(ਸਮਾਜ ਵੀਕਲੀ)
ਸਿਮਰ ਨੇ ਐਮ ਏ ਦੀ ਪੜਾਈ ਖਤਮ ਕਰ ਲਈ ਤੇ ਨਤੀਜਾ ਆਉਣਾ ਅਜੇ ਬਾਕੀ ਸੀ । ਸਿਮਰ ਪਿੰਡ ਵਿੱਚ ਪਲੀ ਹੋਈ ਸੀ ਪਰ ਪੜਾਈ ਕਰਦੇ ਸਮੇਂ ਸ਼ਹਿਰ ਰਹਿਣ ਕਰਕੇ , ਸ਼ਹਿਰ ਦੇ ਲੋਕਾ ਵਾਰੇ ਤੇ ਰਹਿਣ ਸਹਿਣ ਵਾਰੇ ਵੀ ਚੰਗੀ ਤਰਾਂ ਜਾਣ ਚੁੱਕੀ ਸੀ।
ਅੱਜ ਸਿਮਰ ਦੇ ਘਰ ਮੁੰਡੇ ਵਾਲੇ ਸਿਮਰ ਨੂੰ ਦੇਖਣ ਆਉਣ ਵਾਲੇ ਸੀ , ਪੜਾਈ ਲਿਖਾਈ, ਕੱਦ ਕਾਠ, ਜਨਮ ਤਰੀਕਾ ਸਭ ਦੋਵਾਂ ਪਰਿਵਾਰਾਂ ਕੋਲ ਇੱਕ ਦੂਜੇ ਦੀਆਂ ਪਹੁੰਚ ਚੁੱਕੀਆਂ ਸੀ। ਬਸ ਅੱਜ ਤਾਂ ਕੁੜੀ ਮੁੰਡੇ ਨੂੰ ਦੇਖ ਦਿਖਾ ਕੇ ਰੋਕਾਂ ਕਰਨਾ ਸੀ।
ਹਰ ਕੁੜੀ ਦੀ ਤਰਾਂ ਸਿਮਰ ਦਾ ਚਾਅ ਵੀ ਅੱਜ ਸਿਖਰਾਂ ਤੇ ਸੀ ਤੇ ਉਹ ਬਹੁਤ ਖੁਸ਼ ਵੀ ਸੀ। ਮਨ ਹੀ ਮਨ ਸੋਚ ਰਹੀ ਸੀ ਕਿ ਮੁੰਡਾ ਡਾਕਟਰ ਹੈ , ਕਿੰਝ ਦਾ ਹਉਂ ਉਹ ? ਉੱਚਾ ਲੰਬਾ ਸਰਦਾਰ ਜਾ ਗਿੱਠਾ ਜਿਹਾ ? ਮੁੱਛਾਂ ਖੁੰਢੀਆਂ ਜਾ ਆਮ ਜਹੀ ? ਕੁੜਤਾ ਪਾ ਕੇ ਆਉ ਜਾ ਪੈਂਟ ਕਮੀਜ਼ ? ਦਸਤਾਰ ਸਜਾ ਕੇ ਆਵੇਗਾ ਜਾ ਦੁਮਾਲਾ ?
ਮੁੰਡੇ ਵਾਲੇ ਦਿੱਤੇ ਹੋਏ ਵਕਤ ਤੋਂ ਪੂਰਾ ਡੇਢ ਘੰਟਾ ਕਵੇਲ਼ਾ ਕਰਕੇ ੧੦ ਜਾਣੇ ਆਏ ਸਨ । ਮੁੰਡੇ ਦੇ ਪਿਉ ਨੇ ਆਉਂਦੇ ਸਾਰ ਕਹਿ ਦਿੱਤਾ ਕਿ ਸੋਨੀ (ਮੁੰਡਾ) ਨਾਈ ਦੇ ਗਿਆ ਸੀ ਤਾਂ ਕਵੇਲ਼ਾ ਹੋ ਗਿਆ ਜੀ। ਮੇਲ ਮਿਲਾਪ ਕਰਨ ਉਪਰੰਤ ਦੋਵੇਂ ਪਰਿਵਾਰ ਦੇ ਜੀਅ ਬੈਠ ਜਾਂਦੇ ਹਨ। ਸਿਮਰ ਨੂੰ ਮਾਂ ਨੇ ਚਾਹ ਲਿਆਉਣ ਲਈ ਕਿਹਾ ਤਾਂ ਕਿ ਉਹ ਵੀ ਆਏ ਮਹਿਮਾਨਾਂ ਵਿੱਚ ਆ ਬੈਠੇ। ਦੋਵੇਂ ਪਰਿਵਾਰ ਬਹੁਤ ਖੁਸ਼ ਸਨ ਤੇ ਇੱਕ ਦੂਜੇ ਨਾਲ ਸਾਰੇ ਗੱਲਾ ਬਾਤਾਂ ਕਰ ਰਹੇ ਸਨ ਕਿ ਇੰਨੇ ਨੂੰ ਸਿਮਰ ਚਾਹ ਲੈ ਕੇ ਆ ਗਈ । ਸਿਮਰ ਨੇ ਕੱਪਾਂ ਵਾਲਾ ਥਾਲ਼ ਹਰ ਇੱਕ ਦੇ ਮੁਹਰੇ ਕੀਤਾ ਤੇ ਇਕੱਲੇ ਇਕੱਲੇ ਨੂੰ ਕੱਪ ਚੁੱਕਣ ਲਈ ਪਿਆਰ ਨਾਲ ਬੇਨਤੀ ਕੀਤੀ । ਕੱਪ ਫੜਾਉਂਦੇ ਸਮੇਂ ਉਹ ਸੱਤ ਸ੍ਰੀ ਅਕਾਲ ਕਹਿਣ ਦੇ ਨਾਲ ਨਾਲ ਹਰ ਇੱਕ ਦਾ ਚਿਹਰਾ ਵੀ ਤੱਕ ਰਹੀ ਸੀ।
ਸਭ ਨੂੰ ਚਾਹ ਵਰਤਾਉਣ ਮਗਰੋਂ ਉਹ ਨੀਵੀਂ ਪਾ ਬੈਠ ਸੋਚਣ ਲੱਗੀ ਕਿ ਮੁੰਡਾ ਕਿਹੜਾ ਹੈ? ਨਾਲ ਨਹੀਂ ਲਿਆਂਦਾ ? ਬਾਪੂ ਜੀ ਕਹਿੰਦੇ ਸੀ ਸਰਦਾਰਾ ਦਾ ਪੁੱਤ ਸਰਦਾਰ ਹੀ ਹੋਣਾ ਆ ! ਚਾਹ ਪੀਣ ਉਪਰੰਤ ਮੁੰਡੇ ਦੇ ਪਿਉ ਨੇ ਮੁੰਡੇ ਨੂੰ ਕਿਹਾ ਜਾ ਪੁੱਤ ਜੇ ਤੂੰ ਕੁਝ ਪੁੱਛਣਾ ਚਾਹੁੰਦਾ ਤਾਂ ਉੱਪਰ ਜਾਉ ਪੁੱਤਰ ਤੇ ਨਾਲ ਸਿਮਰ ਨੂੰ ਲੈ ਜਾਉ ਤੇ ਇੱਕ ਦੂਜੇ ਨਾਲ ਗੱਲ-ਬਾਤ ਕਰ ਲਉ । ਸਾਡੀ ਤਰਫ ਤੋਂ ਤਾਂ ਹਾਂ ਹੀ ਹੈ ਜੀ । ਸਿਮਰ ਦੇ ਪਿਤਾ ਜੀ ਨੇ ਵੀ ਮੁੰਡੇ ਦੇ ਪਿਤਾ ਜੀ ਨੂੰ ਕਿਹਾ ਸਾਡੇ ਵੱਲੋਂ ਤਾਂ ਪਹਿਲੇ ਦਿਨ ਤੋਂ ਹੀ ਹਾਂ ਸੀ ਸਰਦਾਰ ਜੀ ।
ਸਿਮਰ ਦੀ ਮਾਂ ਨੇ ਕਿਹਾ ਜਾ ਨਿੰਮੋ ਇਹਨਾਂ ਦੋਵਾਂ ਨੂੰ ਉੱਪਰ ਛੱਤ ਤੇ ਛੱਡ ਆ । ਕਾਹਲ਼ੀ ਨਾਲ ਦੋਵਾਂ ਨੂੰ ਉੱਪਰ ਛੱਡ ਨਿੰਮੋ ਥੱਲੇ ਆ ਗਈ।
ਸਿਮਰ ਨੇ ਆਪ ਸਲਾਈ ਕੀਤਾ ਪਸ਼ਮੀਨੇ ਦਾ ਨਿੱਕੀ ਨਿੱਕੀ ਬੂਟੀ ਵਾਲਾ ਪਟਿਆਲ਼ਾ ਸ਼ਾਹੀ ਗਰਮ ਸੂਟ ਤੇ ਨਾਲ ਬੂਟੀਆਂ ਵਾਲਾ ਸ਼ਾਲ ਲਿਆ ਸੀ , ਲੰਬੇ ਵਾਲ ਹੋਣ ਕਰਕੇ ਲੰਬੀ ਗੁੱਤ ਕੀਤੀ ਹੋਈ ਸੀ, ਨਾਲ ਸਕੀਵੀ ਪਾਈ ਹੋਈ ਸੀ , ਤਿੱਲੇ ਵਾਲੀ ਕਸੂਰੀ ਜੁੱਤੀ ਪਾ ਕੇ ਸਿਮਰ ਪੂਰੀ ਠੇਠ ਪੰਜਾਬਣ ਬਣੀ ਹੋਈ ਸੀ । ਮੁੰਡੇ ਨੇ ਦੇਖਦੇ ਸਾਰ ਕਿਹਾ ਸਿਮਰ ਮੈਨੂੰ ਤੁਸੀਂ ਬਹੁਤ ਬਹੁਤ ਜ਼ਿਆਦਾ ਪਸੰਦ ਹੋ ਮੇਰੇ ਵੱਲੋਂ ਤਾਂ ਕੱਲ ਹੀ ਵਿਆਹ ਕਰ ਲਈਏ ? ਤੁਸੀਂ ਵੀ ਮੈਨੂੰ ਇੱਕ ਵਾਰ ਦੇਖ ਲਉ ਤੁਸੀਂ ਤਾਂ ਅੱਖਾ ਹੀ ਨੀ ਚੁੱਕੀਆਂ ।
ਮੁੰਡੇ ਦੀ ਗੱਲ ਸੁਣ ਸਿਮਰ ਨੀਵੀਂ ਪਾਈ ਸੋਚ ਰਹੀ ਮੇਰੇ ਪਰਿਵਾਰ ਦੇ ਬਜ਼ੁਰਗਾਂ ਨੇ ਹਾਂ ਕਰ ਦਿੱਤੀ ਹੈ ਤਾਂ ਮੇਰੇ ਦੇਖਣ ਦੀ ਕੀ ਲੋੜ ਹੈ , ਮੈਨੂੰ ਮਾਂ -ਬਾਪੂ ਤੇ ਪੂਰਾ ਭਰੋਸਾ ਉਹ ਮੇਰੇ ਲਈ ਦੁਨੀਆ ਦਾ ਉੱਤਮ ਵਰ ਹੀ ਲੱਭ ਕੇ ਲਿਆਉਣਗੇ । ਮੁੰਡੇ ਦੇ ਦੂਜੀ ਵਾਰ ਕਹਿਣ ਤੇ ਸਿਮਰ ਨੇ ਨਿਗਾਹਾਂ ਉੱਪਰ ਕੀਤੀ ਤਾਂ ਉਹ
ਦੇਖਦੀ ਹੈ ਕਿ ਮਰਦ ਦੀ ਅਸਲ ਨਿਸ਼ਾਨੀ ਮੂੰਹ ਤੇ ਕੋਈ ਦਾੜੀ ਮੁੱਛ ਨਹੀਂ, ਭਰਵੱਟੇ ਕਾਲੇ ਰੰਗ ਨਾਲ ਕਾਲੇ ਕੀਤੇ ਹੋਏ, ਬੁੱਲ ਕਾਲੇ ਜਿਵੇਂ ਬੀੜੀਆਂ ਪੀ ਪੀ ਕੀਤੇ ਹੁੰਦੇ , ਦਸ ਬਾਰਾ ਇੰਚ ਲੰਬੇ ਵਾਲ ਤੇ ਉੱਪਰ ਤੇ ਹੇਅਰਬੈਂਡ ਲਾਇਆ ਹੋਈਆ , ਲਾਲ ਬੂਟ ਉਹ ਵੀ ਅੱਡੀ ਵਾਲੇ, ਪੀਲ਼ੀ ਕਮੀਜ਼ ਤੇ ਗੂੜੀ ਲਾਲ ਸੂਹੀ ਜਾਕਟ , ਬਾਂਹਾਂ ਵਿੱਚ ਧਾਗੇ ਦੇ ਬਣੇ ਹੋਏ ਵੱਖਰੇ ਵੱਖਰੇ ਰੰਗਾ ਦੇ ਧਾਗਾ ਗੁੰਦੇ ਤਵੀਤ ਪਾਏ ਹੋਏ ਸੀ , ਕੰਨਾਂ ਵਿੱਚ ਕੁੜੀਆਂ ਵਾਂਗ ਮੁਰਕੀਆਂ ਪਾਈ ਹੋਈ ਸੀ !
