ਚ ਰਾਹਗੀਰਾਂ ਨੇ ਮੋਟਰਸਾਈਕਲ ਖੜ੍ਹਾ ਦੇਖਿਆ, ਪਰ ਮੋਟਰਸਾਈਕਲ ਦੇ ਨੇੜੇ ਕੋਈ ਨਹੀਂ ਸੀ। ਮੋਟਰਸਾਈਕਲ ਦੇ ਕੋਲ ਕਾਫ਼ੀ ਕੁੱਤੇ ਸਨ ਤੇ ਖੂਨ ਨਾਲ ਲਥਪਥ ਇਕ ਲਾਸ਼ ਪਈ ਸੀ। ਲੋਕਾਂ ਨੇ ਕੁੱਤਿਆਂ ਨੂੰ ਭਜਾ ਕੇ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਜਾਂਚ ਕੀਤੀ ਤਾਂ ਕੁੱਤੇ ਲਾਸ਼ ਦੇ ਇੱਕ ਹਿੱਸੇ ਦੇ ਨਾਲ ਨਾਲ ਸਿਰ ਤੇ ਚਿਹਰੇ ਨੂੰ ਵੀ ਬੁਰੀ ਤਰ੍ਹਾਂ ਖਾ ਚੁੱਕੇ ਸਨ। ਰਣਜੀਤ ਦੀ ਪੈਂਟ ਢਿੱਲੀ ਸੀ ਤੇ ਮੋਬਾਈਲ ਪਰਸ ਗਾਇਬ ਸੀ ਜਿਸ ਤੋਂ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਰਣਜੀਤ ਦੇ ਨਾਲ ਕੋਈ ਹੋਰ ਵੀ ਸੀ। ਪੁਲੀਸ ਨੇ ਪਰਿਵਾਰ ਵਾਲਿਆਂ ਨੂੰ ਘਟਨਾ ਸਥਾਨ ’ਤੇ ਸੱਦ ਕੇ ਪਛਾਣ ਕਰਵਾਈ। ਚਿਹਰਾ ਖਰਾਬ ਹੋਣ ਕਾਰਨ ਪਰਿਵਾਰ ਵਾਲਿਆਂ ਨੇ ਮੋਟਰਸਾਈਕਲ, ਕੱਪੜੇ ਤੇ ਗਲੇ ’ਚ ਪਾਏ ਲਾਕੇਟ ਤੋਂ ਪਛਾਣ ਕੀਤੀ। ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।
ਏਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਹਾਲੇ ਪੁਲੀਸ ਦੇ ਹੱਥ ਕੋਈ ਅਜਿਹਾ ਸਬੂਤ ਨਹੀਂ ਲੱਗਿਆ ਹੈ ਜਿਸ ਨਾਲ ਕਾਤਲਾਂ ਤੱਕ ਪਹੁੰਚਿਆ ਜਾ ਸਕੇ। ਪੁਲੀਸ ਇਸ ਮਾਮਲੇ ਦੀ ਜਾਂਚ ’ਚ ਲੱਗੀ ਹੋਈ ਹੈ। ਜਲਦੀ ਹੀ ਇਸ ਮਾਮਲੇ ਨੂੰ ਹੱਲ ਕਰ ਕੇ ਮੁਲਜ਼ਮਾਂ ਦਾ ਪਤਾ ਲਾ ਲਿਆ ਜਾਵੇਗਾ।
INDIA ਤੇਜ਼ਧਾਰ ਹਥਿਆਰ ਨਾਲ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