ਢੱਡਰੀਆਂਵਾਲਾ ਵਿਵਾਦ: ਸਿੱਖ ਪ੍ਰਚਾਰਕ ਨੂੰ ਪੱਖ ਪੇਸ਼ ਕਰਨ ਲਈ ਮੁੜ ਮਹੀਨੇ ਦਾ ਸਮਾਂ

ਸ੍ਰੀ ਅਕਾਲ ਤਖ਼ਤ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਨਾਲ ਚੱਲ ਰਹੇ ਵਿਵਾਦ ਦੇ ਮਾਮਲੇ ਵਿਚ ਉਸ ਨੂੰ ਮੁੜ ਇਕ ਮਹੀਨੇ ਦਾ ਸਮਾਂ ਦਿੰਦਿਆਂ ਆਪਣੀ ਸੁਵਿਧਾ ਮੁਤਾਬਕ ਦਿਨ ਅਤੇ ਸਮਾਂ ਤੈਅ ਕਰ ਕੇ ਸਬ-ਕਮੇਟੀ ਨਾਲ ਸੰਪਰਕ ਕਰਨ ਲਈ ਆਖਿਆ ਹੈ।
ਇਸ ਸਬੰਧੀ ਬਣਾਈ ਗਈ ਸਬ-ਕਮੇਟੀ ਦੇ ਕੋਆਰਡੀਨੇਟਰ ਡਾ. ਚਮਕੌਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਅੱਜ ਪੱਤਰ ਭੇਜ ਦਿੱਤਾ ਗਿਆ ਹੈ। ਇਹ ਪੱਤਰ ਉਨ੍ਹਾਂ ਦੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਸ਼ੇਖੂਪੁਰਾ ਸਥਿਤ ਗੁਰਦੁਆਰਾ ਪਰਮੇਸ਼ਵਰ ਦੁਆਰ ਦੇ ਪਤੇ ’ਤੇ ਭੇਜਿਆ ਗਿਆ ਹੈ। ਪੱਤਰ ਵਿਚ ਉਨ੍ਹਾਂ ਨੂੰ ਲਿਖਿਆ ਗਿਆ ਹੈ ਕਿ ਉਹ ਆਪਣੀ ਸੁਵਿਧਾ ਮੁਤਾਬਕ ਦਿਨ ਅਤੇ ਸਮਾਂ ਤੈਅ ਕਰ ਕੇ ਇਕ ਮਹੀਨੇ ਦੇ ਅੰਦਰ ਸੂਚਨਾ ਭੇਜਣ ਤਾਂ ਜੋ ਪਟਿਆਲਾ ਸਥਿਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਵਿਵਾਦਤ ਮਾਮਲੇ ਬਾਰੇ ਵਿਚਾਰ ਚਰਚਾ ਕੀਤੀ ਜਾ ਸਕੇ। ਉਨ੍ਹਾਂ ਲਿਖਿਆ ਕਿ ਸ੍ਰੀ ਅਕਾਲ ਤਖ਼ਤ ਵੱਲੋਂ ਪੰਜ ਵਿਦਵਾਨਾਂ ਦੀ ਬਣਾਈ ਸਬ-ਕਮੇਟੀ ਨੇ ਦੋ ਫਰਵਰੀ ਨੂੰ ਮੀਟਿੰਗ ਕੀਤੀ ਹੈ ਅਤੇ ਇਹ ਕਮੇਟੀ ਨਿਵੇਕਲੇ ਰੂਪ ਵਿਚ ਬੈਠ ਕੇ ਸਾਰਥਕ ਵਿਚਾਰ-ਵਟਾਂਦਰਾ ਕਰਨਾ ਚਾਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸਬ-ਕਮੇਟੀ ਵੱਲੋਂ ਪਹਿਲਾਂ 22 ਦਸੰਬਰ ਨੂੰ ਮੀਟਿੰਗ ਰੱਖੀ ਗਈ ਸੀ ਪਰ ਉਹ ਹਾਜ਼ਰ ਨਹੀਂ ਹੋਏ। ਮੁੜ ਪੰਜ ਜਨਵਰੀ ਨੂੰ ਮੀਟਿੰਗ ਰੱਖੀ ਗਈ ਸੀ ਪਰ ਉਸ ਵੱਲੋਂ ਕੋਈ ਸੂਚਨਾ ਨਹੀਂ ਦਿੱਤੀ ਗਈ। ਹੁਣ ਤੀਜੀ ਵਾਰ ਸਬ-ਕਮੇਟੀ ਮੈਂਬਰਾਂ ਨੇ ਲੁਧਿਆਣਾ ਵਿਚ ਦੋ ਫਰਵਰੀ ਨੂੰ ਵਿਚਾਰ ਚਰਚਾ ਕੀਤੀ ਹੈ। ਸਬ-ਕਮੇਟੀ ਦੇ ਮੈਂਬਰਾਂ ਨੇ ਆਖਿਆ ਕਿ ਹੁਣ ਤਕ ਇਸ ਮਾਮਲੇ ਵਿਚ ਭਾਈ ਢੱਡਰੀਆਂ ਵਾਲਾ ਵੱਲੋਂ ਕੋਈ ਹਾਂ- ਪੱਖੀ ਹੁੰਗਾਰਾ ਨਹੀਂ ਮਿਲਿਆ ਪਰ ਇਸ ਦੇ ਬਾਵਜੂਦ ਸਬ-ਕਮੇਟੀ ਨੇ ਫ਼ੈਸਲਾ ਲਿਆ ਹੈ ਕਿ ਇਸ ਮਾਮਲੇ ਸਬੰਧੀ ਰਿਪੋਰਟ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪਣ ਤੋਂ ਪਹਿਲਾਂ ਉਸ ਨੂੰ ਵਿਚਾਰ-ਚਰਚਾ ਲਈ ਮੁਲਾਕਾਤ ਕਰਨ ਦਾ ਇਕ ਹੋਰ ਮੌਕਾ ਦਿੱਤਾ ਜਾਵੇ, ਜਿਸ ਤਹਿਤ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਇਸ ਵਾਰ ਉਸ ਨੂੰ ਆਪਣੀ ਸਹੂਲਤ ਮੁਤਾਬਕ ਦਿਨ ਅਤੇ ਸਮਾਂ ਤੈਅ ਕਰ ਕੇ ਸਬ-ਕਮੇਟੀ ਨਾਲ ਵਿਚਾਰ ਕਰਨ ਲਈ ਸੰਪਰਕ ਕਰਨ ਲਈ ਆਖਿਆ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਇੰਗਲੈਂਡ ਸਮੇਤ ਵੱਖ ਵੱਖ ਮੁਲਕਾਂ ਦੇ ਸਿੱਖ ਪ੍ਰਚਾਰਕਾਂ ਵੱਲੋਂ ਢੱਡਰੀਆਂਵਾਲਾ ਖ਼ਿਲਾਫ਼ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਇਸ ਮਾਮਲੇ ਨੂੰ ਵਿਚਾਰਨ ਲਈ ਸ੍ਰੀ ਅਕਾਲ ਤਖ਼ਤ ਵੱਲੋਂ ਸਿੱਖ ਵਿਦਵਾਨਾਂ ਦੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ।

Previous articleਢੀਂਡਸਾ ਪਿਓ-ਪੁੱਤਰ ਅਕਾਲੀ ਦਲ ’ਚੋਂ ਕੱਢੇ
Next articleਕ੍ਰਿਕਟ: ਰੋਹਿਤ ਨਿਊਜ਼ੀਲੈਂਡ ਦੌਰੇ ਤੋਂ ਬਾਹਰ