ਮੁੰਬਈ ,ਸਮਾਜ ਵੀਕਲੀ: ਅਰਬ ਸਾਗਰ ’ਚ ਮੁੰਬਈ ਕੰਢੇ ’ਤੇ ਚੱਕਰਵਾਤੀ ਤੂਫ਼ਾਨ ਤਾਊਤੇ ਦੀ ਮਾਰ ਹੇਠ ਆਈ ਬੇੜੀ ਪੀ305 ’ਚ ਸਵਾਰ 26 ਵਿਅਕਤੀਆਂ ਦੀ ਮੌਤ ਹੋ ਗਈ ਹੈ। ਬੇੜੀ ਡੁੱਬਣ ਤੋਂ ਪਹਿਲਾਂ ਜਲ ਸੈਨਾ ਨੇ 186 ਵਿਅਕਤੀਆਂ ਨੂੰ ਬਚਾਅ ਲਿਆ ਜਦਕਿ 49 ਅਜੇ ਵੀ ਲਾਪਤਾ ਹਨ। ਕੇਂਦਰ ਸਰਕਾਰ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੰਦਿਆਂ ਕਮੇਟੀ ਬਣਾ ਿਦੱਤੀ ਹੈ। ਗੁਜਰਾਤ ਕੰਢੇ ’ਤੇ ਚੱਕਰਵਾਤੀ ਤੂਫ਼ਾਨ ਦੇ ਅਪੜਨ ਤੋਂ ਕੁਝ ਘੰਟੇ ਪਹਿਲਾਂ ਰੁੜ੍ਹੀਆਂ ਦੋ ਬੇੜੀਆਂ ਅਤੇ ਇਕ ਤੇਲ ਸੋਧਕ ਇਕਾਈ ’ਚ ਸਵਾਰ ਵਿਅਕਤੀ ਸੁਰੱਖਿਅਤ ਹਨ। ਉਧਰ ਗੁਜਰਾਤ ’ਚ ਤਾਊਤੇ ਦੇ ਕਹਿਰ ਕਾਰਨ ਹੁਣ ਤੱਕ 45 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਤਾਊਤੇ ਨੇ ਮੰਗਲਵਾਰ ਦੇਰ ਰਾਤ ਰਾਜਸਥਾਨ ਦੇ ਦੱਖਣੀ ਜ਼ਿਲ੍ਹਿਆਂ ’ਚ ਦਾਖ਼ਲ ਹੋਣ ਮਗਰੋਂ ਉਥੇ ਕਹਿਰ ਮਚਾਇਆ।
ਇਸ ਕਾਰਨ ਬੁੱਧਵਾਰ ਸਵੇਰੇ ਤੱਕ ਮੋਹਲੇਧਾਰ ਮੀਂਹ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲਦੀਆਂ ਰਹੀਆਂ। ਖੇਤਰੀ ਮੌਸਮ ਵਿਭਾਗ ਮੁਤਾਬਕ ਤਾਊਤੇ ਦੇ ਅਗਲੇ 12 ਘੰਟਿਆਂ ’ਚ ਕਮਜ਼ੋਰ ਪੈਣ ਦੀ ਸੰਭਾਵਨਾ ਹੈ ਅਤੇ ਇਹ ਰਾਜਸਥਾਨ ਦੇ ਉੱਤਰ-ਪੂਰਬ ਵੱਲ ਨੂੰ ਵਧ ਜਾਵੇਗਾ। ਜਲ ਸੈਨਾ ਦੇ ਅਧਿਕਾਰੀ ਨੇ ਕਿਹਾ ਕਿ ਤੱਟ ਰੱਖਿਅਕਾਂ ਨੇ ਖ਼ਰਾਬ ਮੌਸਮ ਨਾਲ ਜੂਝਦਿਆਂ ਲੋਕਾਂ ਨੂੰ ਬੇੜੀ ’ਚੋਂ ਬਚਾਇਆ ਹੈ। ਉਸ ਨੇ ਕਿਹਾ ਕਿ ਸਮਾਂ ਬੀਤਣ ਨਾਲ ਡੁੱਬੀ ਬੇੜੀ ’ਚ ਸਵਾਰ ਬਾਕੀ ਵਿਅਕਤੀਆਂ ਨੂੰ ਜਿਊਂਦਾ ਲੱਭਣ ਦੀ ਸੰਭਾਵਨਾ ਬਹੁਤ ਘੱਟ ਨਜ਼ਰ ਆ ਰਹੀ ਹੈ। ਜਲ ਸੈਨਾ ਦਾ ਜੰਗੀ ਬੇੜਾ ਆਈਐੱਨਐੱਸ ਕੋਚੀ 26 ਲਾਸ਼ਾਂ ਅਤੇ ਬਚਾਏ ਗੲੇ 125 ਵਿਅਕਤੀਆਂ ਨੂੰ ਮੁੰਬਈ ਲੈ ਕੇ ਪਹੁੰਚਿਆ।
