ਤਿਆਗ ਮੱਲ ਤੋਂ ਗੁਰੂ ਤੇਗ ਬਹਾਦਰ ….

ਗੁਰੂ ਤੇਗ ਬਹਾਦਰ ਜੀ – ( ਨੋਵੇਂ ਗੁਰੂ ਸਹਿਬਾਨ ) – (1621 -1675)

ਸੁਰਜੀਤ ਸਿੰਘ ‘ਦਿਲਾ ਰਾਮ’

ਫਿਰੋਜ਼ਪੁਰ
ਸੰਪਰਕ +91-99147-22933
ਲਾਲ ਚੰਦ ਲਖਨੌਰ ਛੱਡ ਕੇ ਕਰਤਾਰਪੁਰ ਜਾ ਕੇ ਵੱਸਣ ਚਾਹੁੰਦਾ ਸੀ। ਸੁਪਤਨੀ ਬਿਸ਼ਨਦੇਈ ਵੀ ਮੰਨ ਗਏ ਸਨ। ਬੇਸ਼ੱਕ ਵੱਡੇ ਭਰਾ ਨੇ ਰੋਕਣ ਦਾ ਯਤਨ ਕੀਤਾ ਪਰ ਗੁਰੂ ਚਰਨਾਂ ਦੀ ਖਿੱਚ ਉਨ੍ਹਾਂ ਨੂੰ ਰੋਕ ਨਾ ਸਕੀ। ਲਾਲ ਚੰਦ ਦਾ ਪੁੱਤਰ ਆਪਣੇ ਤਾਇਆ ਤਾਈ ਕੋਲ ਹੀ ਰਹਿਣਾ  ਚਾਹੁੰਦਾ ਸੀ ਇਸ ਲਈ ਉਹ ਉੱਥੇ ਆਪਣੇ ਤਾਏ ਕੋਲ ਹੀ ਰਿਹਾ। ਲਾਲ ਚੰਦ ਆਪਣੀ ਪਤਨੀ ਦੇ ਨਾਲ ਕਰਤਾਰਪੁਰ ਨੂੰ ਚੱਲ ਪਏ, ਉਹ ਛੇਵੇਂ ਦਿਨ ਉਹ ਕਰਤਾਰਪੁਰ ਆ ਪਹੁੰਚੇ। ਕਰਤਾਰਪੁਰ ਹੀ ਲਾਲ ਚੰਦ ਨੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ। ਰੱਬ ਦੀ ਮਿਹਰ ਨਾਲ ਕਾਰੋਬਾਰ ਚੰਗਾ ਚਲ ਪਿਆ। ਸਵੇਰੇ ਸ਼ਾਮ ਉਹ ਗੁਰੂ ਦਰਬਾਰ ਵਿਚ ਵੀ ਹਾਜ਼ਰ ਹੁੰਦਾ ਸੀ। ਬਿਸ਼ਨਦੇਈ ਵੀ ਕੰਮ ਧੰਦੇ ਕਰਦੀ ਹੋਈ ਪਾਠ ਕਰਿਆ ਕਰਦੀ। ਕਦੇ- ਕਦੇ ਉਹ ਕਿਸੇ ਤੋਂ ਹੱਥ ਲਿਖਤ ਸਾਖੀਆਂ ਦੀ ਪੋਥੀ ਲਿਆ ਕੇ ਪੜ੍ਹਿਆ ਕਰਦੀ।
                    ਦਿਨ ਲੰਘਦੇ ਜਾ ਰਹੇ ਸਨ। ਬਿਸ਼ਨਦੇਈ ਆਪਣੇ ਪਤੀ ਨਾਲ ਸਵੇਰੇ ਸ਼ਾਮ ਗੁਰੂ ਦੇ ਦਰਸ਼ਨਾਂ ਨੂੰ ਜਾਇਆ ਕਰਦੀ। ਬਿਸ਼ਨਦੇਈ ਦੇ ਘਰ ਇਕ ਸਪੁੱਤਰੀ ਨੇ ਜਨਮ ਲਿਆ। ਜਿਸ ਪਿੰਡ ਵਿੱਚ ਉਹ ਰਹਿੰਦੇ ਸਨ ਉਸ ਪਿੰਡ ਦੀਆਂ ਗੁਜਰੀਆਂ ਦੁੱਧ ਵੇਚਣ ਜਾਂਦੀਆਂ ਹੁੰਦੀਆਂ ਸਨ ਤੇ ਘੁੰਢ ਕੱਢ ਕੇ ਰੱਖਿਆ ਕਰਦੀਆਂ  ਕਿਉਂਕਿ ਉਹ ਬਹੁਤ ਸੋਹਣੀਆਂ ਹੁੰਦੀਆ ਸਨ। ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਣਾਉਣ ਦੀ ਮੁਸਲਮਾਨ ਰਾਜ ਵਿੱਚ ਮਨਾਹੀ ਸੀ ਇਸ ਕਰਕੇ ਉਥੋਂ ਦੇ ਘੁਮਿਆਰ ਸਿਰਫ਼ ਮਿੱਟੀ ਦੀਆਂ ਸੋਹਣੀਆਂ ਸੋਹਣੀਆਂ ਗੁਜਰੀਆਂ ਹੀ ਬਣਾਉਂਦੇ ਸਨ। ਲਾਲ ਚੰਦ ਨੂੰ ਆਪਣੀ ਧੀ ਬੜੀ ਸੋਹਣੀ ਲੱਗਦੀ ਸੀ ਤੇ ਉਹ ਉਸਨੂੰ ਗੁਜਰੀ ਆਖਣ ਲੱਗ ਪਿਆ। ਪਹਿਲੇ ਪਹਿਲ ਤਾਂ ਉਸਦੀ ਮਾਂ ਨੂੰ ਇਹ ਨਾਂ ਅਜੀਬ ਲਗਿਆ। ਫੇਰ ਉਸਨੂੰ ਲਗਿਆ ਕਿ ਮੇਰੀ ਗੁਜਰੀ ਘੁਮਿਆਰਾਂ ਦੀਆਂ ਗੁਜਰੀਆਂ ਨਾਲੋਂ ਵੀ ਸੋਹਣੀ ਹੈ। ਰੱਬ ਦੀ ਕਿਰਪਾ ਨਾਲ ਬਿਸ਼ਨਦੇਈ ਦੇ ਘਰ ਇਕ ਹੋਰ ਬੱਚੇ ਨੇ ਜਨਮ ਲਿਆ ਜਿਸ ਦਾ ਨਾਂ ਕਿਰਪਾਲ ਚੰਦ ਰੱਖਿਆ ਗਿਆ। ਗੁਜਰੀ ਹੁਣ ਵੱਡੀ ਹੋ ਗਈ ਸੀ। ਗੁਜਰੀ ਦੀ ਇਕ ਸਹੇਲੀ ਸੈਰਾ ਸੀ। ਸੈਰਾ ਗੁਜਰੀ ਨਾਲ ਖੇਡਿਆ ਕਰਦੀ । ਗੁਜਰੀ ਮਾਂ ਦੇ ਨਾਲ ਨਿੱਕੇ ਨਿੱਕੇ ਕੰਮ ਵੀ ਕਰਵਾਉਣ ਲੱਗ ਪਈ।
                      ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਸਨ। ਜਿਨ੍ਹਾਂ ਵਿਚੋਂ ਤਿੰਨ ਇਨ੍ਹਾਂ ਦੇ ਜੀਵਨ ਕਾਲ ਵਿੱਚ ਹੀ ਅਕਾਲ ਚਲਾਣਾ ਕਰ ਗਏ ਸਨ। ਜਿਹੜੇ ਦੋ ਬਚੇ ਸੀ ਉਨ੍ਹਾਂ ਵਿੱਚੋਂ ਸੂਰਜ ਮੱਲ ਵਧੇਰੇ ਦੁਨੀਆਂਦਾਰ ਸੀ ਤੇ ਤਿਆਗ ਮੱਲ ਧਾਰਮਿਕ ਸੰਸਕਾਰਾਂ ਵਾਲਾ ਸੀ। ਸ੍ਰੀ ਗੁਰੂ ਹਰਗੋਬਿੰਦ ਜੀ ਨੇ ਤੇਗ ਮੱਲ ਦੇ ਜਨਮ ਸਮੇਂ ਹੀ ਪੁੱਤਰ ਵੱਲ ਦੇਖ ਕੇ ਕਿਹਾ ਸੀ ਕਿ ਸਾਡਾ ਪੁੱਤਰ ਬੜਾ ਬਲੀ, ਸੂਰਬੀਰ ਤੇ ਤੇਗ ਦਾ ਧਨੀ ਹੋਵੇਗਾ। ਅਸੀਂ ਇਸ ਦਾ ਨਾਂ ਤੇਗ ਮੱਲ ਰੱਖਦੇ ਹਾਂ। ਤਿਆਗ ਮੱਲ ਦੀ ਪਰਵਰਿਸ਼ ਗੁਰੂ ਜੀ ਨੇ ਆਪਣੀ ਨਿਗਰਾਨੀ ਹੇਠ ਕਰਵਾਈ। ਪੜ੍ਹਾਈ, ਲਿਖਾਈ ਅਤੇ ਸਰੀਰਿਕ ਸਿਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ। ਤਿਆਗ ਮੱਲ ਨੂੰ ਗੁਰਬਾਣੀ ਤੇ ਧਰਮ ਗ੍ਰੰਥਾਂ ਦੀ ਪੜ੍ਹਾਈ ਦੇ ਨਾਲ ਨਾਲ ਸ਼ਸਤਰਾਂ ਦੀ ਵਰਤੋਂ ਅਤੇ ਘੋੜ ਸਵਾਰੀ ਦੀ ਸਿਖਲਾਈ ਵੀ ਦਿੱਤੀ ਗਈ।
                  ਇਕ ਦਿਨ ਗੁਜਰੀ, ਬਿਸ਼ਨਦੇਈ, ਲਾਲ ਚੰਦ ਤੇ ਬੇਟਾ ਕਿਰਪਾਲ ਚੰਦ ਗੁਰੂ ਜੀ ਦੇ ਦਰਸ਼ਨਾਂ ਨੂੰ ਗਏ। ਜਦੋ ਬਾਕੀ ਲੋਕ ਮੱਥਾ ਟੇਕ ਕੇ ਚਲੇ ਗਏ ਤਾਂ ਲਾਲ ਚੰਦ ਨੇ ਹੱਥ ਜੋੜ ਕੇ ਗੁਰੂ ਜੀ ਨੂੰ ਆਖਿਆ ਕਿ, ” ਮੈ ਆਪਣਾ ਪੁੱਤਰ ਕਿਰਪਾਲ ਚੰਦ ਤੁਹਾਨੂੰ ਸੌਂਪ ਦੇਣਾਂ ਹੈ।” “ਮੈ ਵੀ ਵੀਰੇ ਨਾਲ ਜਾਊਂਗੀ ਗੁਜਰੀ ਨੇ ਕਾਹਲੀ ਨਾਲ ਉਠ ਕੇ ਆਖਿਆ। ਗੁਜਰੀ ਦੇ ਨੂਰਾਨੀ ਚਿਹਰੇ ਵੱਲ ਗੁਰੂ ਜੀ ਨੇ ਦੇਖਿਆ ‘ਤੇ ਫੇਰ ਸਿਰ ਉੱਤੇ ਹਥ ਫਿਰਦੇ ਹੋਏ ਆਖਿਆ ਇਹ ਵੀ ਸਾਡੀ ਹੋਈ। ਇਸ ਤੋਂ ਬਾਅਦ  ਗੁਰੂ ਜੀ ਨੇ ਗੁਜਰੀ ਨੂੰ ਆਪਣੇ ਸਪੁੱਤਰ ਤਿਆਗ ਮੱਲ ਜੀ ਲਈ ਚੁਣ ਲਿਆ ਤੇ ਇਨ੍ਹਾਂ ਦਾ ਸਮਾਂ ਪਾ ਕੇ ਵਿਆਹ ਕਰ ਦਿੱਤਾ।
                  ਤਿਆਗ ਮੱਲ ਜੀ  ਨੂੰ ਬਚਪਨ ਤੋਂ ਹੀ ਪਾਠ-ਪੂਜਾ, ਅੰਤਰਧਿਆਨ ਸਮਾਧੀ ਤੋਂ ਬਿਨਾਂ ਘੋੜਸਵਾਰੀ, ਸ਼ਸ਼ਤਰੀ ਵਿੱਦਿਆ ਦਾ ਵੀ ਬੜਾ ਸ਼ੌਕ ਸੀ। ਸਮਾਂ ਬੀਤਦਾ ਗਿਆ। ਜਹਾਂਗੀਰ ਦੀ ਮੌਤ ਮਗਰੋਂ ਉਸਦੇ ਪੁੱਤਰ ਸ਼ਾਹਜਹਾਂ ਨੇ ਗੱਦੀ ਉਪਰ ਬੈਠਦਿਆਂ ਹੀ ਮੁਸਲਮਾਨਾਂ ਨੂੰ ਰਿਆਇਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
