ਤਾਲਿਬਾਨ ਦੀ ਧਮਕੀ ਬੇਅਸਰ, ਮਤਦਾਨ ਲਈ ਉਮੜੇ ਅਫ਼ਗਾਨ ਨਾਗਰਿਕ

ਕਾਬੁਲ : ਤਾਲਿਬਾਨ ਅੱਤਵਾਦੀਆਂ ਦੀ ਧਮਕੀ ਨੂੰ ਦਰਕਿਨਾਰ ਕਰ ਕੇ ਸ਼ਨਿਚਰਵਾਰ ਨੂੰ ਅਫ਼ਗਾਨ ਮਤਦਾਤਾ ਲੋਕਤੰਤਰ ‘ਚ ਆਪਣਾ ਭਰੋਸਾ ਦਿਖਾਉਂਦੇ ਹੋਏ ਮਤਦਾਨ ਕੇਂਦਰਾਂ ਤਕ ਪੁੱਜੇ। ਵੋਟਰਾਂ ਦੀ ਸੁਰੱਖਿਆ ਲਈ ਹਜ਼ਾਰਾਂ ਸੁਰੱਖਿਆ ਮੁਲਾਜ਼ਮਾਂ ਨੂੰ ਵੀ ਤਾਇਨਾਤ ਕੀਤਾ ਗਿਆ ਸੀ। ਮਤਦਾਨ ਦੌਰਾਨ ਕੁਝ ਥਾਵਾਂ ‘ਤੇ ਹਿੰਸਾ ਦੀਆਂ ਖ਼ਬਰਾਂ ਵੀ ਹਨ। ਅਧਿਕਾਰੀਆਂ ਮੁਤਾਬਕ, ਵੱਖ-ਵੱਖ ਥਾਵਾਂ ‘ਤੇ ਤਾਲਿਬਾਨ ਦੇ ਹਮਲਿਆਂ ‘ਚ ਦੋ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਦੋ ਮਹੀਨੇ ਚੱਲੀਆਂ ਚੋਣ ਮੁਹਿੰਮਾਂ ਦੌਰਾਨ ਵਿਆਪਕ ਹਿੰਸਾ ਫੈਲਾਉਣ ਵਾਲੇ ਤਾਲਿਬਾਨ ਅੱਤਵਾਦੀਆਂ ਨੇ ਸ਼ਨਿਚਰਵਾਰ ਨੂੰ ਹੋਏ ਪਹਿਲੇ ਦੌਰ ਦੇ ਮਤਦਾਨ ‘ਚ ਵੀ ਕਈ ਥਾਵਾਂ ‘ਤੇ ਹਮਲੇ ਕੀਤੇ। ਤਾਲਿਬਾਨ ਦਾ ਦਾਅਵਾ ਹੈ ਕਿ ਉਸ ਨੇ ਦੇਸ਼ ਭਰ ‘ਚ ਸੈਕੜੇ ਹਮਲੇ ਕੀਤੇ। ਕੁੰਦੂਜ, ਨਾਂਗਰਹਾਰ, ਕਾਬੁਲ, ਬਾਮਿਆਨ ਤੇ ਕੰਧਾਰ ਸਮੇਤ ਕਈ ਸੂਬਿਆਂ ‘ਚ ਹਿੰਸਾ ਦੀਆਂ ਘਟਨਾਵਾਂ ਵੇਖੀਆਂ ਗਈਆਂ। ਅਧਿਕਾਰੀਆਂ ਮੁਤਾਬਕ, ਹਮਲਿਆਂ ‘ਚ ਦੋ ਲੋਕਾਂ ਦੇ ਮਾਰੇ ਜਾਣ ਅਤੇ 27 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਈ ਮਤਦਾਨ ਕੇਂਦਰਾਂ ‘ਤੇ ਲੰਬੀਆਂ ਕਤਾਰਾਂ ਕਾਰਨ ਸ਼ਾਮ ਪੰਜ ਵਜੇ ਤਕ ਮਤਦਾਨ ਕਰਵਾਇਆ ਗਿਆ। ਪਹਿਲਾਂ ਇਹ ਸਮਾਂ ਤਿੰਨ ਵਜੇ ਤਕ ਨਿਰਧਾਰਤ ਸੀ। ਪਿਛਲੀਆਂ ਚੋਣਾਂ ਦੀ ਤੁਲਨਾ ‘ਚ ਸ਼ੁਰੂਆਤ ‘ਚ ਵੋਟਰਾਂ ਦੀ ਗਿਣਤੀ ਘੱਟ ਰਹੀ। ਹਾਲਾਂਕਿ ਹੌਲੀ ਹੌਲੀ ਵੋਟਰਾਂ ਨੇ ਮਤਦਾਨ ਕੇਂਦਰਾਂ ਦਾ ਰੁਖ਼ ਕੀਤਾ।
ਚੋਣਾਂ ‘ਚ ਰਾਸ਼ਟਰਪਤੀ ਅਸ਼ਰਫ ਗਨੀ ਤੇ ਅਫ਼ਗਾਨਿਸਤਾਨ ਦੇ ਮੁੱਖ ਕਾਰਜਕਾਰੀ ਅਬਦੁੱਲਾ ਅਬਦੁੱਲਾ ਦਰਮਿਆਨ ਮੁੱਖ ਮੁਕਾਬਲਾ ਮੰਨਿਆ ਜਾ ਰਿਹਾ ਹੈ। ਗਨੀ ਨੇ ਕਾਬੁਲ ਹਾਈ ਸਕੂਲ ‘ਚ ਮਤਦਾਨ ਕੀਤਾ। ਉਨ੍ਹਾਂ ਕਿਹਾ ਕਿ ਜੰਗ ਪੀੜਤ ਦੇਸ਼ ‘ਚ ਸ਼ਾਂਤੀ ਲਈ ਜਨਤਾ ਦੀ ਹਮਾਇਤ ਨਾਲ ਇਕ ਆਗੂ ਚੁਣਨਾ ਸਭ ਤੋਂ ਅਹਿਮ ਹੈ। ਉਨ੍ਹਾਂ ਕਿਹਾ, ‘ਸ਼ਾਂਤੀ ਦਾ ਰੋਡਮੈਪ ਤਿਆਰ ਹੈ। ਮੈਂ ਚਾਹੁੰਦਾ ਹਾਂ ਕਿ ਲੋਕ ਸਾਨੂੰ ਇਜਾਜ਼ਤ ਅਤੇ ਅਧਿਕਾਰ ਦੇਣ, ਜਿਸ ਨਾਲ ਅਸੀਂ ਇਸ ਦਿਸ਼ਾ ‘ਚ ਅੱਗੇ ਵਧ ਸਕੀਏ।’

ਨਿਰਾਸ਼ਾ ਦਰਮਿਆਨ ਉਮੀਦ ਦੀ ਕਿਰਨ
ਅਫ਼ਗਾਨਿਸਤਾਨ ‘ਚ ਕੁੱਲ 96 ਲੱਖ ਰਜਿਸਟਰਡ ਵੋਟਰ ਹਨ। ਹਾਲਾਂਕਿ ਪਿਛਲੇ 18 ਸਾਲਾਂ ਤੋਂ ਚੱਲ ਰਹੀ ਜੰਗ ਦੀ ਸਥਿਤੀ ਨੇ ਉਨ੍ਹਾਂ ਦਾ ਭਰੋਸਾ ਤੋੜ ਦਿੱਤਾ ਹੈ ਕਿ ਕੋਈ ਨੇਤਾ ਦੇਸ਼ ਨੂੰ ਜੋੜ ਸਕੇਗਾ ਤੇ ਲੋਕਾਂ ਦਾ ਜੀਵਨ ਪੱਧਰ ਸੁਧਾਰ ਸਕੇਗਾ। ਮਨੁੱਖੀ ਅਧਿਕਾਰ ਸਮੂਹ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਮਤਦਾਨ ਫ਼ੀਸਦੀ ਘੱਟ ਰਹਿਣ ਦਾ ਅਨੁਮਾਨ ਹੈ। ਖ਼ਾਸ ਕਰ ਅੌਰਤਾਂ ਬਹੁਤ ਘੱਟ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਚੁਣੌਤੀਆਂ ਤੋਂ ਬਾਅਦ ਵੀ ਕਈ ਵੋਟਰਾਂ ਨੇ ਲੰਬੀਆਂ ਕਤਾਰਾਂ ‘ਚ ਲੱਗ ਕੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ‘ਚ ਯੋਗਦਾਨ ਦਿੱਤਾ। 55 ਸਾਲਾ ਮੋਈਨੁਦੀਨ ਨੇ ਕਿਹਾ, ‘ਮੈਂ ਜਾਣਦਾ ਹਾਂ ਕਿ ਵੋਟ ਪਾਉਣ ਲਈ ਨਿਕਲਣ ‘ਚ ਖ਼ਤਰਾ ਹੈ, ਪਰ ਬੰਬ ਤੇ ਹਮਲੇ ਤਾਂ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ। ਮੈਂ ਡਰਿਆ ਹੋਇਆ ਨਹੀਂ ਹਾਂ। ਜੇਕਰ ਅਸੀਂ ਬਦਲਾਅ ਚਾਹੁੰਦੇ ਹਾਂ ਤਾਂ ਸਾਨੂੰ ਵੋਟ ਦੇਣਾ ਪਵੇਗਾ।’ ਇਕ ਹੋਰ ਵੋਟਰ ਨੇ ਕਿਹਾ, ‘ਮੈਂ ਚੋਣ ਕਮਿਸ਼ਨ ਤੋਂ ਸਿਰਫ਼ ਏਨੀ ਬੇਨਤੀ ਕਰਦਾ ਹਾਂ ਕਿ ਉਹ ਨਿਰਪੱਖ ਚੋਣਾਂ ਯਕੀਨੀ ਕਰੇ।’

ਪਿਛਲੇ ਚੋਣ ਨਤੀਜਿਆਂ ‘ਤੇ ਰਿਹਾ ਸੀ ਵਿਵਾਦ
2014 ਦੀਆਂ ਚੋਣਾਂ ‘ਚ ਗਨੀ ਤੇ ਅਬਦੁੱਲਾ ਦੋਵਾਂ ਨੇ ਜਿੱਤ ਦਾ ਦਾਅਵਾ ਕੀਤਾ ਸੀ। ਮਤਦਾਨ ‘ਚ ਧਾਂਦਲੀ ਦੇ ਬਹੁਤ ਦੋਸ਼ ਲੱਗੇ ਸਨ। ਉਸ ਦੌਰਾਨ ਹਿੰਸਾ ਵੀ ਬਹੁਤ ਜ਼ਿਆਦਾ ਹੋਈ ਸੀ। ਇਸ ਕਾਰਨ ਨਤੀਜਿਆਂ ਤੋਂ ਬਾਅਦ ਸੰਵਿਧਾਨਕ ਸੰਕਟ ਪੈਦਾ ਹੋ ਗਿਆ ਸੀ। ਇਸ ਤੋਂ ਬਾਅਦ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਦਖ਼ਲ ਦਿੰਦਿਆਂ ਸੁਲਾਹ ਕਰਵਾਈ ਤੇ ਅਬਦੁੱਲਾ ਨੂੰ ਸਰਕਾਰ ‘ਚ ਸਹਾਇਕ ਭੂਮਿਕਾ ਦਿੱਤੀ ਗਈ। ਇਸ ਵਾਰ ਅਧਿਕਾਰੀਆਂ ਦਾ ਦਾਅਵਾ ਹੈ ਕਿ ਵੋਟਰਾਂ ਦੀ ਪਛਾਣ ਪ੍ਰਕਿਰਿਆ ਜ਼ਿਆਦਾ ਪਾਰਦਰਸ਼ੀ ਹੈ ਤੇ ਨਿਰਪੱਖ ਚੋਣ ਕਰਾਉਣ ‘ਚ ਕੋਈ ਕਸਰ ਨਹੀਂ ਛੱਡੀ ਗਈ ਹੈ। ਹਾਲਾਂਕਿ ਮਤਦਾਨ ਦੀ ਪ੍ਰਕਿਰਿਆ ‘ਚ ਬਹੁਤ ਜ਼ਿਆਦਾ ਸਮਾਂ ਲੱਗਣ ਕਾਰਨ ਕੁਝ ਲੋਕਾਂ ‘ਚ ਨਾਰਾਜ਼ਗੀ ਵੀ ਵੇਖੀ ਗਈ। ਇਕ ਵੋਟਰ ‘ਤੇ ਔਸਤਨ ਸਾਢੇ ਤਿੰਨ ਮਿੰਟ ਲੱਗੇ।

ਤਾਲਿਬਾਨ ਨੇ ਕੱਟੀ ਉਂਗਲੀ, ਫਿਰ ਵੀ ਨਹੀਂ ਮੰਨੀ ਹਾਰ
ਤਾਲਿਬਾਨ ਅੱਤਵਾਦੀਆਂ ਨੇ 2014 ‘ਚ ਮਤਦਾਨ ਕਰਨ ਕਾਰਨ ਸਫੀਉੱਲ੍ਹਾ ਸਫੀ ਦੇ ਸੱਜੇ ਹੱਥ ਦੀ ਪਹਿਲੀ ਉਂਗਲੀ ਕੱਟ ਦਿੱਤੀ ਸੀ। ਹਾਲਾਂਕਿ ਇਸ ਤੋਂ ਬਾਅਦ ਵੀ ਅੱਤਵਾਦੀ ਉਨ੍ਹਾਂ ਦੀ ਹਿੰਮਤ ਨਹੀਂ ਤੋੜ ਸਕੇ। ਸਫੀ ਨੇ ਸ਼ਨਿਚਰਵਾਰ ਨੂੰ ਮੁੜ ਮਤਦਾਨ ਕੀਤਾ। 36 ਸਾਲਾ ਸਫੀ ਨੇ ਟਵਿੱਟਰ ‘ਤੇ ਇਕ ਤਸਵੀਰ ਸਾਂਝੀ ਕੀਤੀ, ਜਿਸ ‘ਚ ਸੱਜੇ ਹੱਥ ਦੀ ਕੱਟੀ ਹੋਈ ਉਂਗਲੀ ਤੇ ਖੱਬੇ ਹੱਥ ਦੀ ਉਂਗਲੀ ‘ਤੇ ਮਤਦਾਨ ਦੀ ਸਿਆਈ ਲੱਗੀ ਸੀ। ਸਫੀ ਨੇ ਦੱਸਿਆ, ‘2014 ‘ਚ ਮਤਦਾਨ ਦੇ ਅਗਲੇ ਦਿਨ ਮੈਂ ਕਾਬੁਲ ਦੇ ਖੋਸਤ ਸ਼ਹਿਰ ਵੱਲ ਜਾ ਰਿਹਾ ਸੀ। ਰਸਤੇ ‘ਚ ਤਾਲਿਬਾਨ ਅੱਤਵਾਦੀਆਂ ਨੇ ਮੈਨੂੰ ਰੋਕਿਆ ਤੇ ਸੜਕ ਤੋਂ ਦੂਰ ਆਪਣੀ ਅਖੌਤੀ ਅਦਾਲਤ ‘ਚ ਲੈ ਗਏ। ਉੱਥੇ ਉਨ੍ਹਾਂ ਨੇ ਮੇਰੀ ਸਿਆਹੀ ਵਾਲੀ ਉਂਗਲੀ ਕੱਟ ਦਿੱਤੀ।’

Previous articleਮੁਹਾਜਿਰਾਂ ‘ਤੇ ਜ਼ੁਲਮ ਖ਼ਿਲਾਫ਼ ਐੱਮਕਿਊਐੱਮ ਨੇ ਕੀਤਾ ਪ੍ਰਦਰਸ਼ਨ
Next articleਹਾਂਗਕਾਂਗ ‘ਚ ਮੁੜ ਭੜਕਿਆ ਲੋਕਤੰਤਰ ਦਾ ਅੰਦੋਲਨ