ਚੇਨੱਈ (ਸਮਾਜ ਵੀਕਲੀ) : ਤਾਮਿਲ ਨਾਡੂ ’ਚ ਏਆਈਏਡੀਐੱਮਕੇ ਦੇ ਇੱਕ ਸੀਨੀਅਰ ਮੰਤਰੀ ਨੇ ਆਸਕਰ ਜੇਤੂ ਸੰਗੀਤਕਾਰ ਏ.ਆਰ. ਰਹਿਮਾਨ ਦੀ ਹਿੰਦੀ ਸਿਨੇਮਾ ਸਨਅਤ ’ਚ ਕਥਿਤ ਧੜੇਬੰਦੀ ਕਾਰਨ ਕੰਮ ਨਾ ਮਿਲਣ ਸਬੰਧੀ ਟਿੱਪਣੀ ਦੀ ਹਮਾਇਤ ਕਰਦਿਆਂ ਅੱਜ ਕਿਹਾ ਕਿ ਰਹਿਮਾਨ ਦੇਸ਼ ਦੇ ਬਿਹਤਰੀਨ ਸੰਗੀਤਕਾਰ ਹਨ।
ਮਿਊਂਸਿਪਲ ਪ੍ਰਸ਼ਾਸਨ ਬਾਰੇ ਮੰਤਰੀ ਐੱਸਪੀ ਵੇਲੂਮਨੀ ਨੇ ਟਵੀਟ ਕਰਕੇ ਕਿਹਾ, ‘ਅਫਸੋਸ ਦੀ ਗੱਲ ਹੈ ਕਿ ਦੁਨੀਆਂ ਭਰ ’ਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣ ਵਾਲੇ ਰਹਿਮਾਨ ਨੂੰ ਚੰਗੀਆਂ ਫਿਲਮਾਂ ਨਹੀਂ ਮਿਲ ਸਕੀਆਂ ਕਿਉਂਕਿ ਕੁਝ ਲੋਕ ਹਿੰਦੀ ਫਿਲਮ ਇੰਡਸਟਰੀ ’ਚ ਉਨ੍ਹਾਂ ਬਾਰੇ ਅਫਵਾਹਾਂ ਫੈਲਾ ਰਹੇ ਸਨ।’ ਰਹਿਮਾਨ ਨੇ ਦਾਅਵਾ ਕੀਤਾ ਸੀ ਕਿ ਹਿੰਦੀ ਫਿਲਮ ਸਨਅਤ ’ਚ ਇੱਕ ਗੈਂਗ ਹੈ ਜੋ ਉਨ੍ਹਾਂ ਨੂੰ ਕੰਮ ਕਰਨ ਤੋਂ ਰੋਕ ਰਿਹਾ ਹੈ। ਪਿਛਲੇ ਮਹੀਨੇ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਹਰੀ ਲੋਕਾਂ ਤੇ ਭਾਈ-ਭਤੀਜਾਵਾਦ ਸਬੰਧੀ ਵਿਵਾਦ ਨੂੰ ਲੈ ਕੇ ਛਿੜੀ ਬਹਿਸ ਵਿਚਾਲੇ ਰਹਿਮਾਨ ਨੇ ਟਿੱਪਣੀ ਕੀਤੀ ਸੀ।