                ਕੁਝ ਸਾਲ ਪਹਿਲਾਂ ਗੁਰੂ ਜੀ ਨੇ ਪਿੰਡ ਵੱਡੇ-ਮੀਰ ਦੇ ਕੁਝ ਮੁਸਲਮਾਨ ਪਠਾਣ ਨੌਕਰ ਰੱਖੇ ਸਨ। ਇਨ੍ਹਾਂ ਵਿਚ ਪੈਂਦੇ ਖਾ ਵੀ ਸੀ। ਇਹ ਛੋਟੀ ਉਮਰੇ ਹੀ ਗੁਰੂ ਜੀ ਕੋਲ ਨੌਕਰ ਲਈ  ਆਇਆ ਸੀ।ਇਸਦੀ ਪਾਲਣਾ ਤੇ ਸਿਖਲਾਈ ਗੁਰੂ ਜੀ ਨੇ ਪੁੱਤਾਂ ਵਾਂਗ ਕੀਤੀ ਤੇ ਇਸ ਨੂੰ ਆਪਣੀ ਫ਼ੌਜ ਦਾ ਸਰਦਾਰ ਥਾਪਿਆ। ਪਿਪਲੀ ਸਾਹਿਬ (ਅੰਮ੍ਰਿਤਸਰ) ਦੀ ਜੰਗ ਵਿਚ ਇਸਨੇ ਆਪਣੇ ਬੜੇ ਹੱਥ ਵਿਖਾਏ ਸਨ। ਗੁਰੂ ਜੀ ਇਸ ਤੋਂ ਬੜੇ ਖੁਸ਼ ਸਨ ਪਰ ਇਸਨੂੰ ਆਪਣੀ ਸੂਰਬੀਰਤਾ ਤੇ ਹੰਕਾਰ ਹੋ ਗਿਆ ਸੀ। ਉਹ ਸਮਝਣ ਲਗਿਆ ਕਿ  ਗੁਰੂ ਜੀ ਦੀ ਫ਼ੌਜੀ ਤਾਕਤ ਮੇਰੇ ਆਸਰੇ ਹੀ ਹੈ। ਫਿਰ ਉਸਦੇ ਆਪਣੇ ਜੁਆਈ ਆਸਮਾਨ ਖਾਂ ਨੇ ਉਸਨੂੰ ਸਿੱਖਾਂ ਦੇ ਵਿਰੁੱਧ ਭੜਕਾ ਕੇ ਗੁਰੂ ਜੀ ਦੇ ਵਿਰੁੱਧ ਕਰ ਦਿੱਤਾ। ਗੁਰੂ ਜੀ ਨੇ ਉਸਨੂੰ ਆਪਣੀ ਨੌਕਰੀ ਤੋਂ ਕੱਢ ਦਿੱਤਾ। ਉਹ ਬਾਦਸ਼ਾਹ ਦੇ ਜਾ ਨੌਕਰ ਲਗਿਆ। ਉਸਨੇ ਬਾਦਸ਼ਾਹ ਨੂੰ ਗੁਰੂ ਜੀ ਦੇ ਵਿਰੁੱਧ ਤਕੜੀ ਫ਼ੌਜ ਭੇਜਣ ਲਈ ਮਨਾ ਲਿਆ। ਕਰਤਾਰਪੁਰ ਦੀ ਲੜਾਈ ਸ਼ੁਰੂ ਹੋਈ। ਸਿੱਖਾਂ ਨੇ ਕਮਾਲ ਦਰਜੇ ਦੀ ਬਹਾਦਰੀ ਦਿਖਾਈ। ਸਿੱਖ ਆਪਣੇ ਧਰਮ ਤੇ ਗੁਰੂ ਲਈ ਲੜ ਰਹੇ ਸਨ ਤੇ ਸ਼ਾਹੀ ਫ਼ੌਜ ਦੇ ਸਿਪਾਹੀ ਕੇਵਲ ਤਨਖ਼ਾਹ ਅਤੇ ਲੁੱਟ ਲਈ।
              ਸਿੱਖ ਸੈਨਾ ਦੀ ਅਗਵਾਈ ਬਾਬਾ ਗੁਰਦਿੱਤਾ ਜੀ ਤੇ ਭਾਈ ਬਿਧੀ ਚੰਦ ਜੀ ਕਰ ਰਹੇ ਸਨ। ਸਿੱਖਾਂ ਨੇ ਸ਼ਾਹੀ ਫੌਜਾਂ ਦੀਆਂ ਚੱਕੀਆਂ ਭੂਆ ਦਿੱਤੀਆਂ। ਤਿਆਗ ਮੱਲ  ਦੀ ਉਮਰ ਉਸ ਵੇਲੇ 14 ਸਾਲ ਦੀ ਸੀ, ਜੰਗ ਵਿਚ ਉਹ ਵੀ ਬੜੀ ਬਹਾਦਰੀ ਨਾਲ ਲੜੇ । ਗੁਰੂ ਜੀ ਨੇ ਤਿਆਗ ਮੱਲ  ਦਾ ਨਾਂ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ।
