ਚੰਡੀਗੜ੍ਹ (ਸਮਾਜਵੀਕਲੀ): ਯੂਟੀ ਪ੍ਰਸ਼ਾਸਨ ਨੇ ਪਹਿਲੀ ਅਪਰੈਲ ਤੋਂ 15 ਜੂਨ ਤੱਕ (ਢਾਈ ਮਹੀਨੇ) ਦੇ ਬਿਜਲੀ ਬਿੱਲਾਂ ਵਿੱਚੋਂ 25 ਫ਼ੀਸਦ ਬਿੱਲਾਂ ਦੀ ਰਕਮ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਪ੍ਰਸ਼ਾਸਨ ਵੱਲੋਂ ਬਿਜਲੀ ਬਿੱਲਾਂ ’ਚ ਛੋਟ ਇਹ ਸਹੂਲਤ ਹਰ ਤਰ੍ਹਾਂ ਦੇ ਖ਼ਪਤਕਾਰਾਂ ਨੂੰ ਦਿੱਤੀ ਗਈ ਹੈ। ਇਸ ਗੱਲ ਦਾ ਪ੍ਰਗਟਾਵਾ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਕੋਵਿਡ-19 ਦੀ ਸਮੀਖਿਆ ਬੈਠਕ ਦੌਰਾਨ ਕੀਤਾ।
ਇਸੇ ਤਰ੍ਹਾਂ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ 8 ਜੂਨ ਤੋਂ ਸਾਰੇ ਸ਼ਾਪਿੰਗ ਮਾਲਜ਼, ਧਾਰਮਿਕ ਸਥਾਨ, ਹੋਟਲ ਤੇ ਰੈਸਤਰਾਂ ਨੂੰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸੇ ਦੌਰਾਨ ਸਮਾਜਿਕ ਦੂਰੀ ਅਤੇ ਸਿਹਤ ਵਿਭਾਗ ਦੇ ਆਦੇਸ਼ਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ। ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਦੱਸਿਆ ਕਿ ਇਨ੍ਹਾਂ ਸਥਾਨਾਂ ’ਤੇ ਹਰ ਕਿਸੇ ਵੱਲੋਂ ਮਾਸਕ ਪਹਿਨਣਾ ਅਤੇ ਸੋਸ਼ਲ ਡਿਸਟੈਂਸ ਕਾਇਮ ਰੱਖਣਾ ਜ਼ਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਯੂਟੀ ਦੇ ਪ੍ਰਸ਼ਾਸਕ ਸ੍ਰੀ ਬਦਨੌਰ ਨੇ ਕਿਹਾ ਕਿ ਲੰਘੇ ਦਿਨ ਸੈਕਟਰ-16 ਦੇ ਸਰਕਾਰੀ ਹਸਪਤਾਲ ’ਚ ਚਾਰ ਹਜ਼ਾਰ ਓਪੀਡੀ ਮਰੀਜ਼ਾਂ ਦੀ ਜਾਂਚ ਕੀਤੀ ਗਈ ਸੀ ਜੋ ਕਿ ਰਾਹਤ ਵਾਲੀ ਗੱਲ ਹੈ। ਉਨ੍ਹਾਂ ਹੋਰਨਾਂ ਮੈਡੀਕਲ ਸੰਸਥਾਵਾਂ ਨੂੰ ਵੀ ਓਪੀਡੀਜ਼ ਦੀ ਗਿਣਤੀ ਵਧਾਉਣ ’ਤੇ ਜ਼ੌਰ ਦਿੱਤਾ। ਪ੍ਰਸ਼ਾਸਕ ਨੇ ਪ੍ਰਮੁੱਖ ਸਕੱਤਰ (ਸਿਹਤ) ਨੂੰ ਆਦੇਸ਼ ਦਿੱਤੇ ਕਿ ਗੁਆਂਢੀ ਸੂਬਿਆਂ ਨੂੰ ਕਿਹਾ ਜਾਵੇ ਕਿ ਬਿਨਾਂ ਕਰੋਨਾ ਟੈਸਟ ਤੋਂ ਕਿਸੇ ਵੀ ਮਰੀਜ਼ ਨੂੰ ਚੰਡੀਗੜ੍ਹ ਨਾ ਭੇਜਿਆ ਜਾਵੇ।
ਨਗਰ ਨਿਗਮ ਦੇ ਕਮਿਸ਼ਨਰ ਕੇ.ਕੇ. ਯਾਦਵ ਨੇ ਸ਼ਹਿਰ ਦੇ ਹੇਅਰ ਡਰੈੱਸਰਜ਼ ਨੂੰ ਕੱਟੇ ਹੋਏ ਵਾਲਾਂ ਨੂੰ ਧਿਆਨ ਨਾਲ ਸੁੱਟਣ ਲਈ ਪ੍ਰੇਰਿਆ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਸੇਲਜ਼ਮੈਨਾਂ ਨੂੰ ਗਾਹਕਾਂ ਦੇ ਹੱਥ ਸੈਨੀਟਾਈਜ਼ ਕਰਵਾਉਣ ਦੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਯੂਟੀ ਪ੍ਰਸ਼ਾਸਨ ਵੱਲੋਂ ਲੌਕਡਾਊਨ ਦੌਰਾਨ 60 ਲੱਖ ਤੋਂ ਵਧ ਵਿਅਕਤੀਆਂ ਤੱਕ ਤਿਆਰ ਭੋਜਨ ਪਹੁੰਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚਲੇ 3 ਲੱਖ 31 ਹਜ਼ਾਰ ਲੋਕਾਂ ਵੱਲੋਂ ਅਰੋਗਿਆ ਸੇਤੂ ਐਪ ਡਾਊਨਲੋਡ ਕੀਤਾ ਗਿਆ ਹੈ ਜਦਕਿ ਹੋਰਨਾਂ ਲੋਕਾਂ ਨੂੰ ਐਪ ਡਾਉਨਲੋਡ ਕਰਨ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਰੋਗਿਆ ਸੇਤੂ ਐਪ ਕਰੋਨਾਵਾਇਰਸ ਦੇ ਦੌਰ ਵਿੱਚ ਹਰ ਕਿਸੇ ਲਈ ਲਾਹੇਵੰਦ ਹੈ।