ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਭਾਜਪਾ ’ਤੇ ਵਰ੍ਹਦਿਆਂ ਕਿਹਾ,‘‘ਤੁਸੀਂ ਫਰਜ਼ੀ ਹਿੰਦੂ ਹੋ। ਜੇਕਰ ਤੁਹਾਡੇ ਮੈਂਬਰ ‘ਅਸਲੀ ਹਿੰਦੂ’ ਹੁੰਦੇ ਤਾਂ ਫਿਰ ਉਨ੍ਹਾਂ ਦਾ ਵਤੀਰਾ ਹੋਰ ਹੁੰਦਾ।’’ ਉਨ੍ਹਾਂ ਕਿਹਾ ਕਿ ਲੋਕ ਸੰਵਿਧਾਨ ਦੀ ਰਾਖੀ ਲਈ ਹੱਥਾਂ ’ਚ ਤਿਰੰਗੇ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਪਰ ਕੁਝ ਪ੍ਰਦਰਸ਼ਨਕਾਰੀਆਂ ਦੀ ਬੇਰਹਿਮੀ ਨਾਲ ਜਾਨ ਲੈ ਲਈ ਗਈ। ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਚੋਣ ਰੈਲੀ ਦੌਰਾਨ ਵਿਵਾਦਤ ਬਿਆਨ ਦਿੱਤਾ ਸੀ ਜਿਸ ਮਗਰੋਂ ਚੋਣ ਕਮਿਸ਼ਨ ਨੇ ਉਸ ’ਤੇ ਤਿੰਨ ਦਿਨ ਪ੍ਰਚਾਰ ਕਰਨ ’ਤੇ ਰੋਕ ਲਗਾ ਦਿੱਤੀ ਸੀ। ਰੋਹ ’ਚ ਆਏ ਕਾਂਗਰਸ ਮੈਂਬਰਾਂ ਨੇ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸਵਾਲ ਦਾਗ਼ੇ ‘ਆਪਕੀ ਗੋਲੀ ਕਹਾਂ ਹੈ?’ ਕੁਝ ਮੈਂਬਰਾਂ ਨੇ ਆਖਿਆ,‘ਗੋਲੀ ਮਾਰਨਾ ਬੰਦ ਕਰੋ।’ ਪ੍ਰਸ਼ਨਕਾਲ ਦੌਰਾਨ ਜਦੋਂ ਠਾਕੁਰ ਸਵਾਲਾਂ ਦੇ ਜਵਾਬ ਦੇ ਰਹੇ ਸਨ ਤਾਂ ਮੈਂਬਰਾਂ ਨੇ ਉਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਾਂਗਰਸ ਦੇ ਗੌਰਵ ਗੋਗੋਈ ਨੇ ਬਹਿਸ ’ਚ ਹਿੱਸਾ ਲੈਂਦਿਆਂ ਮੰਗ ਕੀਤੀ ਕਿ ਠਾਕੁਰ ਖ਼ਿਲਾਫ਼ ਢੁਕਵੇਂ ਕਾਨੂੰਨ ਤਹਿਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੀਨੀਅਰ ਆਗੂ ਮੰਤਰੀਆਂ ਨੂੰ ਭੜਕਾਊ ਭਾਸ਼ਣ ਦੇਣ ਦੇ ਨਿਰਦੇਸ਼ ਦੇ ਰਹੇ ਹਨ। ‘ਦਿੱਲੀ ਪੁਲੀਸ ਦੇ ਸਾਹਮਣੇ ਲੜਕੇ ਨੇ ਲੋਕਾਂ ’ਤੇ ਫਾਇਰਿੰਗ ਕੀਤੀ। ਉਹ ਕਿਸੇ ਤੋਂ ਪ੍ਰੇਰਿਤ ਜ਼ਰੂਰ ਹੋਇਆ ਹੋਵੇਗਾ। ਗੋਲੀ ਚਲਾਉਣ ਪਿੱਛੇ ਕੌਣ ਹੈ। ਇਹ ਮੰਤਰੀ ਜਾਂ ਉਹ ਲੜਕਾ ਨਹੀਂ ਹੋ ਸਕਦੇ।’