ਹੈਦਰਾਬਾਦ (ਸਮਾਜਵੀਕਲੀ): ਤਿਲੰਗਾਨਾ ਹਾਈ ਕੋਰਟ ਨੇ ਸੂਬਾ ਸਕੱਤਰੇਤ ਦੀ ਇਮਾਰਤ ਢਾਹੁਣ ’ਤੇ 15 ਜੁਲਾਈ ਤੱਕ ਆਰਜ਼ੀ ਸਟੇਅ ਦੇ ਦਿੱਤੀ ਹੈ। ਚੀਫ ਜਸਟਿਸ ਰਘਵੇਂਦਰ ਸਿੰਘ ਚੌਹਾਨ ਤੇ ਜਸਟਿਸ ਬੀ. ਵਿਜੈਸੇਨ ਰੈਡੀ ਦੇ ਬੈਂਚ ਨੇ ਪ੍ਰੋ. ਪੀ.ਐੱਲ. ਵਿਸ਼ਵੇਸ਼ਵਰ ਰਾਓ ਤੇ ਡਾ. ਚੇਰੁਕੂ ਸੁਧਾਕਰ ਦੀ ਪਟੀਸ਼ਨ ’ਤੇ 10 ਜੁਲਾਈ ਨੂੰ ਸੁਣਵਾਈ ਦੌਰਾਨ 13 ਜੁਲਾਈ ਤੱਕ ਸਟੇਅ ਦੇ ਆਦੇਸ਼ ਦਿੰਦਿਆਂ ਸਰਕਾਰ ਨੂੰ ਲੋੜੀਂਦੇ ਵੇਰਵਿਆਂ ਸਣੇ ਜਵਾਬ ਦਾਇਰ ਕਰਨ ਲਈ ਆਖਿਆ ਸੀ।
ਪਟੀਸ਼ਨਰਾਂ ਨੇ ਦੋਸ਼ ਲਾਇਆ ਸੀ ਕਿ ਕਰੀਬ 10 ਲੱਖ ਵਰਗ ਫੁੱਟ ਵਿੱਚ ਬਣੇ 10 ਬਲਾਕਾਂ ਦੇ ਮੌਜੂਦਾ ਸਕੱਤਰੇਤ ਨੂੰ ਕਈ ਕਾਨੂੰਨ ਅੱਖੋਂ ਪਰੋਖੇ ਕਰਕੇ ਢਾਹਿਆ ਜਾ ਰਿਹਾ ਹੈ। ਅਦਾਲਤ ਨੇ ਸਟੇਅ ਵਧਾਉਂਦਿਆਂ ਸਰਕਾਰ ਨੂੰ ਆਦੇਸ਼ ਦਿੱਤਾ ਹੈ ਕਿ ਸਕੱਤਰੇਤ ਢਾਹੁਣ ਸਬੰਧੀ ਕੈਬਨਿਟ ਦਾ ਫ਼ੈਸਲਾ ਬੰਦ ਲਿਫਾਫ਼ੇ ਵਿੱਚ ਅਦਾਲਤ ਨੂੰ ਸੌਂਪਿਆ ਜਾਵੇ।