ਪੁੱਛਾਂ ਕੱਢਣ ਦਾ ਕੰਮ ਸਾਡੇ ਸਾਮਾਜ ਵਿੱਚ ਕਈ ਤਰੀਕਿਆਂ ਨਾਲ ਚੱਲਦਾ ਹੈ। ਚਲਦੇ ਕੰਮਾਂ ’ਚ ਰੁਕਾਵਟ, ਬਿਮਾਰੀ, ਘਰ ’ਚ ਹੁੰਦਾ ਨੁਕਸਾਨ, ਵਿਦੇਸ਼ ਯਾਤਰਾ ਵਰਗੇ ਕੰਮਾਂ ਦੇ ਨਾ ਬਣਨ ਦੇ ਕਲਪਿਤ ਕਾਰਨ ਅਤੇ ਤਾਂਤਰਿਕ/ਗੈਬੀ ਸ਼ਕਤੀਆਂ ਰਾਹੀਂ ਉਪਾਅ ਦੱਸਣ ਨੂੰ ਪੁੱਛਾਂ ਕੱਢਣ ਨਾਲ ਜੋੜ ਲਿਆ ਜਾਂਦਾ ਹੈ। ਇਹ ਕੰਮ ਘਰਾਂ, ਦੁਕਾਨਾਂ ਅਤੇ ਚੈਨਲਾਂ ਰਾਹੀਂ ਚਲਾਇਆ ਜਾਂਦਾ ਹੈ। ਕੁੱਝ ‘ਜਗ੍ਹਾ’ ’ਤੇ ਚੌਂਕੀ ਲਗਾ ਕੇ ਢੋਲ-ਛੈਣੇ ਖੜਕਾ ਕੇ ਪੁੱਛਾਂ ਕੱਢਣ ਦਾ ਕੰਮ ਪੁਰਾਣੇ ਸਮੇਂ ਤੋਂ ਹੀ ਚਲਦਾ ਆ ਰਿਹਾ ਹੈ। ਪੁੱਛਾਂ ਦੇਣ ਵਾਲਾ ਭਰੇ ਪੰਡਾਲ ਵਿੱਚੋਂ ਆਵਾਜ਼ ਦੇ ਕੇ ਬੁਲਾਉਦਾ ਹੈ ਕਿ ਉਹ ਖੜ੍ਹਾ ਹੋਵੇ ਜਿਹੜਾ ਫਲਾਣੀ ਗੱਲ ਪੁੱਛਣੀ ਚਾਹੁੰਦਾ ਹੈ।
ਆਮ ਤੌਰ ’ਤੇ ਇਹ ਪੇਸ਼ਾਵਰ ਲੋਕ ਤਜ਼ਰਬੇ ਕਾਰਨ ਤੇ ਲੋਕਾਂ ਦੇ ਲਾਈਲੱਗ ਸੁਭਾਅ ਕਾਰਨ ਮਾਹਿਰ ਹੋ ਜਾਂਦੇ ਹਨ ਅਤੇ ਆਏ ‘ਗਾਹਕ’ ਤੋਂ ਉਸਦੀ ਪਰਿਵਾਰਕ, ਆਰਥਿਕ ਅਤੇ ਮਾਨਸਿਕ ਹਾਲਤ ਬਾਰੇ ਸੌਖਿਆਂ ਹੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਨ ਤੇ ਫਿਰ ਬਹੁਤ ਸਾਰੀਆਂ ਗੋਲ-ਮੋਲ ਗੱਲਾਂ ਕਰਕੇ, ਜਿੰਨ੍ਹਾਂ ਦੇ ਕਈ ਸਾਰੇ ਅਰਥ ਬਣਦੇ ਹੁੰਦੇ ਹਨ, ਦੱਸਦੇ ਹਨ। ਗਾਹਕ ਆਪਣੇ ਆਪ ਹੀ ਆਪਣੇ ਉੱਤੇ ਢੁਕਦਾ ਅਰਥ ਕੱਢ ਲੈਂਦੇ ਹਨ। ਆਮ ਕਰਕੇ ਇਹ ਸਾਰੇ ਪਾਖੰਡੀ ਦੁੱਖਾਂ-ਤਕਲੀਫ਼ਾਂ ਲਈ ਕਿਸੇ ਗੁਆਂਢੀ ਨੂੰ ਜ਼ਿੰਮੇਵਾਰ ਠਹਿਰਾਉਦੇ ਹਨ, ਕਿਸੇ ਦਾ ਖੁਵਾਇਆ, ਕਿਸੇ ਦਾ ਕਰਾਇਆ, ਟੂਣਾ ਟੱਪਿਆ ਆਦਿ ਵਰਗੀਆਂ ਝੂਠੀਆਂ ਗੱਲਾਂ ਦਸਦੇ ਹਨ।