               ਗੁਰੂ ਜੀ ਨੇ ਜਿੰਨੇ ਵੀ ਯੁੱਧ ਲੜੇ ਸਾਰੇ ਹੀ ਜਿੱਤੇ। ਜਿੱਤਾਂ ਪ੍ਰਾਪਤ ਕਰਕੇ ਗੁਰੂ ਜੀ ਨੇ ਕਿਸੇ ਵੀ ਇਲਾਕੇ ‘ਤੇ ਕਬਜ਼ਾ ਨਹੀਂ ਕੀਤਾ ਤੇ ਨਾ ਹੀ ਆਪਣੀਆਂ ਫ਼ੌਜਾਂ ਨੂੰ ਲੁੱਟ-ਮਾਰ ਦੀ ਇਜਾਜ਼ਤ ਦਿੱਤੀ।ਜੰਗਾਂ ਯੁੱਧਾਂ ਦਾ ਤਿਆਗ ਕਰਕੇ ਗੁਰੂ ਜੀ ਪਰਿਵਾਰ ਸਮੇਤ ਕੀਰਤਪੁਰ ਚਲੇ ਗਏ। ਇੱਥੇ ਹੀ ਨੌਂ ਸਾਲ ਮਾਤਾ ਗੁਜਰੀ ਤੇ ਤੇਗ ਬਹਾਦਰ  ਗੁਰੂ ਜੀ ਦੀ ਸੰਗਤ ਵਿਚ ਰਹੇ ਤੇ ਅਧਿਆਤਮਕ ਉਨਤੀ ਹਾਸਲ ਕੀਤੀ। ਜਦੋਂ ਗੁਰੂ ਜੀ ਦੇ ਅੰਤ ਦਾ ਵੇਲਾ ਆਇਆ ਤਾਂ ਉਹਨਾਂ  ਨੇ ਜਾਣ ਲਿਆ ਸੀ ਕਿ ਉਨ੍ਹਾਂ ਦੇ ਵੱਡੇ ਪੁੱਤਰ ਦੇ ਬੇਟੇ ਧੀਰ ਮਲ ਗੁਰੂ ਗੱਦੀ ਦੇ ਯੋਗ ਨਹੀਂ। ਉਹਨਾਂ ਆਪਣੇ ਛੋਟੇ ਪੋਤਰੇ ਹਰਿ ਰਾਇ ਨੂੰ ਗੁਰੂ ਗੱਦੀ ਦੀ ਜਿੰਮੇਵਾਰੀ ਸੌਂਪੀ। ਛੇਵੇਂ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਬੇਬੇ ਨਾਨਕੀ ਸਮੇਤ ਬਕਾਲੇ ਪਿੰਡ ਵਿੱਚ ਆ ਗਏ। ਇੱਥੇ  ਬੇਬੇ ਨਾਨਕੀ ਦੇ ਪੇਕਿਆਂ ਦਾ ਜੱਦੀ ਘਰ ਸੀ। ਏਥੇ ਆ ਕੇ ਤੇਗ ਬਹਾਦਰ ਜੀ ਦਾ ਜਿਆਦਾ ਸਮਾਂ ਭਗਤੀ ਤੇ ਸਮਾਧੀ ਵਿਚ ਬਤੀਤ ਹੁੰਦਾ ਸੀ ਤੇ ਨਾਲ ਹੀ ਉਹ ਘੋੜਸਵਾਰੀ ਵੀ ਕਰਦੇ ਸਨ। ਉਹ ਜਾਣਦੇ ਸਨ ਕਿ ਮੁਗਲਾਂ ਦੀ ਹਕੂਮਤ ਦੇ ਜਬਰ ਜੁਲਮ ਦੂਰ ਕਰਨ ਲਈ ਕੁਰਬਾਨੀ ਦੀ ਲੋੜ ਪੈਣੀ ਹੈ। ਉਹ ਆਪਣੇ ਆਪ ਨੂੰ ਵਧੇਰੇ ਪਵਿੱਤਰ ਤੇ ਉੱਚਾ-ਸੁੱਚਾ ਬਣਾ ਰਹੇ ਸਨ। ਆਪ ਨੂੰ ਅਜਿਹੀ ਤਿਆਰੀ ਕਰਨ ਦਾ ਸਮਾਂ ਦੇਣ ਦੀ ਖਾਤਰ ਹੀ ਛੇਵੇਂ ਅਤੇ ਸਤਵੇਂ ਸਤਿਗੁਰੂ ਨੇ ਆਪ ਨੂੰ ਗੁਰੂ ਗੱਦੀ ਦੀ ਜਿੰਮੇਵਾਰੀ ਸੰਭਾਲਣ ਲਈ ਨਹੀਂ ਸੀ ਚੁਣਿਆ।
                ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੁਰਿਆਈ ਸਮੇਂ ਸਿੱਖੀ ਬਹੁਤ ਦੂਰ ਦੂਰ ਤੱਕ ਫੈਲ ਗਈ। ਇਸ ਸਮੇਂ ਦੌਰਾਨ ਆਪਣੇ ਭਰਾਵਾਂ ਨੂੰ ਮੁਕਾ ਕੇ ਅਤੇ ਆਪਣੇ ਪਿਤਾ ਸ਼ਾਹਜਹਾਨ ਨੂੰ ਕੈਦ ਕਰ ਕੇ, ਔਰੰਗਜ਼ੇਬ ਨੇ ਦਿੱਲੀ ਦਾ ਤਖ਼ਤ ਮੱਲਿਆ  ਸੀ। ਔਰੰਗਜ਼ੇਬ ਨੇ ਗੱਦੀ ‘ਤੇ ਬੈਠਣਸਾਰ ਹੀ ਅਜਿਹਾ ਰਾਜ ਤੇਜ ਦਿਖਾਇਆ ਕਿ ਬਨਾਰਸ, ਮਥੁਰਾ ਆਦਿ ਸਾਰੇ ਸਥਾਨਾਂ ਦੇ ਕਾਫੀ ਸਾਰੇ ਹਿੰਦੂ ਮੰਦਰ ਉਸਦੇ ਹੁਕਮ ਅਨੁਸਾਰ ਢਾਹੇ ਗਏ ਤੇ ਉਨ੍ਹਾਂ ਦੀ ਥਾਂ ਮਸੀਤਾਂ ਉਸਾਰ ਦਿੱਤੀਆ ਗਈਆਂ । ਬੁੱਤ ਪੂਜਾ ਬੰਦ ਕੀਤੀ ਗਈ, ਸਰਕਾਰੀ ਨੌਕਰੀਆਂ ਤੋਂ ਹਿੰਦੂਆਂ ਨੂੰ ਜਵਾਬ ਦਿੱਤਾ ਗਿਆ, ਜੋਗੀ ਸੰਨਿਆਸੀ, ਸੰਗੀਤਕਾਰ ਦੇਸ਼ ਵਿੱਚੋਂ ਕੱਢੇ ਗਏ। ਇਸੇ ਤਰ੍ਹਾਂ ਸਿੱਖ ਵੀ ਔਰੰਗਜ਼ੇਬ ਦੇ ਅੱਤਿਆਚਾਰਾਂ ਤੋਂ ਬਚ ਨਾ ਸਕੇ। ਸਾਰੇ ਨਗਰਾਂ ਤੇ ਸ਼ਹਿਰਾਂ ਵਿੱਚ ਸਿੱਖਾਂ ਦੇ ਬਹੁਤ ਸਾਰੇ ਗੁਰਦੁਆਰੇ ਢਾਹੇ ਗਏ ਤੇ ਸਿੱਖ ਪ੍ਰਚਾਰਕ ਉਥੋਂ ਕੱਢੇ ਗਏ। ਇਹ ਸਾਰੀਆਂ ਗੱਲਾਂ ਕੀਰਤਪੁਰ ਪਹੁੰਚੀਆਂ ਤੇ ਸ੍ਰੀ ਗੁਰੂ ਹਰਿ ਰਾਇ ਨੂੰ ਬਾਦਸ਼ਾਹ ਨੇ ਦਿੱਲੀ ਪਹੁੰਚਣ ਦਾ ਪਰਵਾਨਾ ਭੇਜਿਆ ਪਰੰਤੂ ਗੁਰੂ ਜੀ ਨੇ ਇਸ ਨੂੰ ਸਵੀਕਾਰ ਨਾ ਕੀਤਾ।
                     ਗੁਰੂ ਹਰਿਰਾਇ ਸਾਹਿਬ ਜੀ ਦੇ ਦੋ ਪੁੱਤਰ ਸਨ। ਰਾਮ ਰਾਇ ਤੇ ਸ੍ਰੀ ਹਰਿਕ੍ਰਿਸ਼ਨ ਸਾਹਿਬ । ਰਾਮ ਰਾਇ ਗੁਰੂ ਜੀ ਦੀ ਆਗਿਆ ਭੰਗ ਕਰ ਚੁੱਕਿਆ ਸੀ। ਔਰੰਗਜ਼ੇਬ ਨੂੰ ਖੁਸ਼ ਕਰਨ ਦੀ ਖਾਤਰ ਉਸਨੇ ਗੁਰਬਾਣੀ ਦੀ ਤੁਕ ਨੂੰ ਉਲਟਾ ਕੇ ਪੜ੍ਹਿਆ ਸੀ। ਇਸ ਤੋਂ ਬਾਅਦ ਉਸਨੇ ਗੱਦਾਰ ਧੀਰਮੱਲ ਦੇ ਨਾਲ ਰਲ ਕੇ ਗੁਰੂ ਜੀ ਤੇ ਰੋਹਬ ਪਾਉਣਾ ਚਾਹਿਆ ਤਾਂ ਜੋ ਮਗਰੋਂ ਗੁਰੂ ਗੱਦੀ ਮੈਨੂੰ ਮਿਲ ਜਾਵੇ ਪਰ ਗੁਰੂ ਜੀ ਕਿਸੇ ਰੋਹਬ ਹੇਠਾਂ ਨਾ ਆਏ । ਆਪ ਜੀ ਨੇ ਰਾਮਰਾਇ ਨੂੰ ਤਿਆਗ ਦਿੱਤਾ । ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਹਰਿਕ੍ਰਿਸ਼ਨ ਸਾਹਿਬ ਨੂੰ ਗੁਰੂ ਗੱਦੀ ਲਈ ਚੁਣਿਆ।ਸੰਗਤਾਂ ਨੂੰ ਹੁਕਮ ਹੋਇਆ ਕਿ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰੂ ਸਮਝਣਾ  ਤੇ ਰਾਮਰਾਇ ਦੀਆਂ ਚਾਲਾਂ ਤੋਂ ਬਚ ਕੇ ਰਹਿਣਾ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰੂ ਗੱਦੀ ਤੇ ਬਿਠਾਇਆ ਗਿਆ। ਉਸ ਵੇਲੇ ਆਪ ਜੀ ਦੀ ਉਮਰ ਕੇਵਲ ਪੰਜ ਸਾਲ ਦੀ ਸੀ। ਰਾਮਰਾਇ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਵਿਰੁੱਧ ਚਾਲਾਂ ਚਲਣੀਆਂ ਸ਼ੁਰੂ ਕਰ ਦਿਤੀਆਂ ਪਰ ਸਿੱਖਾਂ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਫ਼ੈਸਲੇ ਤੇ ਹੁਕਮ ਦਾ ਪਤਾ ਸੀ ਉਹ ਰਾਮਰਾਇ ਦੀਆਂ ਚਾਲਾਂ ਵਿਚ ਨਾ ਫਸੇ।
            ਸ੍ਰੀ ਗੁਰੂ ਹਰਿਕ੍ਰਿਸ਼ਨ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸੰਗਤਾਂ ਨੇ ਬੇਨਤੀ ਕੀਤੀ: ਸੱਚੇ ਪਾਤਸ਼ਾਹ! ਰਾਮਰਾਇ ਇੱਥੇ ਦਿੱਲੀ ਦਰਬਾਰ ਵਿਚ ਗੋਂਦਾ ਗੁੰਦ ਰਿਹਾ ਹੈ, ਪੰਜਾਬ ਵਿੱਚ ਧੀਰਮੱਲ ਤੇ ਹੋਰ ਸੋਢੀ ਗੁਰ-ਗੱਦੀ ਦੇ ਦਾਅਵੇਦਾਰ ਬਣੀ ਬੈਠੇ ਹਨ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ‘ਬਾਬਾ ਬਕਾਲਾ’ ਕਿਹਾ । ਉਹਨਾਂ ਦਾ ਇਸ਼ਾਰਾ ਸੀ ਕਿ ਨੌਵੇਂ ਗੁਰੂ ਬਕਾਲੇ ਪਿੰਡ ਵਿੱਚ ਸਨ।
            ਇਸ ਤੋਂ ਮਗਰੋਂ ਕਿੰਨੇ ਹੀ ਧੀਰਮੱਲ ਵਰਗੇ ਗੁਰਗੱਦੀ ਦੇ ਦਾਅਵੇਦਾਰ ਬਣ ਬੈਠੇ । ਉਹ ਸੰਗਤਾਂ ਕੋਲੋ ਕਾਰ-ਭੇਟਾ ਉਗਰਾਹੁਣ ਲੱਗ ਪਏ। ਪਰ ਗੁਰੂ ਤੇਗਬਹਾਦਰ ਸਾਹਿਬ ਜੀ ਇਕਾਂਤ ਸ਼ਾਤ ਬੈਠੇ ਭਜਨ-ਬੰਦਗੀ ਵਿਚ ਲੱਗੇ ਰਹੇ।
