ਦੋਸਤੋ ਗੱਲ ਚਾਹੇ ਨੱਚਣ ਦੀ ਹੋਵੇ ਚਾਹੇ ਗਾਉਣ ਦੀ ਢੋਲ ਤੋਂ ਬਿਨਾ ਸੱਖਣਾ ਹੈ | ਢੋਲ ਸੰਗੀਤ ਦੀ ਦੁਨੀਆ ਦਾ ਐਸਾ ਵਿਲੱਖਣ ਸਾਜ ਹੈ ਜਿਸ ਨੂੰ ਮਿਊਜ਼ਿਕ ਦੀ ਦੁਨੀਆ ਵਿਚ ਬਹੁਤ ਅਹਿਮੀਅਤ ਹੈ ਤੇ ਢੋਲ ਦਾ ਡੱਗਾ ਵੱਜਦਿਆਂ ਹੀ ਢੋਲ ਦੀ ਤਾਲ ਤੇ ਪੱਥਰ ਵੀ ਥਿਰਕਣ ਲੱਗਦੇ ਹਨ| ਪੰਜਾਬ ਦਾ ਐਸਾ ਹੀ ਇਕ ਨਾਮਵਰ ਢੋਲੀ ਹੈ ਰਾਜਦੀਪ ਸਿੰਘ, ਜਿਸ ਦੇ ਢੋਲ ਦੇ ਡੱਗੇ ਨੇ ਪੂਰੀ ਮਿਊਜ਼ਿਕ ਇੰਡਸਟਰੀ ਵਿਚ ਪੂਰੀ ਧੂਮ ਮਚਾਈ ਹੋਈ ਹੈ| ਰਾਜਦੀਪ ਸਿੰਘ ਢੋਲੀ ਸੰਗੀਤ ਦਾ ਐਸਾ ਆਸ਼ਿਕ ਹੈ ਜਿਸ ਨੇ ਢੋਲ ਨੂੰ ਐਸੀ ਸੰਜੀਦਗੀ ਅਤੇ ਸੁਹਿਰਦਤਾ ਨਾਲ ਵਜਾਇਆ ਹੈ ਕਿ ਸੁਣਨ ਵਾਲੇ ਤੇ ਗਾਉਣ ਵਾਲੇ ਉਸ ਦੇ ਮੁਰੀਦ ਬਣ ਕੇ ਰਹਿ ਗਏ|
ਪਿਤਾ ਗੁਰਮੀਤ ਸਿੰਘ ਤੇ ਮਾਤਾ ਸ਼੍ਰੀਮਤੀ ਪਰਮਜੀਤ ਕੌਰ ਦੇ ਜਾਏ ਰਾਜਦੀਪ ਸਿੰਘ ਨੇ ਨਿੱਕੀ ਉਮਰੇ ਹੀ ਢੋਲ ਨਾਲ ਆਸ਼ਿਕੀ ਕਰ ਲਈ ਸੀ | ਜਿਲਾ ਅੰਮ੍ਰਿਤਸਰ ਦੇ ਪਿੰਡ ਬਹੋੜੂ ਵਿਚ 21 ਮਈ 1996 ਨੂੰ ਜਨਮੇ ਰਾਜਦੀਪ ਸਿੰਘ ਨੇ ਢੋਲ ਦੀਆ ਬਾਰੀਕੀਆਂ ਉਸਤਾਦ ਰੇਸ਼ਮ ਸਿੰਘ ਦੀ ਅਥਾਹ ਸੇਵਾ ਕਰ ਕੇ ਸਿੱਖੀਆ ਭੰਗੜੇ ਦੇ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿਚ ਢੋਲ ਪਲੇਅ ਕਰਨ ਤੋ ਬਾਅਦ ਪੰਜਾਬੀ ਗਾਣਿਆ ਵਿੱਚ ਢੋਲ ਪਲੇਅ ਕਰਨਾ ਸ਼ੁਰੂ ਕੀਤਾ | ਢੋਲ ਦੇ ਟਿਕਵੇ ਹੱਥ ਦੀਆ ਗੱਲਾਂ ਪੂਰੀ ਪੰਜਾਬੀ ਸੰਗੀਤ ਇੰਡਸਟਰੀ ਵਿਚ ਹੋਣ ਲੱਗ ਪਈਆ | ਅੱਜਕਲ ਦੇ ਜਿੰਨੇ ਵੀ ਪੰਜਾਬੀ ਲਾਈਵ ਪ੍ਰੋਗਰਾਮ ਹੁੰਦੇ ਹਨ ਅਕਸਰ ਹੀ ਸਟੇਜ ਉਪਰ ਰਾਜਦੀਪ ਸਿੰਘ ਦੀ ਸਮੂਲੀਅਤ ਜਰੂਰ ਹੁੰਦੀ ਹੈ | ਪੰਜਾਬ ਦੇ ਨਾਮੀ ਕਲਾਕਾਰ ਰਾਜਦੀਪ ਸਿੰਘ ਨੂੰ ਆਪਣੀ ਕਲਾਕਾਰੀ ਤੇ ਪੇਸ਼ਕਾਰੀ ਦਾ ਅਹਿਮ ਮੰਨਦੇ ਹਨ | ਪੰਜਾਬ ਦੇ ਨਾਮਵਰ ਗਾਇਕ ਇੰਦਰਜੀਤ ਨਿੱਕੂ, ਕੁਲਦੀਪ ਰੰਧਾਵਾ, ਸੁਰਜੀਤ ਭੁੱਲਰ ਵਰਗੇ ਅਨੇਕਾਂ ਨਾਮੀ ਕਲਾਕਾਰਾਂ ਨਾਲ ਕੰਮ ਕਰਕੇ ਆਪਣੀ ਕਲਾ ਦਾ ਮੁਜਾਹਰਾ ਕਰਦੇ ਹੋਏ ਰਾਜਦੀਪ ਸਿੰਘ ਨੇ ਕਾਫੀ ਨਾਮਣਾ ਖੱਟਿਆ ਹੈ| ਦਰਜਨਾਂ ਗਾਣਿਆਂ ਵਿਚ ਢੋਲ ਪਲੇਅ ਕਰ ਚੁੱਕੇ ਰਾਜਦੀਪ ਨੂੰ ਮਾਣ ਹੈ ਕਿ ਉਸ ਨੇ ਪੰਜਾਬ ਦੇ ਹਿੱਟ ਗਾਣਿਆਂ ਵਿਚ ਆਪਣੇ ਢੋਲ ਦੇ ਫਨ ਦਾ ਮੁਜਾਹਰਾ ਕੀਤਾ ਹੈ |ਪੰਜਾਬੀ ਸੰਗੀਤ ਇੰਡਸਟਰੀ ਨੂੰ ਵੀ ਰਾਜਦੀਪ ਸਿੰਘ ਵਰਗੇ ਮਹਿਨਤੀ ਹੀਰਿਆ ਤੇ ਮਾਣ ਹੈ| ਪਰਮਾਤਮਾ ਕਰੇ ਰਾਜਦੀਪ ਇਸੇ ਤਰਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੇਵਾ ਕਰਦਾ ਰਹੇ| ਆਮੀਨ !