ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪੰਜਾਬ ਦੇ ਪਾਣੀਆਂ ਮਿੱਟੀ ਅਤੇ ਵਾਤਾਵਰਣ ਨੂੰ ਬਚਾਉਣ ਵਾਸਤੇ ਗੁਰਵਿੰਦਰ ਕੌਰ ਦੀ ਪਹਿਲਕਦਮੀ ਅਤੇ ਦੂਰ ਅੰਦੇਸ਼ੀ ਸੋਚ ਨੇ ਉਸਦੀ ਸ਼ਖ਼ਸੀਅਤ ਨੂੰ ਹੋਰ ਨਿਖਾਰਿਆ ਹੈ ।ਗੁਰਵਿੰਦਰ ਕੌਰ ਦੇ ਮੁਤਾਬਿਕ ਕੰਮ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ ਸਿਰਫ਼ ਉਸ ਨੂੰ ਕਰਨ ਵਾਸਤੇ ਇੱਕ ਦ੍ਰਿੜ੍ਹ ਜਜ਼ਬੇ ਦੀ ਲੋੜ ਹੁੰਦੀ ਹੈ ।
*ਜਾਣ ਪਛਾਣ:* ਗੁਰਵਿੰਦਰ ਕੌਰ ਪਿੰਡ ਮੁਕਟ ਰਾਮ ਵਾਲਾ ਦੀ ਰਹਿਣ ਵਾਲੀ ਹੈ ਉਸ ਦੇ ਪਤੀ ਸਰਦਾਰ ਦਵਿੰਦਰ ਸਿੰਘ ਸਿੱਖਿਆ ਵਿਭਾਗ ਵਿੱਚ ਨੌਕਰੀ ਕਰਦੇ ਹਨ । ਗੁਰਵਿੰਦਰ ਕੌਰ ਨੇ ਬਾਰਵੀਂ ਤੱਕ ਵਿੱਦਿਆ ਹਾਸਲ ਕੀਤੀ ਹੈ । ਉਹ 30 ਏਕੜ ਦੀ ਖੇਤੀ ਕਰਦੇ ਹਨ ਜਿਨ੍ਹਾਂ ਵਿੱਚੋਂ 14 ਏਕੜ ਮਾਲਕੀ ਜ਼ਮੀਨ ਹੈ ਅਤੇ ਬਾਕੀ ਠੇਕੇ ਤੇ ਕਰਦੇ ਹਨ । ਫਸਲੀ ਚੱਕਰ ਵਜੋਂ ਉਹ ਝੋਨਾ, ਆਲੂ, ਮੱਕੀ ਤੇ ਕਣਕ ਦੀ ਖੇਤੀ ਕਰਦੇ ਹਨ ।
ਗੁਰਵਿੰਦਰ ਕੌਰ ਪਿੰਡ ਦੀ ਸਰਪੰਚ ਵਜੋਂ ਵੀ ਸੇਵਾ ਨਿਭਾ ਰਹੀ ਹੈ ਉਸ ਨੇ ਆਪਣੇ ਪਤੀ ਦੇ ਸਹਿਯੋਗ ਨਾਲ ਸਾਲ 2014 ਵਿੱਚ ਝੋਨੇ ਦੀ ਸਿੱਧੀ ਬਿਜਾਈ ਨਾਲ ਸ਼ੁਰੂ ਕੀਤਾ ਸੀ । ਉਹ ਦੋ ਤਰੀਕਿਆਂ ਦੇ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਦੇ ਹਨ ਇੱਕ ਤਾਂ ਡੀ ਐਸ ਆਰ ਡਰਿੱਲ ਦੇ ਨਾਲ ਅਤੇ ਦੂਸਰਾ ਲੱਕੀ ਸੀਡਰ ਡਰਿੱਲ ਦੇ ਨਾਲ । ਸਾਲ 2020 ਵਿੱਚ ਉਨ੍ਹਾਂ ਨੇ 30 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਲੱਕੀ ਸੀਡਰ ਡਰਿੱਲ ਦੇ ਨਾਲ ਅਤੇ ਉਹ ਉਸ ਵਿਚ ਪੂਰਨ ਤੌਰ ਤੇ ਸਫਲ ਰਹੇ ਉਨ੍ਹਾਂ ਦੇ ਖੇਤਾਂ ਦਾ ਦੌਰਾ ਸੰਯੁਕਤ ਡਾਇਰੈਕਟਰ ਵਿਸਥਾਰ ਤੇ ਸਿਖਲਾਈ ਡਾਕਟਰ ਗੁਰਵਿੰਦਰ ਸਿੰਘ ਖਾਲਸਾ ਜੀ ਨੇ ਵੀ ਕੀਤਾ ਸੀ।
ਉਹ ਆਤਮ ਵਿੰਗ ਦੀ ਵੱਲੋਂ ਬਣਾਈ ਗਈ ਬਲਾਕ ਫਾਰਮਰ ਅਡਵਾਇਜ਼ਰੀ ਕਮੇਟੀ ਦੇ ਸਰਗਰਮ ਮੈਂਬਰ ਹਨ ਅਤੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਪ੍ਰਤੀ ਜਾਗਰੂਕ ਕਰਨ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਨ ।
*ਵਾਤਾਵਰਨ ਅਤੇ ਸਮਾਜ ਪ੍ਰਤੀ ਸੇਵਾ ਭਾਵਨਾ :-* ਗੁਰਵਿੰਦਰ ਕੌਰ ਇਕ ਵਾਤਾਵਰਨ ਪ੍ਰੇਮੀ ਵਜੋਂ ਵਿਚਰਦੇ ਹਨ ਅਤੇ ਉਹ ਕਿਸਾਨਾਂ ਨੂੰ ਪਰਾਲੀ ਨਾੜ ਨਾ ਸਾੜਨ ਲਈ ਹਮੇਸ਼ਾ ਪ੍ਰੇਰਦੇ ਰਹਿੰਦੇ ਹਨ । ਉਨ੍ਹਾਂ ਨੇ ਪਿਛਲੇ 7 ਸਾਲਾਂ ਤੋਂ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਈ ਅਤੇ ਪਿੰਡ ਦੇ ਸਰਪੰਚ ਵਜੋਂ ਪਿੰਡ ਨੂੰ ਹਰਿਆ ਭਰਿਆ ਰੱਖਣ ਲਈ ਹਰਿਆਵਲ ਲਹਿਰ ਤਹਿਤ ਬੂਟੇ ਵੀ ਲਗਵਾਏ ।
ਤਰ ਵੱਤਰ ਜਾਂ ਝੋਨੇ ਦੀ ਸਿੱਧੀ ਬਿਜਾਈ ਵਾਲੀ ਡਰਿੱਲ ਨਾਲ ਬਿਜਾਈ ਕਰਨ ਦੇ ਨਾਲ ਸਾਡੇ ਖੇਤੀ ਖ਼ਰਚੇ ਤਾਂ ਘਟਦੇ ਹੀ ਹਨ ਪਰ ਪਾਣੀ ਦੀ ਵੀ 10-30 ਪ੍ਰਤੀਸ਼ਤ ਤਕ ਪਾਣੀ ਦੀ ਬੱਚਤ ਹੁੰਦੀ ਹੈ ।ਸੋ ਮੇਰੀ ਆਪ ਸਭ ਨੂੰ ਅਪੀਲ ਹੈ ਕਿ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫ਼ਾਰਸ਼ਾਂ ਨੂੰ ਮੰਨਦੇ ਹੋਏ ਵੱਧ ਤੋਂ ਵੱਧ ਰਕਬਾ ਝੋਨੇ ਦੀ ਸਿੱਧੀ ਬਿਜਾਈ ਹੇਠ ਲਿਆਓ ।