ਅੰਮ੍ਰਿਤਸਰ (ਸਮਾਜਵੀਕਲੀ) : ਕਰੋਨਾ ਸੰਕਟ ਕਾਰਨ ਦੇਸ਼ ਵਿੱਚ ਕੀਤੀ ਗਈ ਤਾਲਾਬੰਦੀ ਦੌਰਾਨ ਅੰਤਰਾਸ਼ਟਰੀ ਅਤੇ ਘਰੇਲੂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਸਨ ਪਰ ਇਸ ਦੌਰਾਨ ਵੱਖ ਵੱਖ ਮੁਲਕਾਂ ਵਿੱਚ ਹੋਈ ਆਵਾਜਾਈ ਦੌਰਾਨ ਯਾਤਰੂਆਂ ਦੀ ਗਿਣਤੀ ਸਬੰਧੀ ਅੰਮ੍ਰਿਤਸਰ ਦਾ ਸ੍ਰੀ ਗੁਰੂ ਰਾਮਦਾਸ ਅੰਤਰਾਸ਼ਟਰੀ ਹਵਾਈ ਅੱਡਾ ਦੇਸ਼ ਭਰ ਵਿੱਚੋਂ ਤੀਜੇ ਸਥਾਨ ’ਤੇ ਹੈ।
ਇਹ ਦਾਅਵਾ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਜਥੇਬੰਦੀ ਦੇ ਅੰਤਰਾਸ਼ਟਰੀ ਕਨਵੀਨਰ ਸਮੀਪ ਸਿੰਘ ਨੇ ਕਰਦਿਆਂ ਆਖਿਆ ਕਿ ਕਰੋਨਾ ਸੰਕਟ ਕਾਰਨ ਦੇਸ਼-ਵਿਦੇਸ਼ ਵਿੱਚ ਫਸੇ ਪੰਜਾਬੀਆਂ ਤੇ ਹੋਰਨਾਂ ਨੂੰ ਵਤਨ ਵਾਪਸ ਲਿਆਂਦਾ ਗਿਆ ਹੈ ਅਤੇ ਇਥੇ ਫਸੇ ਪੰਜਾਬੀਆਂ ਨੂੰ ਵੱਖ ਵੱਖ ਮੁਲਕਾਂ ਵਿੱਚ ਇਥੋਂ ਭੇਜਿਆ ਗਿਆ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਅਪਰੈਲ 2020 ਵਿੱਚ ਜਾਰੀ ਕੀਤੀ ਗਈ ਇਕ ਰਿਪੋਰਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਇਸ ਦੌਰਾਨ 5972 ਅੰਤਰਾਸ਼ਟਰੀ ਅਤੇ ਘਰੇਲੂ ਯਾਤਰੀਆਂ ਨੇ ਸਫਰ ਕੀਤਾ ਹੈ।
ਇਹ ਗਿਣਤੀ ਦਿੱਲੀ ਅਤੇ ਮੁੰਬਈ ਨੂੰ ਛੱਡ ਕੇ ਭਾਰਤ ਦੇ ਬਾਕੀ ਸਾਰੇ ਹਵਾਈ ਅੱਡਿਆਂ ਤੋਂ ਵੱਧ ਹੈ। ਦਿੱਲੀ ਵਿੱਚ 20624 ਯਾਤਰੂਆਂ ਦੀ ਆਵਾਜਾਈ ਨਾਲ ਪਹਿਲੇ ਸਥਾਨ ’ਤੇ ਅਤੇ ਮੁੰਬਈ 9051 ਯਾਤਰੂਆਂ ਦੀ ਆਵਾਜਾਈ ਨਾਲ ਦੂਜੇ ਸਥਾਨ ’ਤੇ ਹੈ। ਤੀਜੇ ਸਥਾਨ ’ਤੇ ਅੰਮ੍ਰਿਤਸਰ ਦਾ ਹਵਾਈ ਅੱਡਾ ਹੈ, ਜਿਥੋਂ 5972 ਯਾਤਰੂਆਂ ਦੀ ਆਵਾਜਾਈ ਹੋਈ ਹੈ। ਉਨ੍ਹਾਂ ਆਖਿਆ ਕਿ ਬੰਗਲੌਰ, ਅਹਿਮਦਾਬਾਦ, ਕੋਲਕਾਤਾ ਆਦਿ ਵਿੱਚ ਯਾਤਰੂਆਂ ਦੀ ਆਵਾਜਾਈ ਦੀ ਗਿਣਤੀ ਨਾ-ਮਾਤਰ ਹੈ।
ਮਾਰਚ ਵਿੱਚ ਅਾਰੰਭ ਹੋਈ ਤਾਲਾਬੰਦੀ ਦੌਰਾਨ ਯੂਕੇ ਅਤੇ ਕੈਨੇਡਾ ਦੇ ਵਸਨੀਕ ਪੰਜਾਬੀ ਇਥੇ ਹੀ ਫਸ ਗਏ ਸਨ। ਦੋਵਾਂ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਅੰਮ੍ਰਿਤਸਰ ਤੋਂ ਹੀ ਯੂਕੇ ਅਤੇ ਕੈਨੇਡਾ ਲਈ ਉਡਾਣਾਂ ਚਲਾਈਆਂ ਗਈਆਂ ਸਨ। ਯੂਕੇ ਵੱਲੋਂ ਬ੍ਰਿ੍ਟਿਸ਼ ਏਅਰਵੇਜ਼ ਅਤੇ ਕਤਰ ਏਅਰਵੇਜ਼ ਹਵਾਈ ਕੰਪਨੀਆਂ ਦੀ ਮਦਦ ਨਾਲ ਵਿਸ਼ੇਸ਼ ਹਵਾਈ ਜਹਾਜ਼ਾਂ ਰਾਹੀਂ ਇਨ੍ਹਾਂ ਯਾਤਰੂਆਂ ਨੂੰ ਹੀਥਰੋ ਹਵਾਈ ਅੱਡੇ ’ਤੇ ਲਿਜਾਇਆ ਗਿਆ ਸੀ।
ਇਸੇ ਤਰ੍ਹਾਂ ਕੈਨੇਡਾ ਸਰਕਾਰ ਵੱਲੋਂ ਕਤਰ ਏਅਰਵੇਜ਼ ਦੀ ਮਦਦ ਨਾਲ ਦੋਹਾ ਰਾਹੀਂ ਟੋਰਾਂਟੋ, ਵੈਨਕੂਵਰ ਅਤੇ ਮਾਂਟਰੀਅਲ ਲਈ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਗਿਆ ਸੀ। ਇਕ ਅਨੁਮਾਨ ਮੁਤਾਬਕ ਯੂਕੇ ਅਤੇ ਕੈਨੇਡਾ ਵੱਲੋਂ ਦੁਨੀਆਂ ਭਰ ਵਿੱਚੋਂ ਸਭ ਤੋਂ ਵੱਧ ਵਿਸ਼ੇਸ਼ ਉਡਾਣਾਂ ਦਾ ਸੰਚਾਲਨ ਅੰਮ੍ਰਿਤਸਰ ਤੋਂ ਕੀਤਾ ਗਿਆ ਹੈ। ਅੰਮ੍ਰਿਤਸਰ ਵਿਕਾਸ ਮੰਚ ਦੇ ਸਕੱਤਰ ਯੋਗੇਸ਼ ਕਾਮਰਾ ਨੇ ਉਮੀਦ ਪ੍ਰਗਟਾਈ ਕਿ ਮੌਜੂਦਾ ਪ੍ਰਸਿਥਤੀਆਂ ’ਚ ਅੰਮ੍ਰਿਤਸਰ ਏਅਰਪੋਰਟ ਤੋਂ ਲੰਡਨ, ਟੋਰਾਂਟੋ ਤੇ ਵੈਨਕੂਵਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ।