ਪਾਕਿਸਤਾਨ ਦੀ ਫ਼ੌਜ ‘ਚ ਸੋਮਵਾਰ ਨੂੰ ਵੱਡਾ ਬਦਲਾਅ ਕੀਤਾ ਗਿਆ। ਲੈਫਟੀਨੈਂਟ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਨੂੰ ਨਵਾਂ ਚੀਫ ਆਫ ਜੁਆਇੰਟ ਸਟਾਫ ਬਣਾਇਆ ਗਿਆ ਹੈ। ਦੋ ਮੇਜਰ ਜਨਰਲ ਤਰੱਕੀ ਦੇ ਕੇ ਲੈਫਟੀਨੈਂਟ ਜਨਰਲ ਬਣਾਏ ਗਏ ਹਨ। ਭਾਰਤ ਦੇ ਨਾਲ ਤਣਾਅ ਦੇ ਦੌਰ ‘ਚ ਫ਼ੌਜ ‘ਚ ਇਨ੍ਹਾਂ ਨਵੀਂਆਂ ਨਿਯੁਕਤੀਆਂ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
ਮੇਜਰ ਜਨਰਲ ਅਲੀ ਆਮਿਰ ਅਵਾਨ ਤੇ ਮੁਹੰਮਦ ਸਈਦ ਨੂੰ ਲੈਫਟੀਨੈਂਟ ਜਨਰਲ ਬਣਾਇਆ ਗਿਆ ਹੈ। ਅਵਾਨ ਦੂਰਸੰਚਾਰ ਤੇ ਸੂਚਨਾ ਤਕਨੀਕੀ ਮਾਮਲਿਆਂ ਦੇ ਆਈਜੀ ਤੇ ਸਈਦ ਰਾਸ਼ਟਰੀ ਰੱਖਿਆ ਯੂਨੀਵਰਸਿਟੀ, ਇਸਲਾਮਾਬਾਦ ਦੇ ਚੇਅਰਮੈਨ ਬਣਾਏ ਗਏ ਹਨ। ਲੈਫਟੀਨੈਂਟ ਜਨਰਲ ਮੁਹੰਮਦ ਆਮਿਰ ਨੂੰ ਐਡਜੂਟੈਂਟ ਜਨਰਲ ਬਣਾਇਆ ਗਿਆ ਹੈ। ਜਦਕਿ ਲੈਫਟੀਨੈਂਟ ਜਨਰਲ ਨਦੀਮ ਜ਼ਕੀ ਮੰਜ ਨੂੰ ਰਣਨੀਤਕ ਯੋਜਨਾ ਵਾਲੀ ਡਵੀਜ਼ਨ ਦਾ ਨਵਾਂ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਲੈਫਟੀਨੈਂਟ ਜਨਰਲ ਸ਼ਾਹੀਨ ਮਜ਼ਹਰ ਮਹਿਮੂਦ ਨੂੰ ਮੰਗਲਾ ਕੋਰ ਦਾ ਕਮਾਂਡਰ ਬਣਾਇਆ ਗਿਆ ਹੈ ਜਦਕਿ ਲੈਫਟੀਨੈਂਟ ਜਨਰਲ ਨੌਮਾਨ ਮਹਿਮੂਦ ਨੂੰ ਪਿਸ਼ਾਵਰ ਕੋਰ ਦਾ ਕਮਾਂਡਰ ਬਣਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਤਾਜ਼ਾ ਨਿਯੁਕਤੀਆਂ ਜੁਆਇੰਟ ਚੀਫ ਆਫ ਸਟਾਫ ਕਮੇਟੀ ਦੇ ਚੇਅਰਮੈਨ ਜਨਰਲ ਜ਼ੁਬੈਰ ਮਹਿਮੂਦ ਹਯਾਤ ਦੀ ਛੁੱਟੀ ‘ਤੇ ਜਾਣ ਤੋਂ ਠੀਕ ਪਹਿਲਾਂ ਹੋਈਆਂ ਹਨ। ਹਯਾਤ ਇਸੇ ਹਫ਼ਤੇ ਰਿਟਾਇਰ ਹੋਣ ਵਾਲੇ ਹਨ। ਉਨ੍ਹਾਂ ਦੀ ਥਾਂ ‘ਤੇ ਲੈਫਟੀਨੈਂਟ ਜਨਰਲ ਨਦੀਮ ਰਜ਼ਾ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਪਹਿਲਾਂ ਹੀ ਜੁਆਇੰਟ ਚੀਫਸ ਆਫ ਸਟਾਫ ਕਮੇਟੀ ਦਾ ਚੇਅਰਮੈਨ ਨਿਯੁਕਤ ਕਰ ਚੁੱਕੇ ਹਨ। ਨਦੀਮ ਰਜ਼ਾ ਦੀ ਨਿਯੁਕਤੀ 27 ਨਵੰਬਰ ਨੂੰ ਅਮਲ ‘ਚ ਆਏਗੀ। ਇਸੇ ਹਫਤੇ ਰਿਟਾਇਰ ਹੋਣ ਵਾਲੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦਾ ਕਾਰਜਕਾਲ ਪ੍ਰਧਾਨ ਮੰਤਰੀ ਇਮਰਾਨ ਖਾਨ ਪਹਿਲਾਂ ਹੀ ਵਧਾ ਚੁੱਕੇ ਹਨ। ਬਾਜਵਾ ਹੁਣ ਨਵੰਬਰ 2022 ‘ਚ ਰਿਟਾਇਰ ਹੋਣਗੇ।