ਜਲ ਸੈਨਾ ਦੇ ਤਰਜਮਾਨ ਨੇ ਕਿਹਾ,‘‘ਪੀ305 ਬੇੜੀ ’ਚ ਸਵਾਰ 273 ’ਚੋਂ 186 ਵਿਅਕਤੀਆਂ ਨੂੰ ਬਚਾਅ ਲਿਆ ਗਿਆ ਹੈ। ਆਈਐੱਨਐੱਸ ਤੇਗ, ਆਈਐੱਨਐੱਸ ਬੇਤਵਾ, ਆਈਐੱਨਐੱਸ ਬਿਆਸ, ਪੀ 81 ਜਹਾਜ਼ ਅਤੇ ਸੀਅ ਕਿੰਗ ਹੈਲੀਕਾਪਟਰ ਲਗਾਤਾਰ ਖੋਜ ਅਤੇ ਬਚਾਅ ਕਾਰਜਾਂ ’ਚ ਲੱਗੇ ਹੋਏ ਹਨ।’’ ਅਧਿਕਾਰੀ ਨੇ ਕਿਹਾ ਕਿ ਜੀਏਐੱਲ ਕੰਸਟਰੱਕਟਰ ’ਚ ਸਵਾਰ ਸਾਰੇ 137 ਵਿਅਕਤੀਆਂ ਨੂੰ ਜਲ ਸੈਨਾ ਅਤੇ ਤੱਟ ਰੱਖਿਅਕਾਂ ਨੇ ਮੰਗਲਵਾਰ ਨੂੰ ਬਚਾਅ ਲਿਆ ਸੀ। ਐੱਸਐੱਸ-3 ਬੇੜੀ ’ਚ ਸਵਾਰ 196 ਅਤੇ ਸਾਗਰ ਭੂਸ਼ਣ ਤੇਲ ਸੋਧਕ ਇਕਾਈ ’ਚ ਸਵਾਰ 101 ਵਿਅਕਤੀ ਸੁਰੱਖਿਅਤ ਹਨ।
ਓਐੱਨਜੀਸੀ ਅਤੇ ਐੱਸਸੀਆਈ ਵੱਲੋਂ ਭੇਜੇ ਗਏ ਬੇੜੇ ਉਨ੍ਹਾਂ ਨੂੰ ਸੁਰੱਖਿਅਤ ਕੰਢੇ ’ਤੇ ਲਿਆ ਰਹੇ ਹਨ। ਆਈਐੱਨਐੱਸ ਤਲਵਾਰ ਵੀ ਇਲਾਕੇ ’ਚ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਜਲ ਸੈਨਾ ਦੇ ਉਪ ਮੁਖੀ ਵਾਈਸ ਐਡਮਿਰਲ ਮੁਰਲੀਧਰ ਸਦਾਸ਼ਿਵ ਪਵਾਰ ਨੇ ਕਿਹਾ ਕਿ ਮੌਜੂਦਾ ਅਪਰੇਸ਼ਨ ਪਿਛਲੇ ਚਾਰ ਦਹਾਕਿਆਂ ਦਾ ਸਭ ਤੋਂ ਚੁਣੌਤੀਪੂਰਨ ਅਪਰੇਸ਼ਨਾਂ ’ਚੋਂ ਇਕ ਹੈ। ਇਸ ਦੌਰਾਨ ਗੁਜਰਾਤ ਦੇ 12 ਜ਼ਿਲ੍ਹਿਆਂ ’ਚ ਤਾਊਤੇ ਦੇ ਕਹਿਰ ਕਾਰਨ ਹੁਣ ਤੱਕ 45 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸੌਰਾਸ਼ਟਰ ਖ਼ਿੱਤੇ ਦੇ ਅਮਰੇਲੀ ਜ਼ਿਲ੍ਹੇ ’ਚ 15 ਵਿਅਕਤੀ ਮਾਰੇ ਗਏ ਹਨ ਜਦਕਿ ਭਾਵਨਗਰ-ਗੀਰ ਸੋਮਨਾਥ ’ਚ 8-8, ਅਹਿਮਦਾਬਾਦ ’ਚ 5, ਖੇੜਾ ’ਚ 2, ਆਨੰਦ, ਵਡੋਦਰਾ, ਸੂਰਤ, ਵਲਸਾਡ, ਰਾਜਕੋਟ, ਨਵਸਾਰੀ ਅਤੇ ਪੰਚਮਹਿਲ ਜ਼ਿਲ੍ਹਿਆਂ ’ਚ 1-1 ਵਿਅਕਤੀਆਂ ਦੀ ਮੌਤ ਹੋਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly