ਚੰਡੀਗੜ੍ਹ (ਸਮਾਜਵੀਕਲੀ) : ਸਿਟੀ ਬਿਊਟੀਫੁੱਲ ਵਿੱਚ ਘਾਤਕ ਕਰੋਨਾ ਦਾ ਪਸਾਰ ਵਧਦਾ ਜਾ ਰਿਹਾ ਹੈ ਅਤੇ ਅੱਜ 6 ਹੋਰ ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਮਰੀਜ਼ਾਂ ਵਿੱਚੋਂ ਤਿੰਨ ਮਰੀਜ਼ ਬਾਪੂ ਧਾਮ ਕਲੋਨੀ ਦੇ ਵਸਨੀਕ ਹਨ, ਇੱਕ ਮਰੀਜ਼ ਸੈਕਟਰ 26 ਨਾਲ ਸਬੰਧਤ ਹੈ ਜੋ ਕਿ ਪੁਲੀਸ ਥਾਣੇ ’ਚ ਤਾਿੲਨਾਤ ਹੈ, ਇੱਕ ਮਰੀਜ਼ ਕੱਚੀ ਕਾਲੋਨੀ ਧਨਾਸ ਤੋਂ ਅਤੇ ਇੱਕ ਮਰੀਜ਼ ਸੈਕਟਰ-16 ਤੋਂ ਸਾਹਮਣੇ ਆਇਆ ਹੈ।
ਸ਼ਹਿਰ ਵਿੱਚ ਹੁਣ ਕਰੋਨਾ ਮਰੀਜ਼ਾਂ ਦਾ ਅੰਕੜਾ 187 ਤੱਕ ਪਹੁੰਚ ਗਿਆ ਹੈ। ਯੂਟੀ ਦੇ ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਮਰੀਜ਼ਾਂ ਵਿੱਚੋਂ ਬਾਪੂਧਾਮ ਕਲੋਨੀ ਦੀ ਤਿੰਨ ਮਹੀਨਿਆਂ ਦੀ ਬੱਚੀ ਅਤੇ 33 ਅਤੇ 35 ਸਾਲਾਂ ਦੀਆਂ ਦੋ ਔਰਤਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਸੈਕਟਰ-26 ਵਿੱਚ 25 ਸਾਲਾਂ ਦੀ ਔਰਤ, ਕੱਚੀ ਕਾਲੋਨੀ ਧਨਾਸ ਦਾ 44 ਸਾਲਾਂ ਦਾ ਵਿਅਕਤੀ ਅਤੇ ਸੈਕਟਰ-16 ਦਾ ਨੌਜਵਾਨ ਸ਼ਾਮਲ ਹਨ।
ਚੰਡੀਗੜ੍ਹ ਵਿੱਚ ਹੁਣ ਤੱਕ ਕਰੋਨਾ ਦੇ ਤਿੰਨ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ ਅੱਜ ਦੋ ਮਰੀਜ਼ ਤੰਦਰੁਸਤ ਹੋਏ ਹਨ। ਇਸ ਤਰ੍ਹਾਂ ਤੰਦਰੁਸਤ ਹੋਏ ਵਿਅਕਤੀਆਂ ਦੀ ਗਿਣਤੀ 30 ਹੋ ਗਈਹੈ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 154 ਹੈ।
ਡਾਕਟਰ ਤੇ ਸਿਹਤ ਕਰਮਚਾਰੀ ਨੂੰ ਮਿਲੀ ਛੁੱਟੀ: ਪੀਜੀਆਈ ਵਿੱਚ ਜ਼ੇਰੇ ਇਲਾਜ ਕਰੋਨਾ ਦੇ ਦੋ ਮਰੀਜ਼ ਸਿਹਤਮੰਦ ਹੋ ਗਏ ਹਨ ਤੇ ਅੱਜ ਉਨ੍ਹਾਂ ਨੂੰ ਡਿਸਚਾਰਜ ਕਰਕੇ ਘਰ ਭੇਜ ਦਿੱਤਾ ਗਿਆ ਹੈ। ਦੋਵੇਂ ਜਣੇ ਸਰਕਾਰੀ ਹਸਪਤਾਲ ਸੈਕਟਰ-32 ਵਿਚ ਤਾਇਨਾਤ ਇੱਕ ਡਾਕਟਰ ਅਤੇ ਇੱਕ ਹੈਲਥ ਕੇਅਰ ਵਰਕਰ ਹੈ।
ਡਿਸਚਾਰਜ ਹੋਈ 27 ਸਾਲਾਂ ਦੀ ਮਹਿਲਾ ਡਾਕਟਰ ਹਸਪਤਾਲ ਦੇ ਹੋਸਟਲ ਵਿੱਚ ਰਹਿੰਦੀ ਹੈ ਜਦਕਿ 25 ਸਾਲਾਂ ਦਾ ਹੈਲਥ ਕੇਅਰ ਵਰਕਰ ਸੈਕਟਰ 32-ਏ ਦਾ ਵਸਨੀਕ ਹੈ। ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਦੋਵੇਂ ਜਣਿਆਂ ਨੂੰ ਬੁੱਕੇ ਭੇਟ ਕੀਤੇ। ਇਸ ਮੌਕੇ ਸੈਕਟਰ-32 ਹਸਪਤਾਲ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਉਨ੍ਹਾਂ ਨੇ ਦੋ ਜਣਿਆਂ ਦਾ ਸਵਾਗਤ ਕੀਤਾ।