(ਸਮਾਜ ਵੀਕਲੀ)
ਦਿਨੇਸ਼ ਕਰਮੇ ਵਿੱਚ ਬੈਠਾ ਇੱਕ ਕਵਿਤਾ ਲਿਖ ਰਿਹਾ ਸੀ ਅਚਾਨਕ ਉਸਦੇ ਫੋਨ ਦੀ ਘੰਟੀ ਵੱਜੀ ਉਸਨੇ ਫੋਨ ਚੱਕਿਆ , ਅੱਗੋਂ ਇੱਕ ਬਹੁਤ ਹੀ ਮਲੂਕ ਜਿਹੀ ਆਵਾਜ਼ ਆਈ , ਸਰ ਮੈਂ ਮਨਪ੍ਰੀਤ ਬੋਲਦੀ ਹਾਂ ਗਿਆਰਵੀਂ ਕਲਾਸ ਦੀ ਵਿਦਿਆਰਥਣ ਜਿਹੜੇ ਸਕੂਲ ਵਿੱਚ ਤੁਸੀਂ ਪੜ੍ਹਾਉਂਦੇ ਹੋ।ਦਿਨੇਸ਼ ਨੇ ਇੱਕ ਸੁਪਨੇ ਵਿੱਚੋਂ ਜਾਗੇ ਦੀ ਤਰ੍ਹਾਂ ਪੁੱਛਿਆਂ , ਹਾਂ ਜੀ ਬੇੇਟਾ ਦੱਸੋ। ,” ਸਰ ਮੈਂ ਪਹਿਲਾਂ ਆਪਣੀ ਕਲਾਸ ਇੰਚਾਰਜ ਮੈਡਮ ਮਮਤਾ ਨੂੰ ਵੀ ਫੋਨ ਕੀਤਾ ਸੀ ਕਿ ਮੈਡਮ ਮੈਨੂੰ ਤਾਲਾਬੰਦੀ ਤੋਂ ਬਾਦ ਜਮਾਤ ਦੇ ਕਿਸੇ ਕੰਮ ਦਾ ਕੋਈ ਪਤਾ ਨਹੀਂ ਕੀ ਕੀਤਾ ਹੈ? ਉਨ੍ਹਾਂ ਨੇ ਕਿਹਾ ਕਿ ਸਕੂਲ ਦਾ ਕੰਮ ਤਾਂ ਮੋਬਾਇਲ ਫੋਨਾਂ ‘ਤੇ ਆ ਰਿਹਾ ਹੈ ਤੂੰ ਕਿਉy ਨਹੀਂ ਕਰਦੀ ?,
ਜਦੋਂ ਮੈਂ ਕਿਹਾ ਕਿ ਮੈਡਮ ਸਾਡੇ ਘਰ ਕੋਈ ਫੋਨ ਨਹੀਂ ਹੈ ਤਾਂ ਉਨ੍ਹਾਂ ਨੇ ਇਹ ਕਿਹ ਕੇ ਫੋਨ ਕੱਟ ਦਿੱਤਾ ਕਿ ਇਹ ਤੁਹਾਡੀ ਸਮੱਸਿਆ ਹੈ ਸਾਡੀ ਨਹੀਂ।” ਇਹ ਕਹਿੰਦੀ ਹੋਈ ਓਸ ਲੜਕੀ ਦਾ ਗੱਚ ਭਰ ਆਇਆ ਸੀ। ਦਿਨੇਸ਼ ਨੇ ਆਪਣੀ ਬੇਟੀ ਵਾਂਗ ਦਿਲਾਸਾ ਦਿੰਦੇ ਕਿਹਾ ,” ਕੋਈ ਨੀ ਪੁੱਤਰ ਦਲੇਰ ਬੱਚੇ ਰੋਂਦੇ ਥੋੜੀ ਹੁੰਦੇ ਏ।” ਹੁਣ ਦਿਨੇਸ਼ ਨੂੰ ਪਤਾ ਲੱਗ ਗਿਆ ਸੀ ਕਿ ਇਹ ਉਹੀ ਲੜਕੀ ਮਨਪ੍ਰੀਤ ਹੈ ਜਿਹੜੀ ਪਿਛਲੇ ਸਾਲ ਦਸਵੀਂ ਜਮਾਤ ਵਿੱਚੋਂ ਪੂਰੇ ਜਿਲ੍ਹੇ ਵਿੱਚੋਂ ਅੱਵਲ ਆਈ ਸੀ।
