ਪਟਿਆਲਾ (ਸਮਾਜਵੀਕਲੀ) : ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਕੇ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਆਪਣੀ ਨਵੀਂ ਪਾਰਟੀ ਦੀ ਸਥਾਪਨਾ 7 ਜੁਲਾਈ ਨੂੰ ਕੀਤੀ ਜਾ ਰਹੀ ਹੈ। ਇਸ ਸਬੰਧੀ ਲੁਧਿਆਣਾ ’ਚ ਮੀਟਿੰਗ ਰੱਖੀ ਗਈ ਹੈ। ਇਹ ਜਾਣਕਾਰੀ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਹਲਕਾ ਸਨੌਰ ਦੇ ਪਿੰਡ ਕੌਲੀ ਵਿਚ ਤੇਜਿੰਦਰਪਾਲ ਸਿੰੰਘ ਸੰਧੂ, ਉਨ੍ਹਾਂ ਦੀ ਪਤਨੀ ਅਨੂਪਿੰਦਰ ਸੰਧੂ ਤੇ ਉਨ੍ਹਾਂ ਦੇ ਵੱਡੀ ਗਿਣਤੀ ਹਮਾਇਤੀਆਂ ਨੂੰ ਆਪਣੀ ਧਿਰ ’ਚ ਸ਼ਾਮਲ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਇਹ ਵੀ ਦੱਸਣਾ ਬਣਦਾ ਹੈ ਕਿ ਸੰਧੂ ਤੇ ਉਨ੍ਹਾਂ ਦੀ ਪਤਨੀ ਨੇ ਇੱਕ ਦਿਨ ਪਹਿਲਾਂ ਹੀ ਕਾਂਗਰਸ ਤੋਂ ਅਸਤੀਫ਼ਾ ਦਿੱਤਾ ਸੀ।
ਸ੍ਰੀ ਢੀਂਡਸਾ ਨੇ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਰਾਜਨੀਤੀ ਪੰਥਕ ਰਵਾਇਤਾਂ ਅਤੇ ਸਿਧਾਂਤਾਂ ਤੋਂ ਥਿੜਕ ਚੁੱਕੀ ਹੈ। ਇਸ ਤੋਂ ਪਹਿਲਾਂ ਪਾਰਟੀ ਵਿਚ ਨਵੇਂ ਸ਼ਾਮਲ ਹੋਏ ਰਣਧੀਰ ਰੱਖੜਾ ਦਾ ਵੀ ਢੀਂਡਸਾ ਨੇ ਸਵਾਗਤ ਕੀਤਾ। ਇਸ ਮੌਕੇ ਢੀਂਡਸਾ ਗੁੱਟ ਦੇ ਸੀਨੀਅਰ ਆਗੂ ਗੁਰਬਚਨ ਬਚੀ, ਸੁਖਵੰਤ ਸਰਾਓ ਤੇ ਅਕਾਲੀ ਦਲ ਟਕਸਾਲੀ ਦੇ ਆਗੂ ਗੁਰਸੇਵ ਹਰਪਾਲਪੁਰ ਤੇ ਹੋਰ ਆਗੂ ਮੌਜੂਦ ਸਨ।
ਢੀਂਡਸਾ ਗੁੱਟ ਦੀ ਨਵੀਂ ਪਾਰਟੀ ਬਾਰੇ ਭਾਵੇਂ ਭਲਕੇ ਹੀ ਸਪਸ਼ਟ ਹੋਵੇਗਾ ਪਰ ਇਸ ਦਾ ਨਾਮ ਸ਼੍ਰੋਮਣੀ ਪੰਥਕ ਦਲ ਰੱਖੇ ਜਾਣ ਦੀ ਚਰਚਾ ਹੈ ਜਿਸ ਦੀ ਆਪਣੀ ਵੱਖਰੀ ਹੋਂਦ ਹੋਵੇਗੀ। ਸ੍ਰੀ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੋਵੇਂ ਹੱਥੀਂ ਲੁੱਟ ਰਹੇ ਹਨ ਤੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਵੀ ਘਾਣ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਚੁੰਗਲ਼ ਵਿਚੋਂ ਕੱਢਣ ਅਤੇ ਅਕਾਲੀ ਦਲ ਦੀ ਸਾਖ ਬਹਾਲ ਕਰਨ ਸਮੇਤ ਪੰਜਾਬ ਅਤੇ ਪੰਜਾਬੀਅਤ ਦੇ ਹਿੱਤਾਂ ਲਈ ਜਦੋ ਜਹਿਦ ਕਰਨਾ ਉਨ੍ਹਾਂ ਦੀ ਪਾਰਟੀ ਦੇ ਮੁੱਖ ਏਜੰਡੇ ਹੋਣਗੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੀ ਬਾਦਲ ਸਰਕਾਰ ਦੇ ਹੀ ਪਦ ਚਿੰਨ੍ਹਾਂ ’ਤੇ ਹੀ ਚੱਲ ਰਹੀ ਹੈ। ਇਸ ਸਰਕਾਰ ਵੇਲੇ ਵੀ ਰੇਤ ਤੇ ਸ਼ਰਾਬ ਮਾਫੀਆ ਦਾ ਹੀ ਰਾਜ ਹੈ।