ਤਿੰਨ ਸੂਬਿਆਂ ਦੇ ਪੁਲੀਸ ਅਫ਼ਸਰਾਂ ਨੇ ਤਸਕਰਾਂ ਤੇ ਗੈਂਗਸਟਰਾਂ ਦੇ ਰਾਹ ਰੋਕਣ ਲਈ ਸਿਰ ਜੋੜੇ

ਲੋਕ ਸਭਾ ਚੋਣਾਂ ਦੌਰਾਨ ਤਸਕਰਾਂ ਤੇ ਗੈਂਗਸਟਰਾਂ ਦੇ ਰਾਹ ਰੋਕਣ ਲਈ ਅੱਜ ਅੰਤਰਰਾਜੀ ਮੀਟਿੰਗ ਵਿਚ ਪੁਲੀਸ ਅਫ਼ਸਰਾਂ ਨੇ ਸਾਂਝੀ ਰਣਨੀਤੀ ਘੜੀ। ਇਸ ਦੌਰਾਨ ਵੱਡੀ ਕਮੀ ਮਹਿਸੂਸ ਕੀਤੀ ਗਈ ਕਿ ਤਿੰਨ ਸੂਬਿਆਂ ਦੇ ਪੁਲੀਸ ਅਫ਼ਸਰਾਂ ‘ਚ ਆਪਸੀ ਤਾਲਮੇਲ ਦੀ ਘਾਟ ਦਾ ਫ਼ਾਇਦਾ ਤਸਕਰ ਤੇ ਗੈਂਗਸਟਰ ਉਠਾ ਰਹੇ ਹਨ। ਮੱਧ ਪ੍ਰਦੇਸ਼ ਦੀ ਅਫ਼ੀਮ, ਪੰਜਾਬ ਦੀ ਸ਼ਰਾਬ ਅਤੇ ਰਾਜਸਥਾਨ ’ਚੋਂ ਹੈਰੋਇਨ ਦੇ ਰਾਹ ਰੋਕਣ ਲਈ ਸਾਂਝੀ ਪਹੁੰਚ ’ਤੇ ਜ਼ੋਰ ਦਿੱਤਾ ਗਿਆ। ਪੰਜਾਬ ਪੁਲੀਸ ਨੇ ਅੰਤਰਰਾਜੀ ਸੀਮਾ ਸੀਲ ਕਰਨ ਲਈ 52 ਪੁਲੀਸ ਨਾਕੇ ਸ਼ਨਾਖ਼ਤ ਕੀਤੇ ਹਨ ਜਿਨ੍ਹਾਂ ’ਤੇ ਨਾਕਾਬੰਦੀ ਤੋਂ ਇਲਾਵਾ ਸੀਸੀਟੀਵੀ ਕੈਮਰੇ ਲਾਏ ਜਾਣਗੇ। ਬਠਿੰਡਾ ਵਿਚ ਅੱਜ ਬਠਿੰਡਾ ਰੇਂਜ ਦੇ ਆਈਜੀ ਐਮ.ਐਫ. ਫਾਰੂਕੀ, ਫ਼ਿਰੋਜ਼ਪੁਰ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ, ਬੀਕਾਨੇਰ ਰੇਂਜ ਦੇ ਆਈਜੀ ਬੀ.ਐੱਲ. ਮੀਨਾ ਅਤੇ ਹਿਸਾਰ ਦੇ ਆਈਜੀ ਅਮਿਤਾਬ ਢਿੱਲੋਂ ਤੋਂ ਇਲਾਵਾ ਤਿੰਨਾਂ ਸੂਬਿਆਂ ਦੇ ਸਰਹੱਦੀ ਜ਼ਿਲ੍ਹਿਆਂ ਦੇ ਐੱਸਐੱਸਪੀਜ਼ ਵੀ ਸ਼ਾਮਲ ਸਨ। ਆਈ.ਜੀ ਫਾਰੂਕੀ ਨੇ ਮੀਟਿੰਗ ਮਗਰੋਂ ਦੱਸਿਆ ਕਿ ਤਿੰਨਾਂ ਸੂਬਿਆਂ ਦੇ ਭਗੌੜਿਆਂ, ਤਸਕਰਾਂ ਅਤੇ ਗੈਂਗਸਟਰਾਂ ਦੀ ਸੂਚਨਾ ਦਾ ਆਪਸੀ ਅਦਾਨ-ਪ੍ਰਦਾਨ ਕੀਤਾ ਗਿਆ ਹੈ, ਇਸ ਨਾਲ ਚੋਣਾਂ ਮੌਕੇ ਇਨ੍ਹਾਂ ਲੋਕਾਂ ਨੂੰ ਠੱਲ੍ਹ ਪਾਉਣ ਵਿਚ ਸੌਖ ਰਹੇਗੀ। ਤਿੰਨਾਂ ਸੂਬਿਆਂ ਦੀ ਪੁਲੀਸ ਸਾਂਝੇ ਅਪਰੇਸ਼ਨ ਕਰਕੇ ਗ਼ਲਤ ਅਨਸਰਾਂ ਦੀ ਪੈੜ ਨੱਪ ਸਕਦੀ ਹੈ ਅਤੇ ਰਾਹ ਵੀ ਰੋਕ ਸਕਦੀ ਹੈ। ਅੰਤਰਰਾਜੀ ਮੀਟਿੰਗ ਵਿਚ ਫ਼ੈਸਲਾ ਹੋਇਆ ਹੈ ਕਿ ਤਿੰਨਾਂ ਸੂਬਿਆਂ ਦੇ ਸਰਹੱਦੀ ਜ਼ਿਲ੍ਹਿਆਂ ਦੇ ਥਾਣਿਆਂ ਦੇ ਐਸਐਚਓ ਪੱਧਰ ‘ਤੇ ਵੀ ਸੂਚਨਾਵਾਂ ਆਪਸ ਵਿਚ ਸਾਂਝੀਆਂ ਕੀਤੀਆਂ ਜਾਣਗੀਆਂ। ਬੀਕਾਨੇਰ ਦੇ ਆਈਜੀ ਬੀ.ਐਲ. ਮੀਨਾ ਨੇ ਮੰਨਿਆ ਕਿ ਆਪਸੀ ਤਾਲਮੇਲ ਦੀ ਘਾਟ ਦਾ ਗ਼ਲਤ ਅਨਸਰ ਫ਼ਾਇਦਾ ਉਠਾਉਂਦੇ ਹਨ। ਉਨ੍ਹਾਂ ਦੱਸਿਆ ਕਿ ਰਾਜਸਥਾਨ ਦੇ ਹਿੰਦੂ ਮੱਲ ਕੋਟ ਜ਼ਰੀਏ ਪਾਕਿਸਤਾਨ ਵੱਲੋਂ ਤਸਕਰ ਹੈਰੋਇਨ ਸਪਲਾਈ ਕਰਦੇ ਹਨ। ਦਿੱਲੀ ਤੇ ਆਗਰਾ ਤੋਂ ਮੈਡੀਕਲ ਨਸ਼ੇ ਤਿੰਨਾਂ ਸੂਬਿਆਂ ਤੱਕ ਪੁੱਜਦੇ ਹਨ ਜਦੋਂਕਿ ਮੱਧ ਪ੍ਰਦੇਸ਼ ’ਚੋਂ ਅਫੀਮ ਦੀ ਸਪਲਾਈ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ’ਚੋਂ ਸ਼ਰਾਬ ਦੀ ਸਪਲਾਈ ਵਾਇਆ ਰਾਜਸਥਾਨ ਗੁਜਰਾਤ ਨੂੰ ਹੁੰਦੀ ਹੈ। ਹਿਸਾਰ ਦੇ ਆਈਜੀ ਅਮਿਤਾਭ ਢਿੱਲੋਂ ਨੇ ਦੱਸਿਆ ਕਿ ਮੀਟਿੰਗ ਵਿਚ ਗ਼ਲਤ ਅਨਸਰਾਂ ਦੀ ਸੂਚਨਾਵਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ ਹੈ, ਜਿਸ ਕਰਕੇ ਚੋਣਾਂ ਦੌਰਾਨ ਮਾੜੇ ਅਨਸਰਾਂ ਦੇ ਰਾਹ ਰੁਕਣਗੇ। ਇਸ ਮੌਕੇ ਐੱਸਐੱਸਪੀ ਬਠਿੰਡਾ ਡਾ. ਨਾਨਕ ਸਿੰਘ, ਐੱਸਐੱਸਪੀ ਮਾਨਸਾ ਗੁਲਨੀਤ ਸਿੰਘ ਖੁਰਾਣਾ, ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਮਨਜੀਤ ਸਿੰਘ ਢੇਸੀ, ਐੱਸਐੱਸਪੀ ਫ਼ਾਜਿਲਕਾ ਦੀਪਕ ਹਿਲੋਰੀ, ਐੱਸਪੀ ਸਰਸਾ ਡਾ. ਅਰੁੰਗ ਸਿੰਘ, ਐੱਸਪੀ ਚੁਰੂ (ਰਾਜਸਥਾਨ) ਯਾਦ ਰਾਮ ਫੈਸਲ, ਐੱਸਪੀ ਸ੍ਰੀ ਗੰਗਾਨਗਰ ਹੇਮੰਤ ਸ਼ਰਮਾ, ਐੱਸਪੀ ਹਨੂੰਮਾਨਗੜ੍ਹ ਕਾਲੂ ਰਾਮ ਰਾਵਤ ਤੇ ਐੱਸਪੀ ਫਤਿਹਾਬਾਦ ਵਿਜੇ ਪ੍ਰਤਾਪ ਸਿੰਘ ਆਦਿ ਸਣੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

Previous articleਚੈੱਕ ਵਾਪਸ ਕਰਾਉਣ ਲਈ ਕਿਸਾਨ ਸੜਕਾਂ ’ਤੇ ਉਤਰੇ
Next articleਹਾਈ ਕੋਰਟ ਦਾ ਜੱਜ ਹਾਰਦਿਕ ਦੇ ਕੇਸ ’ਤੇ ਸੁਣਵਾਈ ਤੋਂ ਲਾਂਭੇ ਹੋਇਆ