ਤਣਾਅ ਦੇ ਬਾਵਜੂਦ ਕਰਤਾਰਪੁਰ ਸਾਹਿਬ ਨਤਮਸਤਕ ਹੋਏ ਸ਼ਰਧਾਲੂ

ਡੇਰਾ ਬਾਬਾ ਨਾਨਕ-ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਬਾਹਰ ਬੀਤੇ ਕੱਲ੍ਹ ਤਣਾਅ ਦੇ ਬਾਵਜੂਦ ਅੱਜ ਡੇਰਾ ਬਾਬਾ ਨਾਨਕ ਕਰਤਾਰਪੁਰ ਲਾਂਘੇ ਰਾਹੀਂ 737 ਦੇ ਕਰੀਬ ਸਿੱਖ ਸ਼ਰਧਾਲੂ ਬੇਖੌਫ ਹੋ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਗਏ। ਹਾਲਾਂਕਿ ਨਨਕਾਣਾ ਸਾਹਿਬ ’ਚ ਪਥਰਾਅ ਨੂੰ ਲੈ ਕੇ ਅੱਜ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਵਾਲੀ ਸੰਗਤ ’ਚ ਰੋਸ ਵੇਖਣ ਨੂੰ ਮਿਲਿਆ।
ਕਰਤਾਰਪੁਰ ਸਾਹਿਬ ਜਾਣ ਤੋਂ ਪਹਿਲਾਂ ਸ਼ਰਧਾਲੂ ਮਨੋਜ ਜਿਨਾਲੀ ਨੇ ਕਿਹਾ ਹੈ ਕਿ ਬੀਤੇ ਦਿਨੀਂ ਜੋ ਕੁਝ ਨਨਕਾਣਾ ਸਾਹਿਬ ਦੇ ਬਾਹਰ ਹੋਇਆ, ਉਹ ਨਹੀਂ ਹੋਣਾ ਚਾਹੀਦਾ ਸੀ। ਅੰਮ੍ਰਿਤਸਰ ਤੋਂ ਆਏ ਸ਼ਰਧਾਲੂ ਹਮੀਰ ਸਿੰਘ ਨੇ ਦੱਸਿਆ ਕਿ ਉਸ ਨੇ ਕਰਤਾਰਪੁਰ ਸਾਹਿਬ ਜਾਣ ਤੋਂ ਪਹਿਲਾਂ ਭਾਰਤੀ ਇੰਟੀਗ੍ਰੇਟਿਡ ਚੈੱਕ ਪੋਸਟ ’ਤੇ ਫੋਨ ਕਰਕੇ ਸੁਰੱਖਿਆ ਸਬੰਧੀ ਜਾਣਕਾਰੀ ਹਾਸਿਲ ਕੀਤੀ ਸੀ ਅਤੇ ਉਸ ਤੋਂ ਬਾਅਦ ਹੀ ਡੇਰਾ ਬਾਬਾ ਨਾਨਕ ਲਈ ਰਵਾਨਾ ਹੋਇਆ। ਉਨ੍ਹਾਂ ਕਿਹਾ ਕਿ ਇਕ ਪਰਿਵਾਰਕ ਝਗੜੇ ਨੂੰ ਧਾਰਮਿਕ ਰੰਗਤ ਦੇਣਾ ਗ਼ਲਤ ਹੈ ਅਤੇ ਪਾਕਿਸਤਾਨ ਸਰਕਾਰ ਨੂੰ ਇਸ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਸ਼ਰਧਾਲੂ ਅਲੀਸ਼ਾ ਅਤੇ ਪਵਨੀਤ ਕੌਰ ਨੇ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਕਿ ਉਨ੍ਹਾਂ ਦੇ ਮਨ ਵਿਚ ਕੋਈ ਵੀ ਡਰ ਨਹੀਂ ਹੈ।
ਇੱਕ ਹੋਰ ਸ਼ਰਧਾਲੂ ਨੇ ਕਿਹਾ ਹੈ ਕਿ ਜੇ ਕਿਸੇ ਦੇ ਮਨ ’ਚ ਰੋਸ ਹੈ ਜਾਂ ਕੋਈ ਗੁੱਸਾ ਹੈ ਤਾਂ ਰੋਸ ਜਤਾਉਣ ਦੇ ਹੋਰ ਵੀ ਤਰੀਕੇ ਹਨ ਪਰ ਗੁਰਦੁਆਰਾ ਸਾਹਿਬ ’ਤੇ ਪਥਰਾਅ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਸ਼ਰਧਾਲੂਆਂ ਨੇ ਭਾਰਤ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਕੋਲੋਂ ਵੀ ਮੰਗ ਕੀਤੀ ਹੈ ਕਿ ਉਹ ਪਾਕਿਸਤਾਨ ਦੇ ਗੁਰਧਾਮਾਂ ਨਾਲ ਰਹਿੰਦੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਲਦ ਕਦਮ ਚੁੱਕਣ।
ਇਸ ਦੌਰਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਪਰਤੇ ਸ਼ਰਧਾਲੂ ਕੁਲਵੰਤ ਸਿੰਘ, ਅਮਰਜੀਤ ਸਿੰਘ, ਪਰਮਜੀਤ ਸਿੰਘ, ਪਵਨੀਤ ਕੌਰ ਅਤੇ ਮਨਿੰਦਰ ਨੇ ਦੱਸਿਆ ਕਿ ਨਨਕਾਣਾ ਸਾਹਿਬ ਦੇ ਤਣਾਅ ਦਾ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਜਾਂ ਉੱਥੇ ਜਾਣ ਵਾਲੀ ਸੰਗਤ ਉੱਪਰ ਕੋਈ ਵੀ ਅਸਰ ਵੇਖਣ ਨੂੰ ਨਹੀਂ ਮਿਲਿਆ ਹੈ। ਕਰਤਾਰਪੁਰ ਸਾਹਿਬ ਪੁੱਜਣ ’ਤੇ ਪਾਕਿਸਤਾਨ ਵਾਲੇ ਪਾਸੇ ਉਨ੍ਹਾਂ ਦਾ ਨਿੱਘਾ ਸਵਾਗਤ ਹੋਇਆ ਹੈ।

Previous articleBJP, Cong hold protest, speak same lingo on Nankana Sahib attack
Next articleਪ੍ਰਿਯੰਕਾ ਵੱਲੋਂ ਮੁਜ਼ੱਫਰਨਗਰ ਅਤੇ ਮੇਰਠ ’ਚ ਪੀੜਤ ਪਰਿਵਾਰਾਂ ਨਾਲ ਮੁਲਾਕਾਤ