ਤਾਲਾਬੰਦੀ: ਨੌਕਰੀ ਤੋਂ ਕੱਢਣ ਉਤੇ ਨੌਜਵਾਨ ਨੇ ਨਹਿਰ ’ਚ ਛਾਲ ਮਾਰੀ

ਸਮਾਣਾ (ਸਮਾਜਵੀਕਲੀ) :  ਨੌਕਰੀ ਤੋਂ ਕੱਢਣ ਤੇ ਬਕਾਇਆ ਤਨਖਾਹ ਨਾ ਮਿਲਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਸਮਾਣਾ-ਚੀਕਾ ਰੋਡ ’ਤੇ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਦਰਸ਼ਨ ਕੀਤਾ।

ਵਿਕਰਮਜੀਤ (35) ਦੀ ਪਤਨੀ ਬੇਅੰਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ 15-16 ਸਾਲਾਂ ਤੋਂ ਜੈਨ ਸੰਨਜ਼ ਮੋਟਰਸਾਈਕਲ ਏਜੰਸੀ ਵਿਚ ਕੰਮ ਕਰਦਾ ਸੀ ਜਿਸ ਨੂੰ ਮਾਲਕਾਂ ਨੇ ਨੌਕਰੀ ਤੋਂ ਕੱਢ ਦਿੱਤਾ ਤੇ ਤਿੰਨ ਮਹੀਨਿਆਂ ਦੀ ਤਨਖਾਹ ਵੀ ਨਹੀਂ ਦਿੱਤੀ।  ਉਸ ਦਾ ਪਤੀ ਬਕਾਇਆ ਤਨਖਾਹ ਲੈਣ ਲਈ ਅੱਜ ਏਜੰਸੀ ਮਾਲਕ ਕੋਲ ਗਿਆ ਜਿਸ ਨੇ ਉਸ ਦੇ ਪਤੀ ਨਾਲ ਦੁਰਵਿਹਾਰ ਕੀਤਾ। ਇਸ ਤੋਂ ਬਾਅਦ ਉਕਤ ਨੌਜਵਾਨ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਰੁੜ੍ਹ ਗਿਆ ਜਿਸ ਦੀ ਪੁਸ਼ਟੀ ਭਾਖੜਾ ਨੇੜਲੇ ਪੁਲ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਕੀਤੀ। ਇਹ ਵੀ ਪਤਾ ਲੱਗਾ ਹੈ ਕਿ ਏਜੰਸੀ ਮਾਲਕ ਮੌਕੇ ਤੋਂ ਫਰਾਰ ਹੋ ਗਿਆ।

ਬੇਅੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਬੱਚੇ ਹਨ ਤੇ ਉਨ੍ਹਾਂ ਨੇ ਪਿਛਲੇ ਕਈ ਮਹੀਨਿਆਂ ਦਾ ਮਕਾਨ ਦਾ ਕਿਰਾਇਆ ਦੇਣਾ ਸੀ ਜਿਸ ਕਰਕੇ ਊਸਦਾ ਪਤੀ ਏਜੰਸੀ ਮਾਲਕਾਂ ਤੋਂ ਤਨਖਾਹ ਦੀ ਮੰਗ ਕਰ ਰਿਹਾ ਸੀ। ਏਜੰਸੀ ਮਾਲਕ ਪਾਰੁਲ ਜੈਨ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਵਿਕਰਮਜੀਤ ਸਿੰਘ ਨੇ ਨੌਕਰੀ ਛੱਡ ਦਿੱਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਹੋਰ ਮੁਲਾਜ਼ਮ ਰੱਖ ਲਏ ਸਨ ਪਰ ਅੱਜ ਫ਼ਿਰ ਵਿਕਰਮਜੀਤ  ਕੰਮ ਲਈ ਆਇਆ ਸੀ ਜਿਸ ਨੂੰ ਉਨ੍ਹਾਂ ਕੁੱਝ ਦਿਨ ਇੰਤਜ਼ਾਰ ਕਰਨ ਲਈ ਕਿਹਾ ਸੀ। ਥਾਣਾ ਸਿਟੀ ਮੁਖੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Previous articleਸਿਆਊ ਕਾਂਡ: ਦੋਸਤ ਦੀ ਮੰਗੇਤਰ ਨੂੰ ਮੈਸੇਜ ਭੇਜਣ ਕਾਰਨ ਹੋਇਆ ਸੀ ਝਗੜਾ
Next articleਕਿਸਾਨਾਂ ਨੇ ਟਰਾਂਸਕੋ ਮੁਲਾਜ਼ਮਾਂ ਕੋਲੋਂ ਡੰਡ ਬੈਠਕਾਂ ਕਢਵਾਈਆਂ