ਫੇਰ ਉਸ ਲੜਕੀ ਨੇ ਆਪਣੀ ਗੱਲ ਅੱਗੇ ਦੁਹਰਾਈ ਕਿ ,”ਸਰ ਮੈਂ ਤੁਹਾਡਾ ਨੰਬਰ ਤੁਹਾਡੀ ਲਿਖੀ ਇੱਕ ਕਿਤਾਬ ‘ਕਿਰ ਰਹੀ ਰੇਤ’ ‘ਤੇ ਲਿਖਿਆ ਪੜ੍ਹਿਆ ਸੀ। ਕਿਉਂ ਕਿ ਤੁਸੀ ਕਵਿਤਾ ਤੇ ਗੀਤ ਲਿਖਦੇ ਹੋ ਤਾਂ ਮੈਂਨੂੰ ਵੀ ਇਹ ਲਿਖਣ ਦਾ ਸ਼ੋਂਕ ਹੈ , ਸਰ ਮੇਰਾ ਪਾਪਾ ਕਿਸੇ ਜਿਮੀਦਾਰ ਦੇ ਘਰ ਸੀਰਾ ਲੱਗਿਆ ਹੋਇਆ ਹੈ ਤੇ ਸਾਡੇ ਕੋਈ ਵੀ ਫੋਨ ਨਹੀਂ ਹੈ , ਇਹ ਫੋਨ ਵੀ ਮੈਂ ਗੁਆਂਢੀਆਂ ਦਾ ਫੋਨ ਲੈ ਕੇ ਕੀਤਾ ਹੈ ।” ਸਰ ਮੇਰੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਮੈਂ ਕੀ ਕਰਾਂ।
ਦਿਨੇਸ਼ ਨੇ ਇਸ ਗਰੀਬੀ ਭੈੜੀ ਲਾਹਣ ਲਈ ਡੂੰਘਾ ਹੁਕਾਂ ਲੈਦੇ ਹੋਏ ਕਿਹਾ ਕੋਈ ਗੱਲ ਨੀ ਪੁੱਤਰ ਤੂੰ ਕੱਲ ਸਵੇਰੇ ਆਪਣੇ ਪਿਤਾ ਜੀ ਨਾਲ ਕਿਸੇ ਦਾ ਫੋਨ ਲੈ ਕੇ ਮੇਰੇ ਨਾਲ ਗੱਲ ਕਰਵਾਈਂ , ਕਰਦੇ ਤੇਰੇ ਫੋਨ ਲਈ ਕੋਈ ਬੰਦੋਬਸਤ ।” ਇਹ ਕਹਿ ਕੇ ਦਿਨੇਸ਼ ਨੇ ਫੋਨ ਕੱਟ ਦਿੱਤਾ । ਦੂਜੇ ਹੀ ਪਲ ਉਸਨੇ ਆਪਣੇ ਸਕੂਲ ਦੇ ਬਣੇ ਅਧਿਆਪਕਾਂ ਦੇ ਗਰੁੱਪ ਵਿੱਚ ਇਸ ਸਾਰੀ ਕਹਾਣੀ ਦਾ ਹਾਲ ਲਿਖਕੇ ਪਾ ਦਿੱਤਾ। ਇਹ ਲਿਖਕੇ ਪਾਉਣ ਦੀ ਦੇਰ ਸੀ ਕਿ ਝੱਟ ਮੈਸੇਜ਼ ਤੇ ਮੈਸੇਜ਼ ਆਉਣ ਲੱਗਾ ਕਿ ਅਸੀਂ ਕੀ ਕਰੀਏ ਸਾਥੋਂ ਤੋਂ ਆਵਦੇ ਖਰਚੇ ਨੀ ਲੋਟ ਆਉਂਦੇ ।