ਜਿਨ੍ਹਾਂ ਨੂੰ ਦੁਖੀ ਹੋਇਆ ਮਨ ਬਹੁਤ ਜਲਦੀ ਸਵੀਕਾਰ ਕਰ ਲੈਂਦਾ ਹੈ। ਬਹੁਤ ਸਾਰੀਆਂ ਗੱਲਾਂ ਜਾਂ ਭਵਿੱਖ- ਬਾਣੀਆਂ ਕੁਦਰਤੀ ਹੀ ਜਾਂ ਮੌਕਾ-ਮੇਲ ਦੇ ਤੌਰ ਤੇ ਹੀ ਸਹੀ ਹੋ ਜਾਂਦੀਆਂ ਹਨ ਜਿਵੇਂ ਕਿ ਪਾਸ/ਫੇਲ੍ਹ ਹੋਣਾ, ਲੜਕਾ/ਲੜਕੀ ਹੋਣਾ, ਕਾਰੋਬਾਰ ਦਾ ਚੱਲ ਪੈਣਾ, ਨੌਕਰੀ ਦਾ ਮਿਲ ਜਾਣਾ, ਪਰਿਵਾਰਕ ਸਮੱਸਿਆ ਦਾ ਹੱਲ ਹੋ ਜਾਣਾ ਆਦਿ-ਆਦਿ। ਇਸ ਕਾਰਨ ਗਾਹਕ ਦਾ ਵਿਸ਼ਵਾਸ ਅਜਿਹੀਆਂ ਸ਼ਕਤੀਆਂ ਵਿੱਚ ਪੱਕਾ ਹੋ ਜਾਂਦਾ ਹੈ।
ਸਮਾਜ ਦਾ ਵੱਡਾ ਹਿੱਸਾ, ਆਪਣੀ ਸਮੱਸਿਆਵਾਂ ਦੇ ਹਲ ਲਈ ਇਨ੍ਹਾਂ ਪਾਖੰਡੀਆਂ ਵੱਲ ਤੁਰਿਆ ਰਹਿੰਦਾ ਹੈ। ਵਿਗਿਆਨਕ ਵਿਚਾਰ, ਤਰਕਸ਼ੀਲ ਨਜ਼ਰੀਆ ਅਪਨਾਉਣ ਦੀ ਗੱਲ ਤਾਂ ਅਜੇ ਬਹੁਤ ਦੂਰ ਲਗਦੀ ਹੈ
ਤਰਕਸ਼ੀਲ ਸੁਸਾਇਟੀ ਕੋਲ ਅਕਸਰ ਕਲਪਿਤ ਵਡੇਰਿਆਂ,ਭੂਤਾਂ ਪ੍ਰੇਤਾਂ ਤੋਂ ਡਰੇ/ ਡਰਾਏ ਪਰਿਵਾਰਾਂ ਦੇ ਕੇਸ ਆਉਂਦੇ ਰਹਿੰਦੇ ਤਰਕਸ਼ੀਲ ਕਾਰਕੁੰਨ ਪੁੱਛਾਂ ਕੱਢਣ ਵਾਲਿਆਂ ਦਾ ਪਰਦਾ ਫਾਸ਼ ਕਰਕੇ ਪਰਿਵਾਰਾਂ ਨੂੰ ਉਨ੍ਹਾਂ ਦੇ ਫੈਲਾਏ ਭਰਮ ਜਾਲ ਵਿਚੋਂ ਕੱਢਣ ਦੀ ਕੋਸ਼ਿਸ ਕਰਦੇ ਰਹਿੰਦੇ ਹਨ । ਪਰ ਫਿਰ ਵੀ ਬਹੁਤ ਸਾਰੇ ਲਾਈਲੱਗ,ਅਣਭੋਲ,ਅਗਿਆਨ ਲੋਕ ਇਨ੍ਹਾਂ ਦੇ ਝਾਂਸੇ ਵਿੱਚ ਆ ਜਾਂਦੇ ਹਨ ਤੇ ਡਰੇ,ਭਰਮਾਏ ਲੋਕ ਆਪਣੀ ਆਰਥਿਕ ,ਮਾਨਸਿਕ,ਸਰੀਰਕ ਲੁੱਟ ਕਰਵਾਉਂਦੇ ਰਹਿੰਦੇ ਹਨ।ਪੁੱਛ ਕੱਢਣ ਵਾਲਿਆਂ ਦੇ ਭਰਮ ਜਾਲ ਵਿੱਚ ਫਸੇ ਇਕ ਪਰਿਵਾਰ ਦਾ ਮੈਂ ਜਿਕਰ ਕਰ ਰਿਹਾ ਹਾਂ ਤਾਂ ਜੋ ਲੋਕ ਇਨ੍ਹਾਂ ਦੇ ਭਰਮ ਜਾਲ ਤੋਂ ਸੁਚੇਤ ਹੋ ਜਾਣ।
