ਆਸਟਰੇਲੀਆ ਨੇ ਮਾਰਨਸ ਲਾਬੂਸ਼ਾਨੇ ਦੇ ਦੂਹਰੇ ਸੈਂਕੜੇ ਦੀ ਬਦੌਲਤ ਅੱਜ ਤੀਜੇ ਟੈਸਟ ਦੇ ਦੂਜੇ ਦਿਨ ਪਹਿਲੀ ਪਾਰੀ ਵਿੱਚ 454 ਦੌੜਾਂ ਦਾ ਵੱਡਾ ਸਕੋਰ ਬਣਾਇਆ, ਅਤੇ ਇਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਨੇ ਚੌਕਸੀ ਨਾਲ ਸ਼ੁਰੂਆਤ ਕੀਤੀ। ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਉਤਰੇ ਲਾਬੂਸ਼ਾਨੇ ਨੇ ਸਿਡਨੀ ਵਿੱਚ 215 ਦੌੜਾਂ ਦੀ ਪਾਰੀ ਖੇਡ ਕੇ ਆਪਣਾ ਸਰਵੋਤਮ ਟੈਸਟ ਸਕੋਰ ਬਣਾਇਆ। ਆਸਟਰੇਲਿਆਈ ਟੀਮ ਦੂਜੇ ਦਿਨ ਚਾਹ ਦੇ ਸੈਸ਼ਨ ਤੋਂ ਪਹਿਲਾਂ ਆਊਟ ਹੋ ਗਈ।
ਇਸਦੇ ਜਵਾਬ ਵਿੱਚ ਨਿਊਜ਼ੀਲੈਂਡ ਨੇ ਸਾਵਧਾਨੀ ਨਾਲ ਸ਼ੁਰੂਆਤ ਕਰਦਿਆਂ ਆਖ਼ਰੀ ਸੈਸ਼ਨ ਵਿੱਚ ਬਿਨਾਂ ਵਿਕਟ ਗੁਆਏ 63 ਦੌੜਾਂ ਬਣਾਈਆਂ। ਦਿਨ ਦੀ ਖੇਡ ਖ਼ਤਮ ਹੋਣ ਤੱਕ ਕਪਤਾਨ ਟੌਮ ਲਾਥਮ 26 ਅਤੇ ਟੌਮ ਬਲੰਡੇਲ 34 ਦੌੜਾਂ ਬਣਾ ਕੇ ਕ੍ਰੀਜ਼ ’ਤੇ ਡਟੇ ਹੋਏ ਹਨ।
ਅੱਜ ਦਾ ਦਿਨ ਵੀ ਲਾਬੂਸ਼ਾਨੇ ਦੇ ਨਾਮ ਰਿਹਾ, ਜਿਸਨੇ 199 ਦੌੜਾਂ ਦੇ ਸਕੋਰ ’ਤੇ 20 ਮਿੰਟ ਤੱਕ ਪਸੀਨਾ ਵਹਾਇਆ। ਉਸ ਨੇ ਕੋਲਿਨ ਡੀ ਗਰੈਂਡਹੋਮ ਦੀ ਗੇਂਦ ’ਤੇ ਚੌਕਾ ਮਾਰ ਕੇ ਆਪਣਾ ਦੂਹਰਾ ਸੈਂਕੜਾ ਪੂਰਾ ਕੀਤਾ। ਉਸਨੇ ਇਹ ਪ੍ਰਾਪਤੀ 363 ਗੇਂਦਾਂ ਵਿੱਚ ਪੂਰੀ ਕੀਤੀ, ਜਿਸ ਵਿੱਚ 19 ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ। ਇਸ ਤਰ੍ਹਾਂ ਉਸਨੇ ਆਪਣੇ 185 ਦੌੜਾਂ ਦੇ ਟੈਸਟ ਰਿਕਾਰਡ ਨੂੰ ਪਛਾੜ ਦਿੱਤਾ, ਜੋ ਉਸ ਨੇ ਬੀਤੇ ਸਾਲ ਨਵੰਬਰ ਮਹੀਨੇ ਬ੍ਰਿਸਬਨ ਵਿੱਚ ਪਾਕਿਸਤਾਨ ਖ਼ਿਲਾਫ਼ ਬਣਾਇਆ ਸੀ। ਲਾਬੂਸ਼ਾਨੇ 1104 ਦੌੜਾਂ ਬਣਾ ਕੇ ਬੀਤੇ ਸਾਲ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਰਿਹਾ ਸੀ। ਉਸ ਨੇ ਨਵੇਂ ਸਾਲ ਦੀ ਸ਼ੁਰੂਆਤ ਵੀ ਇਸੇ ਲੈਅ ਨਾਲ ਕੀਤੀ ਹੈ। ਲੈੱਗ ਸਪਿੰਨਰ ਟੋਡ ਐਸਲੇ ਨੇ ਆਪਣੀ ਹੀ ਗੇਂਦ ’ਤੇ ਕੈਚ ਲੈ ਕੇ ਲਾਬੂਸ਼ਾਨੇ ਦੀ ਪਾਰੀ ਦਾ ਅੰਤ ਕੀਤਾ। ਲਾਬੂਸ਼ਾਨੇ ਦਾ ਦੂਹਰਾ ਸੈਂਕੜਾ ਪੂਰਾ ਹੋਣ ਸਮੇਂ ਕਪਤਾਨ ਟਿਮ ਪੇਨ ਬੱਲੇਬਾਜ਼ੀ ਦੇ ਦੂਜੇ ਸਿਰੇ ਸੀ। ਉਹ 35 ਦੌੜਾਂ ਦੇ ਨਿੱਜੀ ਸਕੋਰ ’ਤੇ ਡੀ ਗਰੈਡਹੋਮ ਦਾ ਸ਼ਿਕਾਰ ਬਣਿਆ। ਪੇਨ ਨੇ ਲਾਬੂਸ਼ਾਨੇ ਨਾਲ 79 ਦੌੜਾਂ ਦੀ ਭਾਈਵਾਲੀ ਕਰ ਕੇ ਆਸਟਰੇਲੀਆ ਨੂੰ 400 ਦੌੜਾਂ ਦੇ ਸਕੋਰ ਤੋਂ ਪਾਰ ਪਹੁੰਚਾਇਆ। ਆਸਟਰੇਲੀਆ ਨੇ ਸਵੇਰੇ ਤਿੰਨ ਵਿਕਟਾਂ ’ਤੇ 283 ਦੌੜਾਂ ਤੋਂ ਖੇਡਣਾ ਸ਼ੁਰੂ ਕੀਤਾ ਸੀ। ਦਿਨ ਦੇ ਪਹਿਲੇ ਹੀ ਓਵਰ ਵਿੱਚ ਮੈਥਿਊ ਵੇਡ ਸਪਿੰਨਰ ਵਿੱਲ ਸਮਰਵਿਲੇ ਦੀ ਗੇਂਦ ’ਤੇ ਸ਼ਾਟ ਮਾਰਨ ਦੇ ਚੱਕਰ ਵਿੱਚ ਆਊਟ ਹੋ ਗਿਆ ਅਤੇ ਰਾਤ ਦੇ 22 ਦੌੜਾਂ ਦੇ ਸਕੋਰ ਵਿੱਚ ਇੱਕ ਵੀ ਦੌੜ ਨਹੀਂ ਜੋੜ ਸਕਿਆ। ਮੈਟ ਹੈਨਰੀ ਨੇ ਟਰੈਵਿਸ ਹੈੱਡ (ਦਸ ਦੌੜਾਂ) ਨੂੰ ਬਾਹਰ ਦਾ ਰਸਤਾ ਵਿਖਾਇਆ। ਹੈਨਰੀ ਆਪਣੇ ਖੱਬੇ ਹੱਥ ਵਿੱਚ ਫਰੈਕਚਰ ਦੇ ਬਾਵਜੂਦ ਗੇਂਦਬਾਜ਼ੀ ਕਰ ਰਿਹਾ ਸੀ।ਆਸਟਰੇਲੀਆ ਦੇ ਜੰਗਲ ਵਿੱਚ ਸਭ ਤੋਂ ਭਿਆਨਕ ਅੱਗ ਲੱਗੀ ਹੋਈ ਹੈ, ਜਿਸ ਵਿੱਚ ਘੱਟੋ-ਘੱਟ 20 ਜਾਨਾਂ ਗਈਆਂ ਹਨ। ਧੂੰਆਂ ਫੈਲਣ ਕਾਰਨ ਅੰਪਾਇਰ ਦੇ ਫ਼ੈਸਲੇ ਮਗਰੋਂ ਖੇਡ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ। ਹਾਲਾਂਕਿ ਅਜੇ ਤੱਕ ਮੈਦਾਨ ਉਪਰ ਅਸਮਾਨ ਸਾਫ਼ ਹੈ।
Sports ਤੀਜਾ ਟੈਸਟ: ਪਹਿਲੀ ਪਾਰੀ ’ਚ ਲਾਬੂਸ਼ਾਨੇ ਦਾ ਦੂਹਰਾ ਸੈਂਕੜਾ