ਸੰਗਰੂਰ- ਸੁਖਦੇਵ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਇੱਥੇ ‘ਪੰਜਾਬ ਬਚਾਓ-ਪੰਥ ਬਚਾਓ’ ਨਾਂ ਹੇਠ ਵੱਡੀ ਰੈਲੀ ਕਰ ਕੇ ਆਪਣੀ ਸਿਆਸੀ ਤਾਕਤ ਦਾ ਮੁਜ਼ਾਹਰਾ ਕੀਤਾ। ਢੀਂਡਸਿਆਂ ਨੇ ਇਸ ਮੌਕੇ ਲੋਕਾਂ ਤੋਂ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਬਰਖ਼ਾਸਤ ਕਰਨ ਦਾ ਮਤਾ ਵੀ ਪਾਸ ਕਰਵਾਇਆ ਤੇ ਬਾਦਲਾਂ ਨੂੰ ਉਨ੍ਹਾਂ ਦੇ ਹੀ ਅੰਦਾਜ਼ ਵਿਚ ਸਿਆਸੀ ਭਾਜੀ ਮੋੜ ਦਿੱਤੀ। ਦੋ ਫਰਵਰੀ ਨੂੰ ਇਸੇ ਥਾਂ ’ਤੇ ਢੀਂਡਸਾ ਪਿਤਾ-ਪੁੱਤਰ ਖ਼ਿਲਾਫ਼ ਅਕਾਲੀ ਦਲ ਨੇ ਮਤੇ ਪਾਸ ਕਰਵਾਏ ਸਨ। ਰੈਲੀ ਦੌਰਾਨ ਅਕਾਲ ਤਖ਼ਤ ਸਾਹਿਬ, ਐੱਸਜੀਪੀਸੀ ਅਤੇ ਹੋਰ ਪੰਥਕ ਸੰਸਥਾਵਾਂ ਨੂੰ ਇੱਕ ਪਰਿਵਾਰ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਦਾ ਅਹਿਦ ਲਿਆ ਗਿਆ। ਇਸ ਨੂੰ ਸੰਗਰੂਰ ਦੀ ਧਰਤੀ ਤੋਂ ਗੁਰਦੁਆਰਾ ਸੁਧਾਰ ਲਹਿਰ ਦੀ ਮੁੜ ਸ਼ੁਰੂਆਤ ਕਰਾਰ ਦਿੱਤਾ ਗਿਆ। ਇਸ ਮੌਕੇ ਬੇਅਦਬੀ ਦੀਆਂ ਘਟਨਾਵਾਂ ਤੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦੇ ਮੁੱਦੇ ਵੀ ਉੱਭਰੇ। ਬਾਦਲ ਪਰਿਵਾਰ ਹੀ ਜ਼ਿਆਦਾਤਰ ਬੁਲਾਰਿਆਂ ਦੇ ਨਿਸ਼ਾਨੇ ’ਤੇ ਰਿਹਾ। ਰੈਲੀ ਦੌਰਾਨ ਦੋ ਗੁਰਸਿੱਖ ਚੋਲੇ ਪਾ ਕੇ ‘ਸ਼੍ਰੋਮਣੀ ਅਕਾਲੀ ਦਲ’ ਤੇ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ (ਐੱਸਜੀਪੀਸੀ) ਨੂੰ ਗੁਲਾਮ ਦਰਸਾਉਂਦਿਆਂ ਸੰਗਲਾਂ ’ਚ ਜਕੜੇ ਹੋਏ ਖੜ੍ਹੇ ਸਨ। ਪਰਮਿੰਦਰ ਸਿੰਘ ਢੀਂਡਸਾ ਨੇ ਦੋਵਾਂ ਨੂੰ ‘ਗੁਲਾਮੀ ਤੋਂ ਆਜ਼ਾਦ ਕਰਾਉਣ ਦੀ ਰਸਮ’ ਵੀ ਅਦਾ ਕੀਤੀ। ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸੁਖਬੀਰ ਬਾਦਲ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ‘ਜੇਕਰ ਇੱਕ ਵਿਅਕਤੀ ਦੀ ਕਾਰਗੁਜ਼ਾਰੀ ਖ਼ਿਲਾਫ਼ ਬੋਲਣਾ ਪਿੱਠ ’ਚ ਛੁਰਾ ਮਾਰਨਾ ਹੈ ਤਾਂ ਅਸੀਂ ਪਿੱਠ ’ਚ ਛੁਰਾ ਜ਼ਰੂਰ ਮਾਰਿਆ ਹੈ ਪਰ ਜਿਨ੍ਹਾਂ ਨੇ ਸਿੱਖ ਕੌਮ ਤੇ ਸਿੱਖ ਪ੍ਰੰਪਰਾ ਦਾ ਘਾਣ ਕਰ ਦਿੱਤਾ, ਉਨ੍ਹਾਂ ਨੂੰ ਸਵਾਲ ਕੌਣ ਕਰੇਗਾ?’ ਉਨ੍ਹਾਂ ਕਿਹਾ ਕਿ ਭਾਵੇਂ ਸੁਖਬੀਰ ਬਾਦਲ ਵਲੋਂ ਇਸ ਥਾਂ ’ਤੇ ਰੈਲੀ ਨੂੰ ਉਨ੍ਹਾਂ ਦੇ ਪਰਿਵਾਰ ਦੀ ਅੰਤਿਮ ਅਰਦਾਸ ਕਰਾਰ ਦਿੱਤਾ ਗਿਆ ਸੀ ਪਰ ਉਹ ਆਪਣੇ ਦੁਸ਼ਮਣ ਬਾਰੇ ਵੀ ਅਜਿਹਾ ਨਹੀਂ ਸੋਚ ਸਕਦੇ। ਉਹ ਬਾਦਲ ਦੀ ਲੰਮੀ ਉਮਰ ਦੀ ਅਰਦਾਸ ਕਰਦੇ ਹਨ। ਸ੍ਰੀ ਢੀਂਡਸਾ ਨੇ ਸੰਗਤ ਤੋਂ ਮੁਆਫ਼ੀ ਵੀ ਮੰਗੀ ਕਿ ਉਨ੍ਹਾਂ ਨੂੰ ਫ਼ੈਸਲਾ ਲੈਣ ’ਚ ਦੇਰੀ ਹੋਈ ਹੈ। ਪਰਮਿੰਦਰ ਨੇ ਸੁਖਬੀਰ ਨੂੰ ਚੁਣੌਤੀ ਦਿੱਤੀ ਕਿ ਉਹ ਅਕਾਲੀ ਦਲ ਵੱਲੋਂ ਐੱਸਜੀਪੀਸੀ ਚੋਣਾਂ ਕਰਵਾਉਣ ਲਈ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਨੂੰ ਭੇਜਣ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਕੇਂਦਰ ’ਚ ਭਾਈਵਾਲ ਭਾਜਪਾ ਨੂੰ ਐੱਸਜੀਪੀਸੀ ਚੋਣਾਂ ਕਰਵਾਉਣ ਤੋਂ ਰੋਕ ਰਹੇ ਹਨ। ਉਨ੍ਹਾਂ ਕਾਂਗਰਸ ਸਰਕਾਰ ’ਤੇ ਬੇਅਦਬੀ ਤੇ ਨਸ਼ਿਆਂ ਖ਼ਿਲਾਫ਼ ਪੜਤਾਲਾਂ ਠੱਪ ਕਰਵਾਉਣ ਦਾ ਦੋਸ਼ ਲਾਇਆ। ਪਰਮਿੰਦਰ ਨੇ ਦੋਸ਼ ਲਾਇਆ ਕਿ ਐੱਸਜੀਪੀਸੀ ਪ੍ਰਧਾਨ ਗੁਰੂ ਘਰਾਂ ਦੀ ਸੇਵਾ ਛੱਡ ਬਾਦਲ ਪਰਿਵਾਰ ਦੀ ਸੇਵਾ ਵਿਚ ਜੁਟਿਆ ਹੋਇਆ ਹੈ।
ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅੱਜ ਦੀ ਰੈਲੀ ਨੇ ਸੁਖਬੀਰ ਬਾਦਲ ਦਾ ਹੰਕਾਰ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਰਵੀਇੰਦਰ ਸਿੰਘ, ਐਚ.ਐੱਸ. ਫੂਲਕਾ ਸਮੇਤ ਸਾਰੀਆਂ ਹਮਖ਼ਿਆਲ ਧਿਰਾਂ ਨਾਲ ਮਿਲ ਕੇ ਪਹਿਲਾਂ ਐੱਸਜੀਪੀਸੀ ਚੋਣਾਂ ਲੜੀਆਂ ਜਾਣਗੀਆਂ। ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਧਰਮ ਨੂੰ ਬਚਾਉਣ ਦੀ ਹੈ ਅਤੇ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਕਈ ਵੱਡੀਆਂ ਹਸਤੀਆਂ ਉਨ੍ਹਾਂ ਦੇ ਕਾਫ਼ਲੇ ’ਚ ਸ਼ਾਮਲ ਹੋਣਗੀਆਂ। ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਦੋਸ਼ ਲਾਇਆ ਕਿ ਬਾਦਲਾਂ ਨੇ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਡੇਰਾ ਮੁਖੀ ਨੂੰ ਮੁਆਫ਼ੀ ਦਿਵਾ ਕੇ ਸਮੁੱਚੇ ਪੰਥ ਨਾਲ ਦਗ਼ਾ ਕਮਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੋਈ ਵੀ ਅਣਖ਼ੀ ਸ਼ਖ਼ਸੀਅਤ ਸੁਖਬੀਰ ਬਾਦਲ ਨਾਲ ਨਹੀਂ ਚੱਲ ਸਕਦੀ। ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਅੱਜ ਸੰਗਰੂਰ ਦੀ ਧਰਤੀ ਤੋਂ ਮੁੜ ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ਹੋਈ ਹੈ। ਅਕਾਲੀ ਦਲ (1920) ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਕਿਹਾ ਕਿ ਜਦ ਤੱਕ ਗੁਰੂ ਘਰਾਂ ਨੂੰ ਇੱਕ ਪਰਿਵਾਰ ਦੇ ਕਬਜ਼ੇ ਤੋਂ ਮੁਕਤ ਨਹੀਂ ਕਰਵਾ ਲਿਆ ਜਾਂਦਾ ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗੇ। ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਵੀ ਬਾਦਲਾਂ ’ਤੇ ਹੀ ਨਿਸ਼ਾਨਾ ਸਾਧਿਆ। ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਬਰਗਾੜੀ ਤੇ ਬਹਿਬਲ ਕਲਾਂ ਦੀਆਂ ਘਟਨਾਵਾਂ ਲਈ ਜ਼ਿੰਮੇਵਾਰਾਂ ਨੂੰ ਸਿੱਖ ਕੌਮ ਤੋਂ ਮੁਆਫ਼ੀ ਮੰਗਵਾ ਕੇ ਛੱਡਾਂਗੇ। ਰੈਲੀ ਦੌਰਾਨ ਗੁਰਬਚਨ ਸਿੰਘ ਬਚੀ ਵਲੋਂ 12 ਮਤੇ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਸੰਗਤ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ। ਇਸ ਮੌਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ, ਐੱਸਜੀਪੀਸੀ ਮੈਂਬਰ ਮਲਕੀਤ ਸਿੰਘ ਚੰਗਾਲ, ਰਾਮਪਾਲ ਸਿੰਘ ਬਹਿਣੀਵਾਲ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਕਰਨੈਲ ਸਿੰਘ ਪੀਰਮੁਹੰਮਦ, ਗੁਰਸੇਵ ਸਿੰਘ ਹਰਪਾਲਪੁਰ, ਰਾਜਿੰਦਰ ਸਿੰਘ ਕਾਂਝਲਾ, ਉਜਾਗਰ ਸਿੰਘ ਬਡਾਲੀ, ਸੁਖਵੰਤ ਸਿੰਘ ਸਰਾਓ, ਹਰਦੇਵ ਸਿੰਘ ਰੋਗਲਾ, ਪ੍ਰਿਤਪਾਲ ਸਿੰਘ ਹਾਂਡਾ, ਅਬਦੁਲ ਗੁਫ਼ਾਰ ਤੇ ਹੋਰ ਹਾਜ਼ਰ ਸਨ।
HOME ਢੀਂਡਸਿਆਂ ਨੇ ਰੈਲੀ ਕਰ ਕੇ ਬਾਦਲਾਂ ਨੂੰ ਭਾਜੀ ਮੋੜੀ