ਕੁਝ ਸਮਾਂ ਪਹਿਲਾਂ ਲਹਿਰੇਗਾਗੇ ਦੇ ਨੇੜਲੇ ਪਿੰਡ ਦੇ ਪਰਿਵਾਰ ਦਾ ਇੱਕ ਆਦਮੀ ਆਪਣੀ ਘਰਵਾਲੀ ਨੂੰ ਲੈ ਕੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਕੋਲ ਆਇਆ, ਕਹਿੰਦਾ ਇਸ ਨੂੰ ਸਾਡੇ ਵਡੇਰਿਆਂ ਦੀ ਕਸਰ ਹੋ ਗਈ ਹੈ ,ਘੱਟ ਸੌਂਦੀ, ਘੱਟ ਖਾਂਦੀ ਹੈ , ਡਰੀ ਡਰੀ ਤੇ ਹਰ ਸਮੇਂ ਘਬਰਾਈ ਰਹਿੰਦੀ ਹੈ।ਮੈਂ ਸਾਥੀ ਕਰਿਸ਼ਨ ਸਿੰਘ ਨੂੰ ਬੁਲਾਇਆ ਤੇ ਗਲਬਾਤ ਸ਼ੁਰੂ ਕੀਤੀ।ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਇਸਨੂੰ ਵਡੇਰਿਆਂ ਦੀ ਕਸਰ ਹੈ। ਬੰਦਾ ਕਹਿੰਦਾ ਅਸੀਂ ਕਈ ਗੁਆਂਢੀ ਪਿੰਡਾਂ ਤੇ ਇਕ ਰਾਜਸਥਾਨ ਦੇ ਸਿਆਣੇ ਤੋਂ ਪੁੱਛ ਪੁਆਈ ਸੀ।ਸਿਆਣੇ ਕਹਿੰਦੇ ਇਸਨੂੰ ਵਡੇਰਿਆਂ ਦੀ ਕਸਰ ਹੈ।ਸਾਡੇ ਤੋਂ ਵਡੇਰਿਆਂ ਦੀ ਮੰਨਤ ਵਿੱਚ ਕੋਈ ਕਮੀ ਰਹਿ ਗਈ।ਮੈਂ ਕਿਹਾ ਫਿਰ ਉਨ੍ਹਾਂ ਤੋਂ ਇਲਾਜ ਕਰਵਾਉਣਾ ਸੀ।ਉਸ ਜਵਾਬ ਦਿੱਤਾ, ” ਸਿਆਣੇ ਕਹਿੰਦੇ ਕਸਰ ਵੱਡੀ/ਖਤਰਨਾਕ ਹੈ ,ਇਸਨੂੰ ਦੂਰ ਕਰਨ ਵਿੱਚ ਕਾਫੀ ਪੈਸੇ ਲੱਗਣਗੇ।
ਵਡੇਰੇ ਸਾਡੇ ਤੇ ਕਰੋਪ ਹਨ।ਕਲ ਜਦ ਮੈਂ ਆਪਣੀ ਘਰਵਾਲੀ ਦੀ ਕਸਰ ਵਾਰੇ ਸਾਡੇ ਗੁਆਂਢੀ ਮਾਸਟਰ ਨੂੰ ਦੱਸਿਆ ਤਾਂ ਉਸਨੇ ਤੁਹਾਡੀ ਦਸ ਪਾਈ ਹੈ।” ਮਨੋਵਿਗਿਆਨਕ ਤੇ ਵਿਗਿਆਨਕ ਨਜ਼ਰੀਏ ਤੋਂ ਪੜਤਾਲ ਕਰਨ ਤੋਂ ਪਤਾ ਲਗਿਆ ਕਿ ਔਰਤ ਨੂੰ ਬੁਖਾਰ ਹੋਣ ਤੇ ਸਿਰ ਪੀੜਤ ਹੋਣ ਤੇ ਉਹ ਕਣ ਕਢਵਾਉਣ ਲਈ ਉਹ ਇਕ ਅਖੌਤੀ ਸਿਆਣੇ ਕੋਲ ਚਲੇ ਗਏ ਸਨ,ਸਿਆਣੇ ਨੇ ਉਸਨੂੰ ਵਡੇਰੇ ਦੀ ਕਰੋਪੀ ਦੱਸਿਆ ।