ਪਿਛਲੇ 34 ਸਾਲਾਂ ਤੋਂ ਦਿੱਲੀ ਦੀ ਤਿਲਕ ਵਿਹਾਰ ਵਿਡੋ ਕਲੋਨੀ ਗ਼ਮਾਂ ਦਾ ਸਿਰਨਾਵਾਂ ਬਣੀ ਹੋਈ ਸੀ ਪਰ ਸੋਮਵਾਰ ਨੂੰ ਦਿੱਲੀ ਹਾਈ ਕੋਰਟ ਦਾ ਇਕ ਫ਼ੈਸਲਾ ਆਇਆ ਤਾਂ ਇੰਨੇ ਸਾਲਾਂ ’ਚ ਸ਼ਾਇਦ ਪਹਿਲੀ ਵਾਰ ਇਸ ਬਸਤੀ ਵਿਚ ਖੁਸ਼ੀ ਦਾ ਝੋਕਾ ਆ ਗਿਆ। ਦਿੱਲੀ ਵਿਚ ਹੋਏ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੇ ਮੁੜ ਵਸੇਬੇ ਲਈ ਇਹ ਕਲੋਨੀ ਕਾਇਮ ਕੀਤੀ ਗਈ ਸੀ। ਪੱਛਮੀ ਦਿੱਲੀ ਦੇ ਤਿਲਕ ਨਗਰ ਦੇ ਨੇੜੇ ਪੈਂਦੀ ਇਸ ਕਲੋਨੀ ਵਿਚ ਹਰ ਸਾਲ ਉਸ ਤ੍ਰਾਸਦੀ ਦੀ ਬਰਸੀ ਮਨਾਈ ਜਾਂਦੀ ਹੈ ਜਿਸ ਵਿਚ ਤਿੰਨ ਦਿਨਾਂ ਵਿਚ 3000 ਦੇ ਕਰੀਬ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਪੋਪਰੀ ਕੌਰ ਦਾ ਪਰਿਵਾਰ ਸੁਲਤਾਨਪੁਰੀ ਵਿਚ ਰਹਿੰਦਾ ਸੀ ਤੇ ਭੀੜ ਨੇ ਉਸ ਦੇ ਪਤੀ ਨੂੰ ਘਰ ’ਚੋਂ ਧੂਹ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਸ ਨੇ ਆਪਣੇ ਹੰਝੂ ਪੂੰਝਦਿਆਂ ਕਿਹਾ ‘‘ ਮੈਂ ਖ਼ੁਸ਼ ਹਾਂ ਇਸ ਫ਼ੈਸਲੇ ਤੋਂ। ਉਹੀ ਦਿਨ ਸਨ ਜਦੋਂ ਮੈਂ ਤੇ ਮੇਰੇ ਬੱਚਿਆਂ ਨੇ ਉਸ ਨੂੰ ਆਖਰੀ ਵਾਰ ਦੇਖਿਆ ਸੀ। ਸਾਨੂੰ ਤਾਂ ਉਸ ਦੀ ਮ੍ਰਿਤਕ ਦੇਹ ਵੀ ਦੇਖਣ ਨੂੰ ਨਹੀਂ ਮਿਲ ਸਕੀ ਸੀ।’’ ਉਸ ਨੇ ਕਿਹਾ ‘‘ ਸੱਜਣ ਕੁਮਾਰ ਕਾਰ ਵਿਚ ਬੈਠਾ ਸੀ ਜਦੋਂ ਮੇਰੇ ਪਤੀ ਨੂੰ ਸੁਲਤਾਨਪੁਰੀ ਵਿਚ ਘਰੋਂ ਧੂਹ ਲਿਆ ਗਿਆ। ਮੈਂ ਉਸ ਨੂੰ ਦੇਖਿਆ ਸੀ। ਅੱਜ ਜਦੋਂ ਮੈਂ ਆਪਣੇ ਘਰ ਵਿਚ ਬੈਠੀ ਸੀ ਤਾਂ ਮੇਰੀ ਧੀ ਨੇ ਦੱਸਿਆ ਕਿ ਸੱਜਣ ਕੁਮਾਰ ਨੂੰ ਸਜ਼ਾ ਸੁਣਾਈ ਗਈ ਹੈ।’’
INDIA ਤਿਲਕ ਵਿਹਾਰ ਦੀਆਂ ਵਿਧਵਾਵਾਂ ਨੂੰ 34 ਸਾਲਾਂ ਬਾਅਦ ਆਇਆ ਸੁੱਖ ਦਾ ਸਾਹ