ਕਾਬੁਲ : ਅਮਰੀਕਾ ਨਾਲ ਸ਼ਾਂਤੀ ਗੱਲਬਾਤ ਰੱਦ ਹੋਣ ਤੋਂ ਬਾਅਦ ਅੱਤਵਾਦੀ ਜਥੇਬੰਦੀ ਤਾਲਿਬਾਨ ਨੇ ਅਫ਼ਗਾਨਿਸਤਾਨ ‘ਚ ਹਮਲੇ ਤੇਜ਼ ਕਰ ਦਿੱਤੇ ਹਨ। ਤਾਲਿਬਾਨ ਅੱਤਵਾਦੀਆਂ ਨੇ ਸ਼ਨਿਚਰਵਾਰ ਨੂੰ ਰਾਜਧਾਨੀ ਕਾਬੁਲ ‘ਚ ਵਰਦਾਕ ਸੂਬੇ ਦੇ ਜਝਾਤੂ ਜ਼ਿਲ੍ਹੇ ਦੇ ਪ੍ਰਮੁੱਖ ਮੁਹੰਮਦ ਵਜ਼ੀਰੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਤਾਲਿਬਾਨ ਤਰਜਮਾਨ ਜਬੀਹੁੱਲਾ ਮੁਜਾਹਿਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਵਜ਼ੀਰੀ ‘ਤੇ ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਉਹ ਪੱਛਮੀ ਕਾਬੁਲ ਦੇ ਗੋਲਾਈ ਹਸਪਤਾਲ ਇਲਾਕੇ ‘ਚ ਆਪਣੀ ਕਾਰ ‘ਚ ਕਿਤੇ ਜਾ ਰਹੇ ਸਨ।ਤਾਲਿਬਾਨ ਦੇ ਇਸ ਹਮਲੇ ਤੋਂ ਠੀਕ ਪਹਿਲਾਂ ਅਫ਼ਗਾਨ ਰੱਖਿਆ ਮੰਤਰਾਲੇ ਨੇ ਐਲਾਨ ਕੀਤਾ ਕਿ ਪਿਛਲੇ ਛੇ ਮਹੀਨੇ ‘ਚ ਦੇਸ਼ ਦੇ ਪੰਜ ਸੂਬਿਆਂ ਗਜ਼ਨੀ, ਬਦਖ਼ਸ਼ਾਂ, ਕੁੰਦੁਜ, ਤਖਰ ਤੇ ਫਰਿਯਾਬ ਦੇ 12 ਜ਼ਿਲਿ੍ਹਆਂ ਨੂੰ ਤਾਲਿਬਾਨ ਦੇ ਕੰਟਰੋਲ ਤੋਂ ਪੂਰੀ ਤਰ੍ਹਾਂ ਮੁਕਤ ਕਰਵਾ ਲਿਆ ਗਿਆ ਹੈ। ਪਰ ਤਾਲਿਬਾਨ ਨੇ ਦੇਸ਼ ਦੀ ਰਾਜਧਾਨੀ ‘ਚ ਹੀ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਅਫ਼ਗਾਨ ਸਰਕਾਰ ਦੇ ਦਾਅਵੇ ‘ਤੇ ਸਵਾਲ ਖੜ੍ਹਾ ਕਰ ਦਿੱਤਾ।