ਉਹ ਸਿਆਣਿਆਂ ਕੋਲ ਜਾ ਕੇ ਡਰ ਲਿਆਉਣ ਲਗ ਪਏ ਸਨ ।ਅਖੌਤੀ ਸਿਆਣਿਆਂ ਨੇ ਉਸ ਦੇ ਮਨ ਵਿੱਚ ਡਰ ਤੇ ਭਰਮ ਪੈਦਾ ਕੀਤਾ ਹੋਇਆ ਹੈ।ਉਹ ਅਖੌਤੀ ਸਿਆਣੇ ਵਿੱਚ ਕਾਫੀ ਸ਼ਰਧਾ ਤੇ ਵਿਸ਼ਵਾਸ ਰੱਖਦੇ ਸਨ।। ਇਕ ਪੁੱਛ ਕੱਢਣ ਵਾਲਾ ਅਖੌਤੀ ਸਿਆਣਾ ਇਲਾਜ ਦੇ ਨਾਮ ਤੇ 20 ਹਜਾਰ ਤੋਂ ਵੱਧ ਰੁਪਏ ਉਨ੍ਹਾਂ ਤੋਂ ਠੱਗ ਚੁੱਕਿਆ ਸੀ।
ਉਸ ਦੀ ਘਰ ਵਾਲੀ ਨੂੰ ਗਲ ਬਾਤ ਵਿਧੀ ਰਾਹੀਂ ਸਮਝਾਇਆ ਗਿਆ ਕਿ ਸਾਡੇ ਤੋਂ ਸਦਾ ਲਈ ਵਿਛੜੇ ਸਾਡੇ ਵਡੇਰੇ, ਸਾਡੇ ਪਰਿਵਾਰਕ ਮੈਂਬਰ ਜਾਂ ਆਂਢੀ ਗੁਆਂਢੀ ਸਭ ਸਦਾ ਲਈ ਹੀ ਵਿਛੜ ਜਾਦੇ ਹਨ। ਭੂਤ- ਪਰੇਤ ਨਾਮ ਦੀ ਕੋਈ ਚੀਜ ਇਸ ਦੁਨੀਆਂ ਵਿਚ ਕਿਤੇ ਨਹੀਂ। ਕਿਸੇ ਦੀ ਕੋਈ ਰੂਹ ਨਹੀਂ ਭਟਕਦੀ । ਇਹ ਸਿਰਫ ਅਖੌਤੀ ਸਿਆਣਿਆਂ, ਤਾਂਤਰਿਕਾਂ ਦਾ ਫੈਲਾਇਆ, ਪਰਚਾਰਿਆ ਤੇ ਅਗਿਆਨਤਾ ਤੇ ਡਰ ਵਿਚੋਂ ਉਪਜਿਆ ਸਿਰਫ ਭੈਅ ਹੈ।ਉਸਨੂੰ ਉਸਾਰੂ ਤੇ ਹੌਂਸਲਾ ਵਧਾਊ ਸੁਝਾਅ ਦਿਤੇ ਗਏ।ਅਗਲੇ ਹਫਤੇ ਫਿਰ ਬੁਲਾਇਆ ਗਿਆ।ਉਹ ਕਾਫੀ ਠੀਕ ਮਹਿਸੂਸ ਕਰ ਰਹੀ ਪੰਦਰਾਂ ਦਿਨਾਂ ਬਾਅਦ ਫਿਰ ਬੁਲਾਇਆ ਗਿਆ,ਉਹ ਕਾਫੀ ਠੀਕ ਸੀ।ਉਸਨੂੰ ਸਮਝਾਇਆ ਗਿਆ ਕਿ ਜੇ ਤੁਸੀਂ ਇਨ੍ਹਾਂ ਅਖੌਤੀ ਸਿਆਣਿਆਂ, ਤਾਂਤਰਿਕਾਂ ਕੋਲ ਜਾਂਦੇ ਰਹਿੰਦੇ ਇਹ ਤੁਹਾਨੂੰ ਭਰਮ ਜਾਲ ਵਿੱਚ ਫਸਾ ਕੇ ਰੱਖਦੇ।।
