(ਸਮਾਜ ਵੀਕਲੀ)
ਸੰਗਰੂਰ (ਰਮੇਸ਼ਵਰ ਸਿੰਘ)- ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਇਕ ਵਿਸੇਸ਼ ਮੀਟਿੰਗ ਮਾਸਟਰ ਪਰਮਵੇਦ ਤੇ ਸੁਰਿੰਦਰਪਾਲ ਦੀ ਅਗਵਾਈ ਵਿੱਚ ਸੰਗਰੂਰ ਵਿਖੇ ਹੋਈ।ਮੀਟਿੰਗ ਦੀ ਕਾਰਵਾਈ ਪ੍ਰੈਸ ਨਾਲ ਸਾਂਝੀ ਕਰਦਿਆਂ ਤਰਕਸ਼ੀਲ ਆਗੂ ਗੁਰਦੀਪ ਸਿੰਘ ਲਹਿਰਾ ਨੇ ਦੱਸਿਆ ਕਿ ਮੀਟਿੰਗ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਇਤਿਹਾਸਕ ਕਿਸਾਨੀ ਘੋਲ ਨੂੰ ਸਮਰਪਿਤ ਕਰਵਾਈ ਚੌਥੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ 16 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਸਥਾਨਕ ਮੰਦਿਰ ਰਾਜ ਰਾਜੇਸ਼ਵਰੀ ਹਾਲ ਵਿੱਚ ਕਰਨ ਦਾ ਫੈਸਲਾ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਮਿਡਲ ਤੇ ਸੈਕੰਡਰੀ ਪੱਧਰ ਦੀ ਕਰਵਾਈ ਇਸ ਪ੍ਰੀਖਿਆ ਵਿੱਚ ਹਰੇਕ ਪੱਧਰ ਦੇ ਪਹਿਲੇ 50- 50 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।ਮਿਡਲ ਤੇ ਸੈਕੰਡਰੀ ਪੱਧਰ ਤੇ ਪਹਿਲੇ ਤਿੰਨ ਸਥਾਨਾਂ ਤੇ ਰਹੇ ਵਿਦਿਆਰਥੀਆਂ ਨੂੰ ਨਕਦ ਇਨਾਮ,ਪੜ੍ਹਨ ਸਮੱਗਰੀ ਤੇ ਸਰਟੀਫਿਕੇਟ ਨਾਲ ਤੇ ਬਾਕੀ ਵਿਦਿਆਰਥੀਆਂ ਨੂੰ ਪੜ੍ਹਨ ਸਮੱਗਰੀ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ। ਪ੍ਰੀਖਿਆ ਵਿੱਚ ਸਹਿਯੋਗ ਕਰਨ ਵਾਲੇ 30 ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।ਸਨਮਾਨ ਲੈਣ ਲਈ ਵਿਦਿਆਰਥੀਆਂ, ਸਕੂਲ ਮੁਖੀਆਂ ਤੇ ਅਧਿਆਪਕ ਸਾਹਿਬਾਨ ਦੀ ਸਮਾਗਮ ਵਿੱਚ ਸ਼ਮੂਲੀਅਤ ਜ਼ਰੂਰੀ ਹੈ।
ਇਕਾਈ ਸੰਗਰੂਰ ਵਲੋਂ ਕਰਵਾਈ ਮਿਡਲ ਤੇ ਸੈਕੰਡਰੀ ਪੱਧਰ ਦੀ ਪ੍ਰੀਖਿਆ ਵਿੱਚ ਕੁੱਲ 1683 ਵਿਦਿਆਰਥੀਆਂ ਨੇ ਭਾਗ ਲਿਆ ਸੀ। ਇਸ ਸਨਮਾਨ ਸਮਾਰੋਹ ਦੇ ਮੁਖ ਬੁਲਾਰੇ ਸੂਬਾ ਆਗੂ ਮਾਸਟਰ ਰਾਜਪਾਲ ਸਿੰਘ ਤੇ ਰਜਿੰਦਰ ਭਦੌੜ ਹੋਣਗੇ। ਸਿਖਿਆਦਾਇਕ ਮਨੋਰੰਜਨ ਲਈ ਜਾਦੂ ਸ਼ੋਅ ਹੋਵੇਗਾ। ਮੀਟਿੰਗ ਵਿੱਚ ਵਿਦਿਆਰਥੀਆਂ ਨੂੰ ਦੇਣ ਵਾਲੀ ਪੜ੍ਹਨ ਸਮੱਗਰੀ ਦੀ ਚੋਣ ਵੀ ਕੀਤੀ ਗਈ ਤੇ ਤਰਕਸ਼ੀਲ ਮੈਗਜ਼ੀਨ ਦੀ ਵੰਡ ਕੀਤੀ ਗਈ। ਮੀਟਿੰਗ ਵਿੱਚ ਸੁਖਦੇਵ ਸਿੰਘ ਕਿਸ਼ਨਗੜ੍ਹ, ਪ੍ਰਗਟ ਸਿੰਘ ਬਾਲੀਆਂ, ਮਨਧੀਰ ਸਿੰਘ, ਸੁਰਿੰਦਰ ਉਪਲੀ, ਆਮਰਨਾਥ, ਗੁਰਦੀਪਸਿੰਘ ਨੇ ਸ਼ਮੂਲੀਅਤ ਕੀਤੀ।