ਲਖਨਊ, (ਸਮਾਜਵੀਕਲੀ) : ਊੱਤਰ ਪ੍ਰਦੇਸ਼ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ ਛੇ ਹਜ਼ਾਰ ਤੋਂ ਵੱਧ ਪੁਲੀਸ ਮੁਕਾਬਲਿਆਂ ਵਿੱਚ 122 ਕਥਿਤ ਅਪਰਾਧੀ ਮਾਰੇ ਗਏ। ਇਨ੍ਹਾਂ ਮੁਕਾਬਲਿਆਂ ਵਿੱਚ 13 ਪੁਲੀਸ ਮੁਲਾਜ਼ਮ ਵੀ ਹਲਾਕ ਹੋਏ ਹਨ। ਸੀਨੀਅਰ ਪੁਲੀਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਪੁਲੀਸ ਕਾਰਵਾਈ ਵਿੱਚ ਦੋ ਹਜ਼ਾਰ ਤੋਂ ਵੱਧ ਅਪਰਾਧੀ ਜ਼ਖ਼ਮੀ ਹੋਏ ਜਦਕਿ 13 ਹਜ਼ਾਰ ਤੋਂ ਵੱਧ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ੲੇਡੀਜੀਪੀ (ਲਾਅ ਐਂਡ ਆਰਡਰ) ਪ੍ਰਸ਼ਾਂਤ ਕੁਮਾਰ ਨੇ 20 ਮਾਰਚ 2017 ਤੋਂ 10 ਜੁਲਾਈ, 2020 ਤੱਕ ਹੋਏ ਪੁਲੀਸ ਮੁਕਾਬਲਿਆਂ ਦੇ ਵੇਰਵੇ ਸਾਂਝੇ ਕਰਦਿਆਂ ਕਿਹਾ, ‘‘ਯੂਪੀ ਵਿੱਚ ਹੋਏ 6,126 ਮੁਕਾਬਲਿਆਂ ਵਿੱਚ 13 ਪੁਲੀਸ ਮੁਲਾਜ਼ਮਾਂ ਨੇ ਜਾਨ ਗੁਆਈ ਜਦਕਿ 122 ਅਪਰਾਧੀ ਮਾਰੇ ਗਏ।’’
ਊਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੌਰਾਨ 909 ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਹੋਏ। ਕਾਨਪੁਰ ਵਿੱਚ ਅੱਠ ਪੁਲੀਸ ਮੁਲਾਜ਼ਮਾਂ ’ਤੇ ਜਾਨਲੇਵਾ ਹਮਲੇ ਦੀ ਗੱਲ ਕਰਦਿਆਂ ਊਨ੍ਹਾਂ ਦੱਸਿਆ ਕਿ ਕੁੱਲ ਨਾਮਜ਼ਦ 21 ਮੁਲਜ਼ਮਾਂ ’ਚੋਂ ਛੇ ਮਾਰੇ ਜਾ ਚੁੱਕੇ ਹਨ ਅਤੇ ਚਾਰ ਗ੍ਰਿਫ਼ਤਾਰ ਕੀਤੇ ਗਏ ਹਨ। ਬਾਕੀ 11 ਮੁਲਜ਼ਮਾਂ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ।