ਬ੍ਰਿਟਿਸ਼ ਏਅਰਵੇਜ਼ ਵੀ ਲੰਡਨ ਹੀਥਰੋ ਤੋਂ ਪਹਿਲੀ ਵਾਰ ਪਹੁੰਚੀ ਅੰਮ੍ਰਿਤਸਰ
ਏਅਰਪੋਰਟ ਅਥਾਰਟੀ ਆਫ ਇੰਡੀਆ ਦੁਆਰਾ ਅਪ੍ਰੈਲ 2020 ਦੇ ਵਿੱਚ ਯਾਤਰੀਆਂ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਅੰਮ੍ਰਿਤਸਰ ਹਵਾਈ ਅੱਡੇ ਤੋਂ ਕੁਲ 5972 ਅੰਤਰਰਾਸ਼ਟਰੀ ਅਤੇ ਘਰੇਲੂ ਯਾਤਰੀਆਂ ਨੇ ਸਫਰ ਕੀਤਾ। ਇਹ ਗਿਣਤੀ ਦਿੱਲੀ ਅਤੇ ਮੁੰਬਈ ਨੂੰ ਛੱਡ ਕੇ ਭਾਰਤ ਦੇ ਸਾਰੇ ਹਵਾਈ ਅੱਡਿਆਂ ਤੋਂ ਵੱਧ ਹੈ। ਦਿੱਲੀ 20,624 ਨਾਲ ਪਹਿਲੇ ਅਤੇ ਮੁੰਬਈ 9051 ਯਾਤਰੀਆਂ ਨਾਲ ਦੂਜੇ ਨੰਬਰ 'ਤੇ ਸੀ। ਅੰਮ੍ਰਿਤਸਰ ਤੋਂ ਕੁਲ 5011 ਅੰਤਰਰਾਸ਼ਟਰੀ ਯਾਤਰੀਆਂ ਨੇ ਉਡਾਣ ਭਰੀ, ਇਹ ਗਿਣਤੀ ਵੀ ਦੇਸ਼ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਵਿਚੋਂ ਤੀਸਰੇ ਨੰਬਰ ਤੇ ਹੈ। ਭਾਰਤ ਦੇ ਹੋਰ ਸਾਰੇ ਵੱਡੇ ਹਵਾਈ ਅੱਡੇ ਜਿਵੇਂ ਬੰਗਲੌਰ, ਅਹਿਮਦਾਬਾਦ, ਕੋਲਕਾਤਾ ਵੀ ਅੰਮ੍ਰ੍ਰਿਤਸਰ ਤੋਂ ਯਾਤਰੀਆਂ ਦੀ ਗਿਣਤੀ ਦੇ ਨੇੜੇ ਨਹੀਂ ਹਨ।
ਮਾਰਚ ਦੇ ਅਖੀਰ ਵਿੱਚ ਭਾਰਤ ਸਰਕਾਰ ਵੱਲੋਂ ਉਡਾਣਾਂ ਦੀ ਮੁਕੰਮਲ ਮੁਅੱਤਲੀ ਕਾਰਨ ਹਜ਼ਾਰਾਂ ਵਿਦੇਸ਼ੀ ਪੰਜਾਬ ਸਮੇਤ ਦੇਸ਼ ਭਰ ਵਿੱਚ ਫਸ ਗਏ ਜਿਸ ਵਿੱਚ ਯੂ.ਕੇ. ਅਤੇ ਕੈਨੇਡਾ ਦੇ ਵਸਨੀਕਾਂ ਦੀ ਸਭ ਤੋਂ ਵੱਧ ਗਿਣਤੀ ਪੰਜਾਬ ਵਿੱਚ ਸੀ। ਆਪਣੀ ਸਰਕਾਰ ਨਾਲ ਇਹਨਾਂ ਨੇ ਅੰਮ੍ਰਿਤਸਰ ਤੋਂ ਯੂਕੇ ਅਤੇ ਕਨੈਡਾ ਲਈ ਸਿੱਧੇ ਵਾਪਸ ਪਰਤਣ ਦੀਆਂ ਉਡਾਣਾਂ ਦੀ ਮੰਗ ਉਠਾਈ।
ਉਡਾਣਾਂ ਰੱਦ ਹੋਣ ਕਾਰਣ, ਯੂ.ਕੇ. ਅਤੇ ਕੈਨੇਡਾ ਦੇ ਸਭ ਤੋਂ ਵੱਧ ਯਾਤਰੀ ਪੰਜਾਬ ਵਿੱਚ ਫਸੇ ਹੋਣ ਨਾਲ ਇਹ ਵੀ ਸਿੱਧ ਹੋ ਗਿਆ ਕਿ ਵੱਡੀ ਗਿਣਤੀ ਪੰਜਾਬੀ ਜੋ ਕਿ ਇਹਨਾਂ ਦੋਨਾਂ ਮੁਲਕਾਂ ਤੋਂ ਦਿੱਲੀ ਆਓਂਦੇ ਹਨ, ਉਹ ਪੰਜਾਬ ਤੋਂ ਹਨ। ਇਹ ਵੀ ਸਾਬਤ ਹੁੰਦਾ ਹੈ ਕਿ ਜੇਕਰ ਅੰਮ੍ਰਿਤਸਰ ਤੋਂ ਵਧੇਰੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕੀਤੀਆਂ ਜਾਣ ਤਾਂ ਦੇਸ਼ ਅਤੇ ਵਿਦੇਸ਼ ਤੋਂ ਪੰਜਾਬੀ, ਦਿੱਲੀ ਦੀ ਬਜਾਏ ਸਿੱਧੇ ਅੰਮ੍ਰਿਤਸਰ ਤੋਂ ਯਾਤਰਾ ਕਰਨਾ ਚਾਹੁੰਦੇ ਹਨ। ਅੰਮ੍ਰ੍ਰਿਤਸਰ ਏਅਰਪੋਰਟ ਦੀ ਦੂਰੀ ਪੰਜਾਬ ਦੇ ਕਿਸੇ ਵੀ ਸ਼ਹਿਰ ਤੋਂ ਸਿਰਫ ਤਿੰਨ ਘੰਟੇ ਦੀ ਹੈ। ਹੁਣ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ- ਵੇ ਬਨਣ ਨਾਲ ਇਹ ਦੂਰੀ ਬਹੁਤ ਸਾਰੇ ਹੋਰਨਾਂ ਸ਼ਹਿਰਾਂ ਤੋਂ ਅੱਧੀ ਰਹਿ ਜਾਣੀ ਹੈ।
ਯੂ.ਕੇ ਦੀ ਸਰਕਾਰ ਦੁਆਰਾ ਬ੍ਰਿਟਿਸ਼ ਏਅਰਵੇਜ਼ ਤੇ ਕਤਤ ਏਅਰਵੇਜ਼ ਦੀਆਂ ਲ਼ੰਡਨ ਦੇ ਹੀਥਰੋ ਹਵਾਈ ਅੱਡੇ ਲਈ ਵਿਸ਼ੇਸ਼ ਚਾਰਟਰਡ ਉਡਾਣਾਂ ਸ਼ੁਰੂ ਕੀਤੀਆਂ ਗਈਆਂ। ਕੈਨੇਡਾ ਦੇ ਵਿਦੇਸ਼ ਦਫ਼ਤਰ ਨੇ ਵੀ ਕਤਰ ਏਅਰਵੇਜ਼ ਦੀਆਂ ਦੋਹਾ ਰਾਹੀਂ ਟੋਰਾਂਟੋ, ਵੈਨਕੁਵਰ ਅਤੇ ਮੋਂਟਰੀਅਲ ਲਈ ਉਡਾਣਾਂ ਦਾ ਪ੍ਰਬੰਧ ਕੀਤਾ। ਇਹ ਵਿਸ਼ੇਸ਼ ਉਡਾਣਾਂ ਅਪ੍ਰੈਲ ਵਿੱਚ ਸ਼ੁਰੂ ਹੋਈਆਂ ਅਤੇ ਮਈ 2020 ਦੇ ਅੱਧ ਤੱਕ ਚਲਦੀਆਂ ਰਹੀਆਂ। ਇਕ ਅਨੁਮਾਨ ਅਨੁਸਾਰ ਯੂਕੇ ਅਤੇ ਕਨੇਡਾ ਦੁਆਰਾ ਦੁਨੀਆਂ ਭਰ ਵਿਚੋਂ ਸਭ ਤੋਂ ਵੱਧ ਵਿਸ਼ੇਸ਼ ਉਡਾਣਾਂ ਦਾ ਸੰਚਾਲਣ ਅੰਮ੍ਰਿਤਸਰ ਤੋਂ ਕੀਤਾ ਗਿਆ।
ਅੰਮ੍ਰਿਤਸਰ ਹਵਾਈ ਅੱਡੇ ਤੋਂ ਵੱਡੀ ਗਿਣਤੀ ਵਿਚ ਇਹਨਾਂ ਉਡਾਣਾਂ ਦੇ ਪ੍ਰਬੰਧ ਤੋਂ ਖੁਸ਼ ਹੋ ਕੇ ਫਲਾਈ ਅੰਮ੍ਰਿਤਸਰ ਅਭਿਆਨ ਦੇ ਭਾਰਤ ਵਿੱਚ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਕੱਤਰ ਯੋਗੇਸ਼ ਕਾਮਰਾ ਨੇ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡੇ ਨੇ ਨਾ ਸਿਰਫ ਇਹ ਸਾਬਤ ਕੀਤਾ ਹੈ ਕਿ ਇੱਥੋਂ ਲੰਡਨ ਹੀਥਰੋ, ਟੋਰਾਂਟੋ ਅਤੇ ਵੈਨਕੂਵਰ ਲਈ ਸਿੱਧੀਆਂ ਉਡਾਣਾਂ ਦੀ ਵੱਡੀ ਸਮਰੱਥਾ ਹੈ ਬਲਕਿ ਇੱਥੋਂ ਅਤਿ ਸੰਕਟ ਦੀ ਸਥਿਤੀ ਦੇ ਦੌਰਾਨ ਵੀ ਆਵਾਜਾਈ ਨੂੰ ਸੰਭਾਲਣ ਲਈ ਸਾਰਾ ਬੁਨਿਆਦੀ ਢਾਂਚਾ ਮੌਜੂਦ ਹੈ।
“ਇਹਨੇ ਵੱਡੇ ਪੱਧਰ ‘ਤੇ ਵਿਸ਼ੇਸ਼ ਉਡਾਣਾਂ, ਏਅਰਪੋਰਟ ਤੇ ਉਪਲੱਬਧ ਸਾਰੀਆਂ ਆਧੁਨਿਕ ਸੁਵਿਧਾਵਾਂ ਅਤੇ ਨਵੀਂ ਬਣਾਈ ਗਈ ਪਹਿਲੀ ਮੰਜ਼ਲ ਨਾਲ ਹੀ ਸੰਭਵ ਹੋ ਸਕਿਆ ਹੈ। ਇਸਦਾ ਸਿਹਰਾ ਏਅਰਪੋਰਟ ਦੇ ਡਾਇਰੈਕਟਰ ਮਨੋਜ ਚਨਸੋਰੀਆ, ਹਵਾਈ ਅੱਡੇ ਦੇ ਸਟਾਫ ਮੈਂਬਰਾਂ, ਏਅਰਲਾਈਨ ਅਤੇ ਦੇਸ਼ਾਂ ਦੇ ਉੱਚ ਕਮਿਸ਼ਨ ਦੇ ਮੈਂਬਰਾਂ ਨੂੰ ਜਾਂਦਾ ਹੈ। ਸਾਨੂੰ ਉਮੀਦ ਹੈ ਕਿ ਮਹਾਂਮਾਰੀ ਦਾ ਸੰਕਟ ਖਤਮ ਹੋਣ ਤੋਂ ਬਾਅਦ ਭਾਰਤ ਸਮੇਤ ਯੂਕੇ, ਕਨੇਡਾ ਅਤੇ ਹੋਰ ਦੇਸ਼ਾਂ ਦੀਆਂ ਹਵਾਈ ਕੰਪਨੀਆਂ ਲੰਡਨ ਹੀਥਰੋ, ਟੋਰਾਂਟੋ ਜਾਂ ਵੈਨਕੁਵਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਬਾਰੇ ਵਿਚਾਰ
ਕਰਨਗੀਆਂ।