ਇੱਕ ਮੈਡਮ ਨੇ ਤਾਂ ਫੋਨ ਲਾ ਕੇ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਤਾਂ ਐਸ ਮਹੀਨੇ ਕੋਈ ਸੂਟ ਵੀ ਨਹੀਂ ਲਿਆ ਮੇਰੀ ਤਾਂ ਸਾਰੀ ਤਨਖ਼ਾਹ ਬੱਚਿਆਂ ਦੇ ਖਰਚੇ ਵਿੱਚ ਹੀ ਲੱਗ ਗਈ।ਇਹ ਸਾਰੇ ਮੈਸੇਜ਼ਾਂ ਦਾ ਇੱਕ ਇੱਕ ਬੋਲ ਦਿਨੇਸ਼ ਦੇ ਸਿਰ ਵਿੱਚ ਘਣ ਵਾਂਗ ਵੱਜ ਰਹੇ ਸਨ । ਉਹ ਸੋਚ ਰਿਹਾ ਸੀ ਕਿ ਸਾਡੀ ਤਨਖ਼ਾਹ ਵੀ ਤਾਂ ਇਨ੍ਹਾਂ ਵਿਦਿਆਰਥੀਆਂ ਕਰਕੇ ਆਉਂਦੀ ਹੈ ਨਾਲੇ ਹੁਣ ਤਾਲਾਬੰਦੀ ਦੇ ਦਿਨਾਂ ਵਿੱਚ ਸਾਡੇ ਖਾਤਿਆਂ ਵਿੱਚ ਸੱਠਸੱਠ ਹਜ਼ਾਰ ਰੁਪਏ ਤਨਖ਼ਾਹ ਆ ਰਹੀ ਹੈ ਜੇ ਅਸੀਂ ਉਹਦੇ ਵਿੱਚੋਂ ਪੰਜ ਪੰਜ ਸੋ ਲੋੜਵੰਦ ਬੱਚਿਆਂ ਲਈ ਖਰਚ ਕਰ ਦੇਵਾਂਗੇ ਤਾਂ ਕੀ ਘਾਟਾ ਪੈ ਚੱਲਿਆ।
ਅਗਲੇ ਦਿਨ ਮਨਪ੍ਰੀਤ ਦੇ ਪਿਤਾ ਦਾ ਫੋਨ ਆਇਆ ਤਾਂ ਦਿਨੇਸ਼ ਨੇ ਕਿਹਾ ਕਿ ਤੁਸੀਂ ਬਜ਼ਾਰ ਵਿੱਚ ਹੋਟਲ ਦੇ ਸਾਹਮਣੇ ਬਾਲਾ ਜੀ ਟੈਲੀਕਾਮ ਵਾਲਿਆਂ ਤੋਂ ਕੋਈ ਵੀ ਦਸ ਹਜ਼ਾਰ ਰੁਪਏ ਵਾਲਾ ਫੋਨ ਮਨਪ੍ਰੀਤ ਨੂੰ ਨਾਲ ਲਿਜਾ ਕੇ ਲੈ ਆਓ, ਮੈਂ ਉਨ੍ਹਾਂ ਨੂੰ ਪੈਸੇ ਭੇਜ ਦਿੱਤੇ ਹਨ । ਇਸ ਤਰ੍ਹਾਂ ਕਰਕੇ ਦਿਨੇਸ਼ ਨੇ ਆਪਣੀ ਤਨਖ਼ਾਹ ਦਾ ਮੁੱਲ ਮੋੜ੍ਹਨ ਦੀ ਕੋਸ਼ਿਸ਼ ਕੀਤੀ । ਸ਼ਾਮ ਵੇਲੇ ਵੇਲੇ ਉਸੇ ਵਟਸਐਪ ਗਰੁੱਪ ਵਿੱਚ ਕਿਸੇ ਅਧਿਆਪਕ ਨੇ ਨਵੀਂ ਗੱਡੀ ਲਿਆਂਦੀ ਦੀ ਫੋਟੋ ਪਾਈ ਹੋਈ ਸਾਰੇ ਉਸਨੂੰ ਵਧਾਈਆਂ ਦੇ ਰਹੇ ਸਨ ਦਿਨੇਸ਼ ਇਹ ਲਿਖਕੇ ਗਰੁੱਪ ਵਿੱਚੋਂ ਬਾਹਰ ਨਿਕਲ ਗਿਆ , ਕਿ ਇਹ ਬੱਚਿਆਂ ਕਰਕੇ ਮਿਲਣ ਵਾਲੀ ਤਨਖ਼ਾਹ ਕਰਕੇ ਆਈ ਹੈ।”
ਸਤਨਾਮ ਸਮਾਲਸਰੀਆ