ਤਰਲੇ ਦੇਖ ਨਾ ਹੁੰਦੇ ਬੇਰੁਜ਼ਗਾਰਾਂ ਦੇ,
ਪਰ ਕੰਨ ਤੇ ਜੂੰ ਨਾ ਸਰਕੇ ਸਰਕਾਰਾਂ ਦੇ।
ਮਜ਼ਦੂਰਾਂ ਨੂੰ ਮਜ਼ਦੂਰੀ ਉਹ ਦੇਣ ਕਿਵੇਂ?
ਜਦ ਢਿੱਡ ਹੀ ਭਰਦੇ ਨਹੀਂ ਠੇਕੇਦਾਰਾਂ ਦੇ।
ਸਾਨੂੰ ਮਿਲਦੀ ਦੋ ਵੇਲੇ ਦੀ ਰੋਟੀ ਨਹੀਂ,
ਪਰ ਲਹਿਰਾਂ,ਬਹਿਰਾਂ ਨੇ ਘਰ ਗੱਦਾਰਾਂ ਦੇ।
ਸ਼ਾਦੀਆਂ ਤੇ ਜ਼ਿਆਦਾ ਖਰਚਾ ਕਰਨੇ ਵਾਲੇ,
ਕਰਜ਼ੇ ਲਾਹ ਨਹੀਂ ਸਕਦੇ ਸ਼ਾਹੂਕਾਰਾਂ ਦੇ।
ਜੋ ਸੱਚ ਨੂੰ ਸੱਚ ਕਹਿਣੇ ਦੀ ਹਿੰਮਤ ਰੱਖਣ,
ਹਰ ਥਾਂ ਚਰਚੇ ਹੋਣ ਉਨ੍ਹਾਂ ਅਖਬਾਰਾਂ ਦੇ।
ਉਹਨਾਂ ਦੇ ਪਿਆਰ ਕਦੇ ਸਿਰੇ ਨਹੀਂ ਚੜ੍ਹ ਸਕਦੇ,
ਜੋ ਧਨ ਦੀ ਗੱਲ ਕਰਦੇ ਨੇ ਵਿੱਚ ਪਿਆਰਾਂ ਦੇ।
ਉਹ ਵੀ ਸਖਤ ਸਜ਼ਾ ਦੇ ਹੱਕਦਾਰ ਨੇ ਯਾਰੋ,
ਜੋ ਦਾਜ ਲਈ ਗਲ ਘੁਟਦੇ ਨੇ ਨਾਰਾਂ ਦੇ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554