ਢਕੋਲੀ ਥਾਣਾ ਮੁਖੀ ਦੀ ਬਦਲੀ ਮਗਰੋਂ ਮਾਈਨਿੰਗ ਮਾਫ਼ੀਆ ਦੇ ਹੌਸਲੇ ਬੁਲੰਦ

ਹਲਕਾ ਡੇਰਾਬਸੀ ਵਿੱਚ ਮਾਈਨਿੰਗ ਮਾਫੀਆ ਦੇ ਕਥਿਤ ਦਬਾਅ ਹੇਠ ਢਕੋਲੀ ਦੇ ਥਾਣਾ ਮੁਖੀ ਸਹਾਇਕ ਇੰਸਪੈਕਟਰ ਜਗਜੀਤ ਸਿੰਘ ਦੀ ਬਦਲੀ ਮਗਰੋਂ ਹੁਣ ਮਾਫੀਆ ਦੇ ਹੌਸਲੇ ਬੁਲੰਦ ਹਨ। ਇਨ੍ਹਾਂ ਵੱਲੋਂ ਲੰਘੀ ਰਾਤ ਘੱਗਰ ਨਦੀ ਤੋਂ ਭਾਰੀ ਵਾਹਨ ਲੰਘਾਉਣ ਲਈ ਮੁਬਾਰਿਕਪੁਰ ਘੱਗਰ ਨਦੀ ’ਤੇ ਉਸਾਰੇ ਕਾਜ਼ਵੇਅ ਦੇ ਬੈਰੀਕੇਡ ਤੋੜ ਦਿੱਤੇ ਗਏ ਹਨ ਜਦਕਿ ਇਹ ਕਾਜ਼ਵੇਅ ਸਿਰਫ਼ ਹਲਕੇ ਵਾਹਨਾਂ ਲਈ ਬਣਾਇਆ ਗਿਆ ਹੈ। ਭਾਰੀ ਵਾਹਨ ਰੋਕਣ ਲਈ ਇਸਦੇ ਦੋਵੇਂ ਪਾਸੇ ਬੈਰੀਕੇਡ ਲਾਏ ਗਏ ਸਨ। ਇਸ ਤੋਂ ਅੱਗੇ ਮੁਬਾਰਿਕਪੁਰ ਪੁਲੀਸ ਵੱਲੋਂ ਨਾਜਾਇਜ਼ ਮਾਈਨਿੰਗ ਰੋਕਣ ਲਈ ਕਥਿਤ ਤੌਰ ’ਤੇ ਦਿਖਾਵੇ ਲਈ ਨਾਕਾ ਲਾਇਆ ਹੋਇਆ ਹੈ ਜਦਕਿ ਮਾਫੀਆ ਚੋਰੀ ਦੀ ਗਰੈਵਲ ਅਤੇ ਰੇਤ ਦੇ ਭਰੇ ਵਾਹਨ ਲੈ ਕੇ ਕਾਜ਼ਵੇਅ ਤੋਂ ਜ਼ੀਰਕਪੁਰ ਦੇ ਢਕੋਲੀ ਖੇਤਰ ਵਿੱਚ ਲੰਘ ਜਾਂਦਾ ਹੈ। ਭਾਰੀ ਵਾਹਨਾਂ ਕਾਰਨ ਇਸ ਕਾਜ਼ਵੇਅ , ਜੋ ਡੇਰਾਬਸੀ ਅਤੇ ਜ਼ੀਰਕਪੁਰ ਦੇ ਦਰਜਨਾਂ ਪਿੰਡਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ, ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਇਕੱਤਰ ਜਾਣਕਾਰੀ ਅਨੁਸਾਰ ਡੇਰਾਬਸੀ ਵਿੱਚੋਂ ਲੰਘਦੀ ਘੱਗਰ ਨਦੀ ਅਤੇ ਇਸਦੀ ਨੇੜਲੀ ਨਿੱਜੀ ਜ਼ਮੀਨਾਂ ਵਿੱਚ ਨਾਜਾਇਜ਼ ਮਾਈਨਿੰਗ ਨੂੰ ਰੋਕਣ ਵਿੱਚ ਪੁਲੀਸ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ। ਇਲਾਕੇ ਵਿੱਚ ਹੁੰਦੀ ਨਾਜਾਇਜ਼ ਮਾਈਨਿੰਗ ਦਾ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਨੋਟਿਸ ਲੈਂਦਿਆਂ ਡੇਰਾਬਸੀ ਦੇ ਤਤਕਾਲੀ ਐੱਸ.ਡੀ.ਐੱਮ. ਪਰਮਦੀਪ ਸਿੰਘ ਦੀ ਬਦਲੀ ਕਰਨ ਮਗਰੋਂ ਵਿਭਾਗੀ ਜਾਂਚ ਖੋਲ੍ਹਣ ਅਤੇ ਤਤਕਾਲੀ ਡੀ.ਐੱਸ.ਪੀ. ਪੁਰਸ਼ੋਤਮ ਸਿੰਘ ਬੱਲ ਤੇ ਤਤਕਾਲੀ ਥਾਣਾ ਮੁਖੀ ਡੇਰਾਬੱਸੀ ਸਰਬਜੀਤ ਸਿੰਘ ਚੀਮਾ ਨੂੰ ਮੁਅੱਤਲ ਕਰਨ ਮਗਰੋਂ ਵਿਜੀਲੈਂਸ ਜਾਂਚ ਸ਼ੁਰੂ ਕਰ ਦਿੱਤੀ ਸੀ। ਮੁੱਖ ਮੰਤਰੀ ਵੱਲੋਂ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਦਿੱਤੇ ਇਸ ਸਖ਼ਤ ਸੁਨੇਹੇ ਮਗਰੋਂ ਲੰਮਾ ਸਮਾਂ ਹਲਕਾ ਡੇਰਾਬਸੀ ਵਿੱਚ ਨਾਜਾਇਜ਼ ਮਾਈਨਿੰਗ ਬਿਲਕੁਲ ਬੰਦ ਰਹੀ ਪਰ ਹੁਣ ਮੁੜ ਤੋਂ ਮੁੱਖ ਮੰਤਰੀ ਦੀ ਘੁਰਕੀ ਨੂੰ ਭੁੱਲ ਕੇ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀ ਨਾਜਾਇਜ਼ ਮਾਈਨਿੰਗ ਕਰਵਾਉਣ ਲੱਗ ਗਏ ਹਨ। ਇਥੋਂ ਦੀ ਘੱਗਰ ਨਦੀ ਵਿਚ ਮੁਬਾਰਿਕਪੁਰ, ਕਕਰਾਲੀ ਖੇਤਰ ਵਿੱਚ ਹਨੇਰਾ ਹੁੰਦੇ ਹੀ ਮਾਈਨਿੰਗ ਮਾਫੀਆ ਜੇ.ਸੀ.ਬੀ. ਤੇ ਪੌਕਲੈਨ ਮਸ਼ੀਨਾਂ ਲੈ ਕੇ ਘੱਗਰ ਨਦੀ ਵਿੱਚ ਉੱਤਰ ਜਾਂਦਾ ਹੈ ਅਤੇ ਟਰੈਕਟਰ-ਟਰਾਲੀਆਂ ਤੇ ਟਿੱਪਰਾਂ ਵਿੱਚ ਚੋਰੀ ਦੀ ਰੇਤ ਤੇ ਗਰੈਵਲ ਭਰ ਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਰਗੜਾ ਲਾ ਰਿਹਾ ਹੈ। ਦੂਜੇ ਪਾਸੇ ਪੁਲੀਸ ਅਧਿਕਾਰੀਆਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਢਕੋਲੀ ਥਾਣਾ ਮੁਖੀ ਦੀ ਬਦਲੀ ਮਗਰੋਂ ਹੁਣ ਕੋਈ ਵੀ ਪੁਲੀਸ ਅਧਿਕਾਰੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਦਾ ਹੌਸਲਾ ਨਹੀਂ ਕਰ ਰਿਹਾ ਜਦਕਿ ਪੂਰੇ ਇਲਾਕੇ ਵਿੱਚ ਧੜੱਲੇ ਨਾਲ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ। ਐੱਸ.ਡੀ.ਐੱਮ. ਪਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਰੋਜ਼ਾਨਾ ਰਾਤ ਨੂੰ ਗਸ਼ਤ ਕੀਤੀ ਜਾਂਦੀ ਹੈ ਤੇ ਲੰਘੇ ਦਿਨੀਂ ਰੇਤ ਦੀ ਚੋਰੀ ਕਰ ਰਹੇ ਦੋ ਵਾਹਨਾਂ ਨੂੰ ਕਾਬੂ ਕਰ ਕੇਸ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਥਾਣਾ ਮੁਖੀ ਇੰਸਪੈਕਟਰ ਡੇਰਾਬੱਸੀ ਨੇ ਕਿਹਾ ਕਿ ਲੰਘੀ ਰਾਤ ਉਹ ਮੁਬਾਰਿਕਪੁਰ ਖੇਤਰ ਵਿੱਚ ਗਸ਼ਤ ਕਰ ਰਹੇ ਸੀ ਜਿਥੇ ਕੋਈ ਵੀ ਨਾਜਾਇਜ਼ ਮਾਈਨਿੰਗ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕਾਜ਼ਵੇਅ ਦਾ ਬੈਰੀਕੇਡ ਤੋੜਨ ਦੀ ਉਹ ਜਾਂਚ ਕਰਨਗੇ ਅਤੇ ਪੀ.ਡਬਲਿਊ.ਡੀ. ਵਿਭਾਗ ਨਾਲ ਰਾਬਤਾ ਕਾਇਮ ਕਰ ਮੁੜ ਬੈਰੀਕੇਡ ਲਗਵਾਉਣਗੇ।

Previous articleਬਸਪਾ ਆਗੂ ਦੇ ਪੁੱਤਰ ਨੇ ਅਦਾਲਤ ’ਚ ਆਤਮ ਸਮਰਪਣ ਕੀਤਾ
Next articleਤਾਰ ਅਤੇ ਸਪੋਰਟ ਟੁੱਟਣ ਕਾਰਨ ਝੂਲਾ ਬੇਕਾਬੂ, ਬੱਚੀ ਜ਼ਖ਼ਮੀ