            ਇਕ ਵਾਰ ਮੱਖਣ ਸ਼ਾਹ ਵਪਾਰੀ ਦਾ ਜਹਾਜ਼ ਸਮੁੰਦਰ ‘ਚ ਡੁੱਬਣ ਲਗਿਆ ਸੀ ਤੇ ਉਸਨੇ ਗੁਰੂ ਨੂੰ ਧਿਆਇਆ ਕਿ ਜੇ ਜਹਾਜ਼ ਪੱਤਣ ‘ਤੇ ਲਗ ਜਾਵੇ ਤਾਂ ਮੈ 500 ਮੋਹਰਾਂ ਆਪ ਜੀ ਨੂੰ ਭੇਟਾ ਕਰਾਂਗਾ। ਜਦੋਂ ਉਹ ਬਕਾਲੇ ਪਹੁੰਚਿਆ ਤਾਂ ਉੱਥੇ ਉਸਨੇ ਅਜੀਬ ਗੱਲ ਦੇਖੀ। ਬਕਾਲੇ ਕਈ ਗੁਰੂ ਬਣੇ ਬੈਠੇ ਸਨ। ਹੁਣ ਪਤਾ ਕਿਵੇਂ ਲੱਗੇ ਕਿ ਅਸਲੀ ਗੁਰੂ ਕਿਹੜਾ ਹੈ। ਉਹ ਹਰ ਇਕ ਦੇ ਅੱਗੇ ਦੋ ਦੋ ਮੋਹਰਾਂ ਰੱਖ ਕੇ ਮੱਥਾ ਟੇਕਦਾ ਗਿਆ ਪਰ ਪਤਾ ਨਹੀਂ ਲਗਿਆ ਅਸਲੀ ਗੁਰੂ ਕੌਣ ਹੈ। ਫਿਰ ਕਿਸੇ ਨੇ ਦੱਸਿਆ ਕਿ ਇਕ ਗੁਰਮੁੱਖ ਪਿਆਰਾ ਭਗਤੀ ਕਰ ਰਿਹਾ ਹੈ। ਮੱਖਣ ਸ਼ਾਹ ਉੱਥੇ ਵੀ ਚਲਿਆ ਗਿਆ ਤੇ ਦੋ ਮੋਹਰਾਂ ਰੱਖੀ ਕੇ ਮੱਥਾ ਟੇਕਣ ਲੱਗਿਆ ਤਾਂ ਗੁਰੂ ਤੇਗਬਹਾਦਰ ਸਾਹਿਬ ਜੀ ਨੇ ਕਿਹਾ ਕਿ ਗੁਰੂ ਦੀ ਅਮਾਨਤ ਦਿੱਤੀ ਹੀ ਭਲੀ ਹੁੰਦੀ ਹੈ, 500 ਵਿਚੋਂ ਕੇਵਲ ਦੋ ਹੀ ਮੋਹਰਾਂ ਦੇ ਰਿਹਾ ਹੈਂ। ਗੁਰੂ ਤੇਗਬਹਾਦਰ ਜੀ ਦੇ ਬਚਨ ਸੁਣ ਕੇ ਉਹ ਖੁਸ਼ੀ ਨਾਲ ਗਦਗਦ ਹੋ ਗਿਆ। ਉਸਨੂੰ ਪਤਾ ਲਗ ਗਿਆ ਕਿ ਇਹੀ ਨੌਵੇਂ ਗੁਰੂ ਹਨ। ਉਸ ਨੇ ਕੋਠੇ ‘ਤੇ ਚੜ੍ਹ ਕੇ ਰੌਲਾ ਪਾ ਦਿੱਤਾ ਕਿ ‘ਗੁਰੂ ਲਾਧੋ ਰੇ ਗੁਰੂ ਲਾਧੋ ਰੇ। ਇਸ ਤਰ੍ਹਾਂ ਅਸਲੀ ਗੁਰੂ ਦੀ ਪਹਿਚਾਣ ਹੋਈ ਤੇ ਪਖੰਡ ਦਾ ਹਨੇਰਾ ਦੂਰ ਹੋ ਗਿਆ। ਇਸਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੇ ਸਿੱਖਾਂ ਕੌਮ ਦੀ ਅਗਵਾਈ ਕੀਤੀ।
Previous articleਦਰਸ਼ਕਾ ਨੂੰ ਬੇਹੱਦ ਪਸੰਦ ਆ ਰਿਹਾ ਹੈ ਬੱਬੂ ਮਾਨ ਦੇ ਨਵੇਂ ਗੀਤ ‘ਤੇਰਾ ਫੈਨ’ ਦਾ ਪੋਸਟਰ
Next articleਰੋਜ਼ੇ ਵਾਰਸ਼ / ਟੱਪੇ