ਚੰਦਰਯਾਨ-2 ਮਿਸ਼ਨ ਨਿਰਧਾਰਤ ਸਮੇਂ ਤੋਂ ਲਗਪਗ ਇਕ ਘੰਟਾ ਪਹਿਲਾਂ ਤਕਨੀਕੀ ਨੁਕਸ ਦਾ ਪਤਾ ਚੱਲਣ ’ਤੇ ਟਾਲ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਚੰਦਰਯਾਨ-2 ਨੇ ਐਤਵਾਰ ਤੇ ਸੋਮਵਾਰ ਦੀ ਵਿਚਕਾਰਲੀ ਰਾਤ 2.51 ਵਜੇ ਦਾਗਿਆ ਜਾਣਾ ਸੀ। ਚੰਦਰਯਾਨ-2 ਨੂੰ ਚੰਦਰਮਾ ’ਤੇ ਭੇਜੇ ਜਾਣ ਦੀ ਉਲਟੀ ਗਿਣਤੀ ਚੱਲ ਰਹੀ ਸੀ ਕਿ ਨਿਰਧਾਰਤ ਸਮੇਂ ਤੋਂ ਇਕ ਘੰਟਾ ਪਹਿਲਾਂ ਜੀਐਸਐਲਵੀ ਐੱਮਕੇ-3 ਰਾਕੇਟ ਵਿੱਚ ਤਕਨੀਕੀ ਨੁਕਸ ਦਾ ਪਤਾ ਚੱਲਿਆ ਅਤੇ ਇਸ ਮਿਸ਼ਨ ਨੂੰ ਸਵੇਰੇ 1.55 ਵਜੇ ਰੋਕ ਦਿੱਤਾ ਗਿਆ। ਇਸਰੋ ਦੇ ਐਸੋਸੀਏਟ ਡਾਇਰੈਕਟਰ(ਜਨ ਸੰਚਾਰ) ਬੀਆਰ ਗੁਰੂ ਪ੍ਰਸਾਦ ਨੇ ਕਿਹਾ, ‘‘ ਲਾਂਚ ਵਾਹਨ ਵਿੱਚ ਨਿਰਧਾਰਤ ਸਮੇਂ ਤੋਂ 56 ਮਿੰਟ ਪਹਿਲਾਂ ਤਕਨੀਕੀ ਨੁਕਸ ਦਾ ਪਤਾ ਚੱਲਿਆ। ਇਹਤਿਆਤ ਵਰਤਦਿਆਂ ਚੰਦਰਯਾਨ-2 ਨੂੰ ਅੱਜ ਦਾਗੇ ਜਾਣ ਦਾ ਫੈਸਲਾ ਟਾਲ ਦਿੱਤਾ ਗਿਆ। ’’ ਉਨ੍ਹਾਂ ਕਿਹਾ ਕਿ ਬਦਲਵੀਂ ਤਰੀਕ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਚੰਦਰਯਾਨ-2 ਦਾਗੇ ਜਾਣ ਨੂੰ ਦੇਖਣ ਲਈ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੀ ਸ੍ਰੀਹਰੀਕੋਟਾ ਵਿੱਚ ਮੌਜੂਦ ਸਨ। ਦੂਜੇ ਪਾਸੇ ਕਈ ਵਿਗਿਆਨੀਆਂ ਨੇ ਸਮਾਂ ਰਹਿੰਦੇ ਮਿਸ਼ਨ ਟਾਲਣ ਲਈ ਇਸਰੋ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਭ ਉਸ ਦੀ ਚੌਕਸੀ ਕਾਰਨ ਹੋਇਆ ਹੈ। ਕੋਲਕਾਤਾ ਦੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਵਿੱਚ ਸੈਂਟਰ ਫਾਰ ਐਕਸੀਲੈਂਸ ਇਨ ਸਪੇਸ ਸਾਇੰਸਿਜ਼ ਇੰਡੀਆ ਦੇ ਹੈੱਡ ਰਾਜੇਸ਼ ਕੁੰਬਲੇ ਨਾਇਕ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਸਰੋ ਨੇ ਨੁਕਸ ਦਾ ਪਤਾ ਚੱਲਦੇ ਹੀ ਮਿਸ਼ਨ ਦੇ ਮਾਮਲੇ ਵਿੱਚ ਜਲਦਬਾਜ਼ੀ ਕਰਨ ਦੀ ਥਾਂ ਇਸ ਨੂੰ ਟਾਲ ਦਿੱਤਾ। ਉਨ੍ਹਾਂ ਉਮੀਦ ਜਤਾਈ ਕਿ ਕੁਝ ਹਫਤਿਆਂ ਵਿੱਚ ਰਾਕੇਟ ਮੁੜ ਦਾਗਿਆ ਜਾਵੇਗਾ, ਜੋ ਅਸਫਲਤਾ ਤੋਂ ਵਧੀਆ ਹੈ।
INDIA ਤਕਨੀਕੀ ਖ਼ਰਾਬੀ: ਚੰਦਰਯਾਨ-2 ਮਿਸ਼ਨ ਟਲਿਆ