ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਭਾਰਤ ਅਤੇ ਚੀਨ ਸਮੇਤ ਅੱਠ ਮੁਲਕਾਂ ਨੂੰ ਇਰਾਨ ਤੋਂ ਤੇਲ ਦਰਾਮਦ ਕਰਨ ਦੀ ਛੋਟ ਦੇਣ ਦੇ ਆਪਣੇ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਵਿਸ਼ਵ ਵਿੱਚ ਤੇਲ ਕੀਮਤਾਂ ਹੇਠਾਂ ਰੱਖਣ ਅਤੇ ਮਾਰਕਿਟ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਕੀਤਾ ਗਿਆ ਹੈ। ਅਮਰੀਕਾ ਨੇ ਸੋਮਵਾਰ ਨੂੰ ਇਰਾਨ ’ਤੇ ਸਖਤ ਪਾਬੰਦੀਆਂ ਆਇਦ ਕੀਤੀਆਂ ਸਨ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਅੱਠ ਮੁਲਕ ਭਾਰਤ, ਚੀਨ, ਇਟਲੀ, ਯੂਨਾਨ, ਜਾਪਾਨ, ਦੱਖਣੀ ਕੋਰੀਆ, ਤਾਇਵਾਨ ਅਤੇ ਤੁਰਕੀ ਨੂੰ ਆਰਜ਼ੀ ਤੌਰ ’ਤੇ ਇਰਾਨ ਤੋਂ ਤੇਲ ਦਰਾਮਦ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਟਰੰਪ ਨੇ ਵਾਸ਼ਿੰਗਟਨ ਦੇ ਬਾਹਰ ਐਂਡ੍ਰਿਊਜ਼ ਜੁਆਇੰਟ ਬੇਸ ’ਤੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ , ‘‘ਅਸੀਂ ਇਰਾਨ ’ਤੇ ਸਖਤ ਪਾਬੰਦੀਆਂ ਲਾਈਆਂ ਹਨ ਪਰ ਤੇਲ ’ਤੇ ਅਸੀਂ ਕੁਝ ਹੌਲੀ ਚੱਲਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਵਿਸ਼ਵ ਵਿੱਚ ਤੇਲ ਕੀਮਤਾਂ ਵਧਣ।’’ ਇਸ ਦੇ ਨਾਲ ਹੀ ਉਨ੍ਹਾਂ ਜ਼ੋਰ ਦਿੱਤਾ ਕਿ ਤੇਲ ਕੀਮਤਾਂ ਨੂੰ ਹੇਠਾਂ ਰੱਖਣ ਦੀਆਂ ਕੋਸ਼ਿਸ਼ਾਂ ਦਾ ਇਰਾਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅੱਠ ਮੁਲਕਾਂ ਨੂੰ ਤੇਲ ਦਰਾਮਦ ਦੀ ਛੋਟ ਦਿੱਤੇ ਜਾਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ ਮੈਂ ਮਹਾਂਨਾਇਕ ਨਹੀਂ ਬਣਨਾ ਚਾਹੁੰਦਾ ਤੇ ਉਸ ਨੂੰ ਯਕਦਮ ਸਿਫਰ ਨਹੀਂ ਕਰਨਾ ਚਾਹੁੰਦੇ। ਮੈਂ ਇਰਾਨ ਦੇ ਤੇਲ ਨੂੰ ਤੁਰਤ ਸਿਫਰ ਕਰ ਸਕਦਾ ਸੀ, ਇਸ ਨਾਲ ਮਾਰਕਿਟ ਨੂੰ ਨੁਕਸਾਨ ਹੋਣਾ ਸੀ। ਮੈਂ ਤੇਲ ਕੀਮਤਾਂ ਨਹੀਂ ਵਧਾਉਣਾ ਚਾਹੁੰਦਾ।’’ ਦੂਜੇ ਪਾਸੇ ਡੈਮੋਕਰੈਟਿਕ ਪਾਰਟੀ ਦੇ ਆਗੂਆਂ ਨੇ ਇਰਾਨ ਦੇ ਕੁਝ ਮੁੱਖ ਤੇਲ ਦਰਾਮਦਕਾਰਾਂ ਨੂੰ ਛੋਟ ਦੇਣ ਦੇ ਫੈਸਲੇ ਦੀ ਨਿਖੇਧੀ ਕੀਤੀ ਹੈ। ਸੰਸਦ ਵਿੱਚ ਡੈਮੋਕ੍ਰੈਟਿਕ ਵਿਪ੍ਹ ਸਟੇਨੀ ਐਚ ਹੋੋਇਰ ਨੇ ਦੋਸ਼ ਲਾਇਆ ਕਿ ਟਰੰਪ ਪ੍ਰਸ਼ਾਸਨ ਨੇ ਸਾਂਝੀ ਵਿਆਪਕ ਕਾਰਵਾਈ ਯੋਜਨਾ ਦੀਆਂ ਧੱਜੀਆਂ ਉਡਾਉਂਦਿਆਂ ਅਮਰੀਕਾ ਨੂੰ ਇਕੱਲਾ ਅਤੇ ਇਰਾਨ ਦੇ ਖ਼ਤਰਨਾਕ ਵਿਹਾਰ ਨੂੰ ਰੋਕਣ ਦੀਆਂ ਬਹੁਪੱਖੀ ਕੋਸ਼ਿਸ਼ਾਂ ਨੂੰ ਕਮਜ਼ੋਰ ਕੀਤਾ ਹੈ। ਕਾਂਗਰਸੀ ਆਗੂ ਐਡਮ ਸਕਿਫ(ਸੰਸਦ ਇੰਟੈਲੀਜੈਂਸ ਕਮੇਟੀ ਦੇ ਮੈਂਬਰ) ਨੇ ਕਿਹਾ ਕਿ ਬਿਨਾਂ ਤਰਕ ਪਾਬੰਦੀ ਲਾ ਕੇ ਟਰੰਪ ਯੂਰੋਪ ਖ਼ਿਲਾਫ਼ ਅਮਰੀਕਾ ਵਿੱਚ ਟੋਏ ਪੁੱਟ ਰਿਹਾ ਹੈ। ਡੈਮੋਕਰੈਟਿਕ ਸੈਨੇਟਰ ਟੌਮ ਉਡਲ ਜੋ ਸੰਸਦ ਦੇ ਵਿਦੇਸ਼ੀ ਸਬੰਧੀ ਕਮੇਟੀ ਦੇ ਮੈਂਬਰ ਵੀ ਹਨ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਟਰੰਪ ਪ੍ਰਸ਼ਾਸਨ ਮੱਧ ਪੂਰਵ ਵਿੱਚ ਘਾਤਕ ਜੰਗ ਵੱਲ ਵਧ ਰਿਹਾ ਹੈ।
World ਤੇਲ ਕੀਮਤਾਂ ਕਾਬੂ ਹੇਠ ਰੱਖਣ ਲਈ ਭਾਰਤ ਸਣੇ ਅੱਠ ਮੁਲਕਾਂ ਨੂੰ ਛੋਟ...