ਚੰਡੀਗੜ੍ਹ– ਡੱਡੂਮਾਜਰਾ ਸਥਿਤ ਡੰਪਿੰਗ ਗਰਾਊਡ ਦੇ ਆਸਪਾਸ ਰਹਿਣ ਵਾਲੇ ਲੋਕਾਂ ਨੂੰ ਕੂੜੇ ਦੇ ਢੇਰਾਂ ਤੋਂ ਨਿਜਾਤ ਮਿਲਣ ਦੀ ਆਸ ਬੱਝੀ ਹੈ। ਨਿਗਮ ਦੀ ਯੋਜਨਾ ਅਨੁਸਾਰ ਇਸ ਡੰਪਿੰਗ ਗਰਾਊਂਡ ਦੇ ਕੂੜੇ ਦੀ ਬਾਇਓ-ਮਾਈਨਿੰਗ ਰਾਹੀਂ ਨਿਪਟਾਰਾ ਕੀਤਾ ਜਾਵੇਗਾ। ਇਸ ਪ੍ਰਾਜੈਕਟ ਦਾ ਅੱਜ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਉਦਘਾਟਨ ਕੀਤਾ। ਚੰਡੀਗੜ੍ਹ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਇਸ ਯੋਜਨਾ ਨੂੰ ਲੈਕੇ ਨਾਗਪੁਰ ਦੀ ਇੱਕ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ। ਨਿਗਮ ਨਾਲ ਹੋਏ ਸਮਝੌਤੇ ਅਨੁਸਾਰ ਇਸ ਕਾਰਜ ਨੂੰ ਕੰਪਨੀ ਵਲੋਂ ਡੇਢ ਸਾਲ ਵਿੱਚ ਪੂਰਾ ਕੀਤਾ ਜਾਵੇਗਾ। ਕੰਪਨੀ ਵੱਲੋਂ ਇਸ ਥਾਂ ਤੋਂ ਕੂੜਾ ਚੁੱਕ ਕੇ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਵਿੱਚ ਪਹੁੰਚਾਇਆ ਜਾਵੇਗਾ।
ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਬਦਨੌਰ ਨੇ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਲਗਪਗ 5 ਲੱਖ ਮੀਟ੍ਰਿਕ ਟਨ ਰਹਿੰਦ-ਖੂੰਹਦ, ਜੋ ਪਿਛਲੇ 20 ਸਾਲਾਂ ਤੋਂ ਇਥੇ ਪਿਆ ਹੈ, ਦਾ ਵਿਗਿਆਨਿਕ ਢੰਗ ਨਾਲ ਖਨਣ ਕੀਤਾ ਜਾਵੇਗਾ। ਇਸ ਮੌਕੇ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿ ਇਹ ਪ੍ਰਾਜੈਕਟ ਡੇਢ ਸਾਲ ਵਿੱਚ ਪੂਰਾ ਕੀਤਾ ਜਾਵੇਗਾ ਜਿਸ ’ਤੇ 33 ਕਰੋੜ ਰੁਪਏ ਖਰਚ ਕੀਤੇ ਜਾਣਗੇ। ਪ੍ਰਸ਼ਾਸਨ ਵੱਲੋਂ ਹਰ ਮਹੀਨੇ ਇਸ ਪ੍ਰਾਜੈਕਟ ਦੇ ਕਾਰਜਸ਼ੀਲਤਾ ਦਾ ਮੁਆਇਨਾ ਕੀਤਾ ਜਾਵੇਗਾ। ਇਸ ਮੌਕੇ ਹਾਜ਼ਰ ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਉਹ ਤਾਂ ਹਰ ਪੰਦਰਾਂ ਦਿਨਾਂ ਬਾਅਦ ਇਸ ਪ੍ਰਾਜੈਕਟ ਦਾ ਮੁਆਇਨਾ ਕਰਨ ਆਏਗੀ। ਉਨ੍ਹਾਂ ਨੇ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਵਾਉਣ ਲਈ ਮੇਅਰ ਰਾਜੇਸ਼ ਕਾਲੀਆ ਅਤੇ ਇਲਾਕਾ ਕੌਂਸਲਰ ਫਰਮਿਲਾ ਦੇਵੀ ਦੀ ਸਲਾਘਾ ਕੀਤੀ।
ਇਸ ਮੌਕੇ ਮੇਅਰ ਰਾਜੇਸ਼ ਕੁਮਾਰ ਕਾਲੀਆ ਨੇ ਕਿਹਾ ਕਿ ਉਨ੍ਹਾਂ ਨੇ ਛੋਟੀ ਉਮਰ ਤੋਂ ਹੀ ਡੱਡੂਮਾਜਰਾ ਵਿੱਚ ਇਸ ਡੰਪਿੰਗ ਸਾਈਟ ਖ਼ਿਲਾਫ਼ ਅੰਦੋਲਨ ਕੀਤਾ ਸੀ ਅਤੇ ਹੁਣ ਇਹ ਸਮੱਸਿਆ ਹੱਲ ਹੋਣ ਵਾਲੀ ਹੈ। ਉਨ੍ਹਾਂ ਨੇ ਸਮਾਜ ਸੇਵੀ ਤੇ ਦਲਿਤ ਰੱਖਿਆ ਦਲ ਦੇ ਪ੍ਰਧਾਨ ਨਰਿੰਦਰ ਚੌਧਰੀ ਅਤੇ ਡੱਡੂਮਾਜਰਾ ਡੰਪਿੰਗ ਗਰਾਊਂਡ ਜੁਆਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਦਿਆਲ ਕ੍ਰਿਸ਼ਨ ਵੱਲੋਂ ਸਮੇਂ ਸਮੇਂ ’ਤੇ ਡੰਪਿੰਗ ਗਰਾਊਂਡ ਦਾ ਮਾਮਲਾ ਉਭਾਰਨ ਦਾ ਜ਼ਿਕਰ ਵੀ ਕੀਤਾ।
INDIA ਡੱਡੂਮਾਜਰਾ ਡੰਪਿੰਗ ਗਰਾਊਂਡ ਹੋਵੇਗਾ ਕੂੜਾ-ਮੁਕਤ