(ਸਮਾਜ ਵਕਿਲੀ)
ਅਸੀਂ ਤਾਰੀਫ਼ ਕਰਨ ਵਿਚ ਬਹੁਤ ਕੰਜੂਸੀ ਕਰਦੇ ਹਾਂ।ਆਮ ਜ਼ਿੰਦਗੀ ਵਿੱਚ ਹੀ ਦੇਖੀਏ ਤਾਂ ਅਸੀਂ ਕਿਸੇ ਦੀ ਖਾਮੀ ਕੱਢਣ ਵਿੱਚ ਇੱਕ ਮਿੰਟ ਨਹੀਂ ਲਾਉਂਦੇ,ਪਰ ਤਾਰੀਫ਼ ਕਰਨ ਵਿੱਚ ਸਾਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਬੈਂਕ ਚੋਂ ਪੈਸੇ ਲੱਗ ਰਹੇ ਹੋਣ।ਅਸੀਂ ਦੂਜਿਆਂ ਨੂੰ ਉਨ੍ਹਾਂ ਦੇ ਸਕਾਰਾਤਮਕ ਪੱਖ ਨਹੀਂ ਦਿਖਾਉਂਦੇ।ਇਹ ਸਾਡੇ ਸੱਭਿਆਚਾਰ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ।ਇੱਥੋਂ ਤਕ ਕਿ ਅਸੀਂ ਆਪਣੇ ਬੱਚਿਆਂ ਦੀ ਵੀ ਤਾਰੀਫ਼ ਨਹੀਂ ਕਰਦੇ।ਕਿਸੇ ਨੇ ਇੱਕ ਕਹਾਣੀ ਸੁਣਾਈ ਇਕ ਲੜਕੀ ਜੋ ਬਹੁਤ ਖ਼ੂਬਸੂਰਤ ਸੀ ਆਪਣੇ ਅੱਬਾ ਨਾਲ ਰਹਿੰਦੀ ਸੀ।ਜਦੋਂ ਉਸ ਦੇ ਸੰਪਰਕ ਵਿੱਚ ਇੱਕ ਲੜਕਾ ਆਇਆ ਜੋ ਕਿ ਨਿਹਾਇਤ ਬਦਸੂਰਤ ਸੀ ਪਰ ਉਸ ਲੜਕੀ ਦੀ ਬੇਹੱਦ ਤਾਰੀਫ਼ ਕਰਦਾ ਸੀ ਤਾਂ ਉਹ ਲੜਕੀ ਉਸ ਦੇ ਪਿਆਰ ਵਿੱਚ ਪੈ ਗਈ ।
ਕੁਝ ਦਿਨਾਂ ਬਾਅਦ ਉਹ ਲੜਕੀ ਉਸ ਨਾਲ ਘਰੋਂ ਭੱਜ ਗਈ।ਪਿਤਾ ਨੇ ਉਸ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ।ਇੱਕ ਦਿਨ ਪਿਤਾ ਨੂੰ ਉਹ ਬਾਜ਼ਾਰ ਵਿੱਚ ਮਿਲੀ।ਪਿਤਾ ਨੇ ਉਸ ਨੂੰ ਪੁੱਛਿਆ ਕਿ ਤੂੰ ਮੈਨੂੰ ਛੱਡ ਕੇ ਕਿਉਂ ਚਲੀ ਗਈ ਬੇਟੀ?ਉਸ ਇਨਸਾਨ ਕੋਲ ਅਜਿਹਾ ਕੀ ਹੈ ?ਤਾਂ ਬੇਟੀ ਦਾ ਜੁਆਬ ਸੀ ਅੱਬਾ ਉਸ ਨੇ ਮੈਨੂੰ ਦੱਸਿਆ ਕਿ ਮੈਂ ਖ਼ੂਬਸੂਰਤ ਹਾਂ।ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਮੈਂ ਖ਼ੂਬਸੂਰਤ ਹਾਂ।ਇਸ ਕਰਕੇ ਮੈਨੂੰ ਉਹ ਬਹੁਤ ਚੰਗਾ ਲੱਗਿਆ।ਇਸ ਦਾ ਮਤਲਬ ਕਿ ਅਸੀਂ ਆਪਣੇ ਬੱਚਿਆਂ ਦੀ ਤਾਰੀਫ਼ ਨਹੀਂ ਕਰਦੇ।ਦੱਬੀ ਘੁੱਟੀ ਜ਼ਿੰਦਗੀ ਜੀ ਰਹੇ ਹਾਂ।ਆਪਣੇ ਬੱਚੇ ਨੂੰ ਇਹ ਕਹਿਣਾ ਕਿ ਅੱਜ ਤੋਂ ਸੋਹਣਾ ਲੱਗ ਰਿਹਾ ਹੈ ਕਿੰਨਾ ਕੁ ਔਖਾ ਹੈ।ਬਸ ਜਵਾਨੀ ਦੀ ਦਹਿਲੀਜ਼ ਤੇ ਕਦਮ ਰੱਖਦੇ ਹੋਏ ਜਦੋਂ ਬੱਚਿਆਂ ਨੂੰ ਬਾਹਰੋਂ ਤਾਰੀਫ਼ ਮਿਲਦੀ ਹੈ ਤਾਂ ਉਹ ਵਰਗਲਾਏ ਜਾਂਦੇ ਹਨ।
ਠੀਕ ਇਸੇ ਤਰ੍ਹਾਂ ਅਸੀਂ ਆਪਣੀ ਪਤਨੀ/ਪਤੀ ਦੀ ਤਾਰੀਫ਼ ਕਦੋਂ ਕਰਦੇ ਹਾਂ?ਮੈਨੂੰ ਤਾਂ ਨਹੀਂ ਲੱਗਦਾ ਕਿ ਆਮ ਜ਼ਿੰਦਗੀ ਵਿਚ ਅਸੀਂ ਕਦੇ ਇੱਕ ਦੂਜੇ ਦੀ ਤਾਰੀਫ਼ ਕਰਦੇ ਹਾਂ ਹਾਂ ਬੁਰਾਈ ਵਾਧੂ ਕਰ ਲੈਂਦੇ ਹਾਂ।ਜੇਕਰ ਇੱਕ ਦੂਜੇ ਨੂੰ ਸਿਰਫ਼ ਇੰਨੀ ਗੱਲ ਕਹਿ ਦਿੱਤੀ ਜਾਵੇ ਕਿ ਅੱਜ ਤੁਸੀਂ ਸੋਹਣੇ ਲੱਗ ਰਹੇ ਹੋ ਤਾਂ ਰਿਸ਼ਤੇ ਦੀ ਇਕੁਏਸ਼ਨ ਬਦਲ ਜਾਂਦੀ ਹੈ।ਜਿਸ ਨੂੰ ਅਸੀਂ ਬਾਹਰ ਦੀ ਝਾਕ ਕਹਿੰਦੇ ਹਾਂ ਉਹ ਅਸਲ ਵਿੱਚ ਮਨੁੱਖੀ ਮਨ ਦੀ ਚਾਹਤ ਹੈ ਥੋੜ੍ਹੀ ਜਿਹੀ ਤਾਰੀਫ਼ ਦੀ ।ਥੋੜ੍ਹੇ ਜਿਹੇ ਪਿਆਰ ਦੇ ਦਿਖਾਵੇ ਦੀ।ਵਿਦੇਸ਼ ਵਿੱਚ “ਲਵ ਯੂ” ਸ਼ਬਦ ਆਮ ਇਸਤੇਮਾਲ ਕੀਤਾ ਜਾਂਦਾ ਹੈ।ਸਾਡੇ ਸਮਾਜ ਵਿੱਚ ਮੁਹੱਬਤ ਨੂੰ ਇਕ ਅਰਥ ਨਾਲ ਹੀ ਮਹਿਦੂਦ ਕਰ ਦਿੱਤਾ ਗਿਆ ਹੈ।ਬੱਚਾ ਆਪਣੇ ਮਾਤਾ ਪਿਤਾ ਨੂੰ ਵੀ ਲਵ ਯੂ ਕਹਿ ਸਕਦਾ ਹੈ।ਆਪਣੇ ਦੋਸਤ ਨੂੰ ਵੀ ਲਵ ਯੂ ਕਿਹਾ ਜਾ ਸਕਦਾ ਹੈ।
ਜਦੋਂ ਇਹ ਸ਼ਬਦ ਘਰ ਦੀ ਦਹਿਲੀਜ਼ ਤੋਂ ਬਾਹਰ ਕਿਤੇ ਸੁਣਨ ਨੂੰ ਮਿਲਦਾ ਹੈ ਤਾਂ ਚੰਗਾ ਲੱਗਦਾ ਹੈ।ਇਸ ਲਈ ਕਿਉਂਕਿ ਘਰ ਵਿੱਚ ਇਹ ਸੁਣਨ ਨੂੰ ਨਹੀਂ ਮਿਲਦਾ।ਬਹੁਤੀ ਵੇਰ ਬੱਚੇ ਪਿਆਰ ਵਿਚ ਨਹੀਂ ਹੁੰਦੇ ਉਹ ਪਿਆਰ ਕਰਨ ਦੇ ਆਈਡੀਆ ਨਾਲ ਪਿਆਰ ਵਿਚ ਹੁੰਦੇ ਹਨ।ਇਸ ਤਰ੍ਹਾਂ ਉਹ ਕੁਝ ਗਲਤੀਆਂ ਕਰ ਬੈਠਦੇ ਹਨ।ਇਹ ਬੱਚਿਆਂ ਨਾਲ ਹੀ ਨਹੀਂ ਵਾਪਰਦਾ।ਇਹ ਸਾਡੇ ਨਾਲ ਕਿਸੇ ਵੀ ਉਮਰ ਵਿੱਚ ਵਾਪਰ ਸਕਦਾ ਹੈ।ਮੁਹੱਬਤ ਦਾ ਇਜ਼ਹਾਰ ਬਹੁਤ ਜ਼ਰੂਰੀ ਹੈ।ਮੈਨੂੰ ਤਾਂ ਲੱਗਦਾ ਹੈ ਕਿ ਪੰਜਾਬੀ ਸੱਭਿਆਚਾਰ ਵਿੱਚ ਮੈਂ ਤੈਨੂੰ ਪਿਆਰ ਕਰਦਾ ਹਾਂ ਕੇਵਲ ਤੇ ਕੇਵਲ ਆਸ਼ਕਾਂ ਲਈ ਰੱਖਿਆ ਗਿਆ ਹੈ।ਜਦ ਕਿ ਇਹ ਸ਼ਬਦ ਸਾਰੇ ਰਿਸ਼ਤਿਆਂ ਲਈ ਹੈ।ਇਸ ਇਜ਼ਹਾਰ ਕਰਨ ਦੀ ਆਦਤ ਪਾਓ ਦੋਸਤੋ ਰਿਸ਼ਤੇ ਖ਼ੁਸ਼ਗਵਾਰ ਹੋ ਜਾਣਗੇ।
ਰੱਬ ਰਾਖਾ
ਹਰਪ੍ਰੀਤ ਕੌਰ ਸੰਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly