ਪਾਕਿਸਤਾਨ ਦੀ ਇਮਰਾਨ ਸਰਕਾਰ ਖ਼ਿਲਾਫ਼ ਆਜ਼ਾਦੀ ਮਾਰਚ ਕੱਢਣ ਵਾਲੇ ਜਮੀਅਤ ਉਲਮਾ-ਏ-ਇਸਲਾਮ-ਫਜ਼ਲ (ਜੇਯੂਆਈ-ਐੱਫ) ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਅਗਲੇ ਤਿੰਨ ਮਹੀਨੇ ਵਿਚ ਦੁਬਾਰਾ ਚੋਣ ਕਰਵਾਉਣ ਦੀ ਮੰਗ ਕੀਤੀ ਹੈ। ਪਾਕਿਸਤਾਨ ਦੇ ਇਕ ਨਿੱਜੀ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਉਨ੍ਹਾਂ ਕਿਹਾ ਕਿ ਰਹਿਬਰ ਕਮੇਟੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਸਿਰਫ਼ ਅਤੇ ਸਿਰਫ਼ ਅਸਤੀਫ਼ਾ ਚਾਹੁੰਦੀ ਹੈ। ਦੇਸ਼ ਦਾ ਸਿਆਸੀ ਦਿ੍ਸ਼ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਆਉਣ ਵਾਲੇ ਤਿੰਨ ਮਹੀਨਿਆਂ ਅੰਦਰ ਨਵੀਂ ਚੋਣ ਹੋਵੇਗੀ। ਰਹਿਬਰ ਕਮੇਟੀ ਪਾਕਿਸਤਾਨ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਦਾ ਇਕ ਸਮੂਹ ਹੈ ਜੋ ਇਹ ਤੈਅ ਕਰਨ ਲਈ ਬਣਾਈ ਗਈ ਹੈ ਕਿ ਆਜ਼ਾਦੀ ਮਾਰਚ ‘ਤੇ ਸਰਕਾਰ ਨਾਲ ਗੱਲ ਕੀਤੀ ਜਾਏ ਜਾਂ ਨਹੀਂ।
ਸਰਕਾਰ ਵਿਰੋਧੀ ਮੁਹਿੰਮ ਦੀ ਅਗਲੇ ਪੜਾਅ ਦੀ ਤਿਆਰੀ ‘ਤੇ ਵਿਚਾਰ ਕਰਨ ਲਈ ਫਜ਼ਲੁਰ ਰਹਿਮਾਨ ਨੇ ਮੰਗਲਵਾਰ ਨੂੰ ਆਲ ਪਾਰਟੀ ਕਾਨਫਰੰਸ ਬੁਲਾਈ ਹੈ। ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਖ਼ਿਲਾਫ਼ ਰਣਨੀਤੀ ਤਿਆਰ ਕਰਨ ਲਈ ਸਾਰੀਆਂ ਨੌਂ ਵਿਰੋਧੀ ਪਾਰਟੀਆਂ ਨੂੰ ਇਸ ਮੀਟਿੰਗ ਵਿਚ ਬੁਲਾਇਆ ਗਿਆ ਹੈ। ਮੌਲਾਨਾ ਨੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਜਨਰਲ ਸਕੱਤਰ ਅਹਿਸਾਨ ਇਕਬਾਲ ਨੂੰ ਖ਼ੁਦ ਫੋਨ ਕਰ ਕੇ ਦੇਸ਼ ਦੇ ਸਿਆਸੀ ਹਾਲਾਤ ‘ਤੇ ਚਰਚਾ ਵੀ ਕੀਤੀ। ਇਕ ਮੀਡੀਆ ਰਿਪੋਰਟ ਮੁਤਾਬਿਕ ਪੀਐੱਮਐੱਲ-ਐੱਨ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਇਸ ਕਾਨਫਰੰਸ ਵਿਚ ਨਾ ਜਾਣ ਦਾ ਫ਼ੈਸਲਾ ਕੀਤਾ ਹੈ।