ਸਿਮਰ ਬਹੁਤ ਹੈਰਾਨੀ ਨਾਲ ਕੁਝ ਪਲ਼ ਦੇਖਦੀ ਹੈ ਤੇ ਉਹ ਬਹੁਤ ਡਰੀ ਹੋਈ ਮੁੰਡੇ ਨੂੰ ਪੁੱਛਣ ਲੱਗੀ ਤੁਸੀਂ ਉਹ ਹੋ ? ਕਿਰਪਾ ਕਰਕੇ ਦੱਸੋ ਤੁਸੀ ਪੱਕਾ ਉਹ ਹੀ ਹੋ ?
ਘਬਰਾਈ ਹੋਈ ਸਿਮਰ ਛੱਤ ਤੋਂ ਥੱਲੇ ਚਲੀ ਗਈ ਤੇ ਮਾਂ ਨੂੰ ਪੁੱਛਣ ਲੱਗੀ …… ਮੰਮੀ ਇਹ ਉਹ ਆ ?
ਪੁੱਤ ਕੋਣ ? ਧੀਏ ਕੀ ਕਹਿ ਰਹੀ ਤੂੰ ਸਿੱਧਾ ਸਿੱਧਾ ਪੁੱਛ ਕੀ ਪੁੱਛਣਾ ਪੁੱਤ ? ਸਾਰੇ ਮਹਿਮਾਨ ਤੇਰੇ ਵੱਲ ਵੇਖ ਰਹੇ !
ਮੁੰਡਾ ਵੀ ਇੰਨੇ ਨੂੰ ਥੱਲੇ ਆ ਜਾਂਦਾ ਤੇ ਕਹਿੰਦਾ ਮੇਰੇ ਕੋਲ਼ੋਂ ਸਿਮਰ ਕੁਝ ਪੁੱਛ ਰਹੀ ਸੀ ਪਰ ਮੈਨੂੰ ਸਮਝ ਨੀ ਆਈ ।
ਸਿਮਰ ਸਭ ਦੇ ਅੱਗੇ ਹੱਥ ਜੋੜ ਖਲੋ ਜਾਂਦੀ ਹੈ ਤੇ ਆਖਦੀ ਹੈ ਮੁਆਫ ਕਰਨਾ ਮੇਰੇ ਮਾਂ ਬਾਪੂ ਨੇ ਮੈਨੂੰ ਇਹ ਹੱਕ ਦਿੱਤਾ ਹੈ ਕਿ ਮੈਂ ਹੋਣ ਵਾਲੇ ਜੀਵਨ ਸਾਥੀ ਨੂੰ ਪਸੰਦ ਜਾ ਨਾ ਪਸੰਦ ਕਹਿ ਸਕਦੀ ਹਾਂ । ਮੈਂ ਕੋਈ ਵੀ ਫੈਸਲਾ ਕਰਨ ਤੋਂ ਪਹਿਲਾ ਮੈਂ ਪਹਿਲਾ ਜਾਨਣਾ ਚਾਹੁੰਦੀ ਹਾਂ ਕਿ ਇਹ ਉਹ ਹੈ ?
ਕਿਸੇ ਕੋਲ ਕੋਈ ਜਵਾਬ ਨੀ ਸੀ ਤੇ ਮੁੰਡੇ ਵਾਲੇ ਸ਼ਰਮਿੰਦਾ ਹੋ ਦਲਾਨ ਵਿੱਚੋਂ ਬਾਹਰ ਨੂੰ ਚਲੇ ਗਏ।
ਇਸ ਵਾਰਤਾ ਤੋਂ ਇਹ ਜ਼ਰੂਰ ਸਿੱਧ ਹੁੰਦਾ ਕਿ ਕੋਈ ਕਿੰਨੀ ਵੱਡੀ ਪੜਾਈ ਕਰ ਚੁੱਕਿਆ ਹੋਵੇ ਜਾ ਅਨਪੜ੍ਹ ਵੀ ਹੋਵੇ ਪਰ ਪਹਿਰਾਵਾ ਇਨਸਾਨ ਦੀ ਵੱਡੀ ਪਹਿਚਾਣ ਹੈ । ਚੰਗਾ ਪਹਿਨੋ ਜੋ ਸਭ ਨੂੰ ਚੰਗਾ ਲੱਗੇ । ਚੰਗੇ ਇਨਸਾਨ ਬਣੋ ।
ਸਾਡੇ ਬਜ਼ੁਰਗਾਂ ਸੋਲਾਂ ਆਨੇ ਸੱਚ ਕਿਹਾ ……… ਖਾਈਏ ਮਨ ਭਾਉਂਦਾ …….ਪਹਿਨੀਏ ਜੱਗ ਭਾਉਂਦਾ ……!
ਸਰਬਜੀਤ ਸਿੰਘ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly