ਛੇਹਰਟਾ : ਥਾਣਾ ਕੋਟ ਖਾਲਸਾ ਅਧੀਨ ਆਉਂਦੇ ਇਲਾਕਾ ਗੁਰੂ ਨਾਨਕਪੁਰਾ ਵਿਖੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵੱਲੋਂ ਸਕੂਲੀ ਬੱਚਾ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈੈ।
ਉਕਤ ਬੱਚੇ ਨੂੰ ਗਲੀ ਹਨੀ ਸਿੰਘ ਵਾਲੀ ‘ਚੋਂ ਅਗਵਾ ਕੀਤਾ ਗਿਆ। ਇਲਾਕਾ ਵਾਸੀ ਜੋਤੀ ਨੇ ਜਦ ਅਗਵਾਕਾਰਾਂ ਵੱਲੋਂ ਬੱਚੇ ਨੂੰ ਅਗਵਾ ਕਰਦਿਆਂ ਦੇਖਿਆ ਤਾਂ ਉਸ ਨੇ ਰੌਲਾ ਪਾ ਦਿੱਤਾ, ਜਦ ਤਕ ਲੋਕ ਇਕੱਠੇ ਹੋਏ ਉਕਤ ਲੋਕ ਮੌਕੇ ਤੋਂ ਫਰਾਰ ਹੋ ਚੁੱਕੇ ਸਨ।
ਅਗਵਾ ਦੀ ਸੂਚਨਾ ਮਿਲਦਿਆਂ ਹੀ ਏਡੀਸੀਪੀ ਹਰਜੀਤ ਸਿੰਘ ਧਾਰੀਵਾਲ, ਏਸੀਪੀ ਨਰਿੰਦਰ ਸਿੰਘ, ਥਾਣਾ ਮੁਖੀ ਸੰਜੀਵ ਕੁਮਾਰ ਘਟਨਾ ਸਥਾਨ ‘ਤੇ ਪੁੱਜੇ ਅਤੇ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰੇ ਖੰਗਾਲ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਜੋਤੀ ਨੇ ਦੱਸਿਆ ਕਿ ਬੱਚੇ ਵੱਲੋਂ ਰੌਲਾ ਪਾਉਣ ‘ਤੇ ਉਕਤ ਅਗਵਾਕਾਰਾਂ ਨੇ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਤੇ ਫਿਰ ਅਗਵਾ ਕਰ ਕੇ ਲੈ ਗਏ।
ਏਸੀਪੀ ਲਾਇਸੈਂਸਿੰਗ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਉਕਤ ਨੌਜਵਾਨ ਬੱਚੇ ਨੂੰ ਅਗਵਾ ਕਰਦੇ ਹੋਏ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਏ ਹਨ ਪਰ ਬੱਚਾ ਕਿਸ ਸਕੂਲ ਤੇ ਕਿਸ ਇਲਾਕੇ ਨਾਲ ਸਬੰਧਤ ਹੈ, ਇਸ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ। ਬੱਚੇ ਦੀ ਪਛਾਣ ਲਈ ਜਾਂਚ ਕੀਤੀ ਜਾ ਰਹੀ ਹੈ।