ਜਦ ਇਹ ਆਪ ਸਰੀਰਕ ਜਾਂ ਮਾਨਸਿਕ ਤੌਰ ਤੇ ਬੀਮਾਰ ਹੁੰਦੇ ਹਨ,ਇਹ ਵੀ ਆਪਣਾ ਇਲਾਜ ਡਾਕਟਰਾਂ ਤੋਂ ਕਰਵਾਉਂਦੇ ਹਨ,ਪਰ ਤੁਹਾਨੂੰ ਡਾਕਟਰਾਂ ਕੋਲ ਜਾਣ ਤੋਂ ਰੋਕਦੇ ਹਨ।,ਡਰਾਉਣਾ, ਭਰਮਾਉਣਾ ,ਲੁਟਣਾ,ਠੱਗਣਾ ਇਨ੍ਹਾਂ ਦਾ ਕੀਤਾ ਹੈ।ਇਹ ਇਨ੍ਹਾਂ ਦੀ ਕਮਾਈ ਦੇ ਸਾਧਨ ਹਨ।ਇਹ ਜੋਕਾਂ ਵਿਗਿਆਨਕ ਲੋਕ ਪੱਖੀ ਗਿਆਨ ਦੇ ਨੇੜੇ ਨਾ ਤੇੜੇ ।ਤੁਹਾਨੂੰ ਭੂਤ ਪ੍ਰੇਤ,ਵਡੇਰਿਆਂ ਦੀ ਕਸਰਾਂ ਓਦੋਂ ਤਕ ਹੁੰਦੀਆਂ ਰਹਿਣਗੀਆਂ।
ਜਦੋਂ ਤਕ ਤੁਸੀਂ ਇਨ੍ਹਾਂ ਕੋਲ ਜਾਂਦੇ ਰਹੋਂਗੇ।ਇਹ ਲੋਕਾਂ ਦੀ ਆਰਥਿਕ,ਮਾਨਸਿਕ, ਸਰੀਰਕ ਲੁੱਟ ਦੇ ਅੱਡੇ ਹਨ।ਤੁਸੀ ਇਲਾਜ ਦੀਆਂ ਉਮੀਦਾਂ ਲੈ ਕੇ ਜਾਦੇਂ ਹੋ, ਪੈਸੇ ਦਿੰਦੇ ਹੋਂ,ਬਦਲੇ ਵਿੱਚ “ਓਪਰੀਆਂ ਸ਼ੈਆਂ,ਕੀਤੇ ਕਰਾਏ,ਖੁਆਏ ,ਕਰਵਾਏ ,ਪਿਆਏ ਦਾ ਵਹਿਮ ਲੈ ਕੇ ਆਉਂਦੇ ਹੋਂ।” ਉਹ ਸਾਡੀਆਂ ਗੱਲਾ ਨੂੰ ਸਾਡੇ ਪ੍ਰਭਾਵ ਹੇਠ ਆ ਕੇ ਬੜੇ ਧਿਆਨ ਨਾਲ ਸੁਣ ਰਹੇ ਸਨ।ਅਸੀਂ ਫਿਰ ਗਲਬਾਤ ਵਿਧੀ ਰਾਹੀਂ, ਅੱਖਾਂ ਬੰਦ ਕਰਾਕੇ ਭੈਅ ਮੁਕਤ ਕੀਤਾ ਤੇ ਅੱਗੇ ਤੋਂ ਪੁੱਛਾਂ ਦੇਣ ਵਾਲੇ ਅਖੌਤੀ ਸਿਆਣਿਆਂ ਕੋਲ ਨਾ ਜਾਣ ਦੀ ਨਸੀਹਤ ਦੇ ਕੇ ਤੋਰਿਆ।ਇਕ ਮਹੀਨੇ ਬਾਅਦ ਫਿਰ ਬੁਲਾਇਆ ਗਿਆ ,ਇਸ ਸਮੇਂ ਉਸਦੇ ਚਿਹਰੇ ਦਾ ਖਿੜਾਓ ਉਸਦੇ ਡਰ ਮੁਕਤ ਹੋਣ ਦੀ ਗਵਾਹੀ ਸੀ ।
ਸਾਲ ਬੀਤ ਜਾਣ ਤੋਂ ਬਾਅਦ ਹੁਣ ਬਿਲਕੁਲ ਠੀਕ ਹੈ।
ਮਾਸਟਰ ਪਰਮਵੇਦ
ਜ਼ੋਨ ਜਥੇਬੰਦਕ ਮੁਖੀ,ਤਰਕਸ਼ੀਲ ਸੁਸਾਇਟੀ ਪੰਜਾਬ
# ਅਫਸਰ ਕਲੋਨੀ ਸੰਗਰੂਰ
9417422349